
ਮੁਕਾਬਲੇ ਵਿਚ ਮਾਰੇ ਗਏ ਸੀ 10 ਸਿੱਖ
ਨਵੀਂ ਦਿੱਲੀ: ਇਲਾਹਾਬਾਦ ਹਾਈ ਕੋਰਟ ਨੇ 1991 ਦੇ ਪੀਲੀਭੀਤ ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ ਵਿਚ ਆਈਪੀਸੀ ਦੀ ਧਾਰਾ 304 ਭਾਗ I ਤਹਿਤ 43 ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਿਸ ਵਿਚ 10 ਸਿੱਖਾਂ ਨੂੰ ਕਥਿਤ ਝੂਠੇ ਮੁਕਾਬਲੇ ਵਿਚ ਦਹਿਸ਼ਤਗਰਦ ਸਮਝਦਿਆਂ ਮਾਰ ਦਿੱਤਾ ਗਿਆ ਸੀ।
ਜਸਟਿਸ ਰਮੇਸ਼ ਸਿਨਹਾ ਅਤੇ ਜਸਟਿਸ ਸਰੋਜ ਯਾਦਵ ਦੀ ਬੈਂਚ ਨੇ ਕਿਹਾ, "ਇਹ ਪੁਲਿਸ ਅਧਿਕਾਰੀਆਂ ਦਾ ਫਰਜ਼ ਨਹੀਂ ਹੈ ਕਿ ਉਹ ਦੋਸ਼ੀ ਨੂੰ ਸਿਰਫ਼ ਇਸ ਲਈ ਮਾਰ ਦੇਵੇ ਕਿਉਂਕਿ ਉਹ ਇਕ ਅਪਰਾਧੀ ਹੈ”। ਅਦਾਲਤ ਵਿਸ਼ੇਸ਼ ਜੱਜ, ਸੀਬੀਆਈ ਦੁਆਰਾ ਦਿੱਤੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੇ 43 ਅਪੀਲਕਰਤਾਵਾਂ/ਪੁਲਿਸ ਦੁਆਰਾ ਦਾਖ਼ਲ ਕੀਤੀ ਗਈ ਅਪੀਲ ’ਤੇ ਸੁਣਵਾਈ ਕਰ ਰਹੀ ਸੀ। ਵਧੀਕ ਜ਼ਿਲ੍ਹਾ ਜੱਜ ਲਖਨਊ ਨੇ ਅਪ੍ਰੈਲ 2016 ਵਿਚ ਉਹਨਾਂ ਨੂੰ ਧਾਰਾ 120-ਬੀ, 302, 364, 365, 218, 117 ਆਈਪੀਸੀ ਦੇ ਤਹਿਤ ਦੋਸ਼ੀ ਠਹਿਰਾਇਆ ਸੀ।
ਇਸਤਗਾਸਾ ਪੱਖ ਮੁਤਾਬਕ 12 ਜੁਲਾਈ 1991 ਨੂੰ ਕੁਝ ਸਿੱਖ ਸ਼ਰਧਾਲੂ ਇਕ ਬੱਸ ਵਿਚ ਪੀਲੀਭੀਤ ਤੋਂ ਤੀਰਥ ਯਾਤਰਾ ਲਈ ਜਾ ਰਹੇ ਸਨ। ਇਸ ਬੱਸ ਵਿਚ ਬੱਚੇ ਅਤੇ ਔਰਤਾਂ ਵੀ ਸਨ। ਪੁਲਿਸ ਨੇ ਇਸ ਬੱਸ ਨੂੰ ਰੋਕ ਕੇ 11 ਲੋਕਾਂ ਨੂੰ ਉਤਾਰ ਲਿਆ ਗਿਆ। ਇਹਨਾਂ ਵਿਚੋਂ 10 ਸਿੱਖਾਂ ਨੂੰ ਵੱਖ-ਵੱਖ ਥਾਣਿਆਂ ਵਿਚ ਮਾਰ ਕੇ ਐਨਕਾਊਂਟਰਵਜੋਂ ਦਿਖਾਇਆ ਗਿਆ। ਜਾਣਕਾਰੀ ਅਨੁਸਾਰ 11ਵਾਂ ਸਿੱਖ ਬੱਚਾ ਸੀ ਜਿਸ ਦਾ ਹੁਣ ਤੱਕ ਕੋਈ ਸੁਰਾਗ ਨਹੀਂ ਮਿਲਿਆ।