
ਪਹਿਲਾ ਰਾਫ਼ੇਲ ਜਹਾਜ਼ ਪਿਛਲੇ ਸਾਲ ਜੁਲਾਈ ਮਹੀਨੇ ਵਿਚ ਦੇਸ਼ ਆਇਆ ਸੀ।
ਨਵੀਂ ਦਿੱਲੀ: ਫਰਾਂਸ ਨਾਲ ਹੋਏ ਸੌਦੇ ਤਹਿਤ ਲੜਾਕੂ ਜਹਾਜ਼ ਰਾਫ਼ੇਲ ਦੀ ਡਿਲੀਵਰੀ ਅੱਜ ਯਾਨੀ ਵੀਰਵਾਰ ਨੂੰ ਪੂਰੀ ਹੋ ਗਈ ਹੈ। ਭਾਰਤ ਵਿਚ ਆਖ਼ਰੀ ਅਤੇ 36ਵੇਂ ਰਾਫੇਲ ਜਹਾਜ਼ ਦੀ ਲੈਂਡਿੰਗ ਨਾਲ ਦੇਸ਼ ਨੂੰ 36 ਰਾਫੇਲ ਲੜਾਕੂ ਜਹਾਜ਼ ਮਿਲ ਗਏ ਹਨ। UAE 'ਚ ਮੱਧ-ਹਵਾਈ ਰਿਫਿਊਲਿੰਗ ਤੋਂ ਬਾਅਦ ਰਾਫੇਲ ਭਾਰਤ ਪਹੁੰਚ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਸਤੰਬਰ 2016 ਵਿਚ ਭਾਰਤ ਨੇ ਫਰਾਂਸ ਨਾਲ 59,000 ਕਰੋੜ ਰੁਪਏ ਦੀ ਲਾਗਤ ਨਾਲ 36 ਰਾਫੇਲ ਜਹਾਜ਼ ਖਰੀਦਣ ਲਈ ਇੱਕ ਅੰਤਰ-ਸਰਕਾਰੀ ਸਮਝੌਤਾ ਕੀਤਾ ਸੀ। ਪਹਿਲਾ ਰਾਫ਼ੇਲ ਜਹਾਜ਼ ਪਿਛਲੇ ਸਾਲ ਜੁਲਾਈ ਮਹੀਨੇ ਵਿਚ ਦੇਸ਼ ਆਇਆ ਸੀ।
ਸਮਾਚਾਰ ਏਜੰਸੀ ਏਐਨਆਈ ਦੇ ਅਨੁਸਾਰ ਭਾਰਤ ਪਹੁੰਚਣ ਵਾਲੇ 36 ਰਾਫੇਲ ਜਹਾਜ਼ਾਂ ਵਿਚੋਂ ਆਖ਼ਰੀ ਰਾਫ਼ੇਲ ਨੇ ਫਰਾਂਸ ਤੋਂ ਉਡਾਣ ਭਰਨ ਤੋਂ ਬਾਅਦ ਯੂਏਈ ਦੇ ਜਹਾਜ਼ਾਂ ਤੋਂ ਮੱਧ-ਹਵਾਈ ਬਾਲਣ ਪ੍ਰਾਪਤ ਕੀਤਾ ਅਤੇ ਫਿਰ ਭਾਰਤ ਵਿਚ ਉਤਰਿਆ। ਭਾਰਤੀ ਹਵਾਈ ਸੈਨਾ ਨੇ ਇਹ ਜਾਣਕਾਰੀ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਫਰਾਂਸ ਸਰਕਾਰ ਨੇ 35 ਰਾਫੇਲ ਜਹਾਜ਼ਾਂ ਦੀ ਸਪਲਾਈ ਕੀਤੀ ਸੀ ਅਤੇ 36ਵੇਂ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਸੀ।
ਹੁਣ ਦੇਖਣਾ ਇਹ ਹੋਵੇਗਾ ਕਿ ਇਸ ਆਖਰੀ ਰਾਫੇਲ ਜਹਾਜ਼ ਦੀ ਤੈਨਾਤੀ ਕਿੱਥੇ ਹੁੰਦੀ ਹੈ। ਇਸ ਤੋਂ ਪਹਿਲਾਂ ਭਾਰਤ ਆਏ 35 ਰਾਫੇਲ ਜਹਾਜ਼ਾਂ ਨੂੰ ਹਰਿਆਣਾ ਦੇ ਅੰਬਾਲਾ ਅਤੇ ਪੱਛਮੀ ਬੰਗਾਲ ਦੇ ਹਾਸ਼ਿਮਾਰਾ ਏਅਰਫੋਰਸ ਸਟੇਸ਼ਨ 'ਤੇ ਤਾਇਨਾਤ ਕੀਤਾ ਗਿਆ ਹੈ। ਦੱਸਿਆ ਗਿਆ ਕਿ 36ਵੇਂ ਰਾਫੇਲ ਨੂੰ ਆਉਣ ਵਿਚ ਦੇਰੀ ਇਸ ਕਰ ਕੇ ਹੋਈ ਕਿਉਂਕਿ ਇਸ 'ਚ ਕੁਝ ਹੋਰ ਨਵੀਨਤਮ ਤਕਨੀਕ ਦੀ ਵਰਤੋਂ ਕੀਤੀ ਗਈ ਹੈ।
ਕੀ ਹਨ ਰਾਫੇਲ ਜਹਾਜ਼ਾਂ ਦੀਆਂ ਵਿਸ਼ੇਸ਼ਤਾਵਾਂ?
- ਰਾਫੇਲ ਜਹਾਜ਼ ਇੱਕ ਮਿੰਟ ਵਿਚ 60 ਹਜ਼ਾਰ ਫੁੱਟ ਦੀ ਉਚਾਈ ਤੱਕ ਉੱਡ ਸਕਦਾ ਹੈ। ਇਸ ਦੀ ਬਾਲਣ ਸਮਰੱਥਾ ਲਗਭਗ 17 ਹਜ਼ਾਰ ਕਿਲੋਗ੍ਰਾਮ ਹੈ।
- ਰਾਫੇਲ ਦੀ ਫਾਇਰਪਾਵਰ 3700 ਕਿਲੋਮੀਟਰ ਤੱਕ ਹੈ। ਸਕਾਲਪ ਦੀ ਰੇਂਜ 300 ਕਿਲੋਮੀਟਰ ਹੈ।
- ਰਾਫੇਲ ਜਹਾਜ਼ ਇੱਕ ਵਾਰ ਵਿਚ 24,500 ਕਿਲੋਗ੍ਰਾਮ ਤੱਕ ਦਾ ਭਾਰ ਚੁੱਕ ਸਕਦਾ ਹੈ।
- ਇਹ ਜਹਾਜ਼ 60 ਘੰਟੇ ਵਾਧੂ ਉਡਾਣ ਭਰ ਸਕਦਾ ਹੈ।
- ਰਾਫੇਲ ਲੜਾਕੂ ਜਹਾਜ਼ਾਂ ਦੀ ਰਫ਼ਤਾਰ 2,223 ਕਿਲੋਮੀਟਰ ਪ੍ਰਤੀ ਘੰਟਾ ਹੈ।
- ਰਾਫੇਲ ਜਹਾਜ਼ 300 ਕਿਲੋਮੀਟਰ ਦੀ ਰੇਂਜ ਤੱਕ ਹਵਾ ਤੋਂ ਜ਼ਮੀਨ 'ਤੇ ਹਮਲਾ ਕਰਨ ਦੇ ਸਮਰੱਥ ਹੈ।
- ਰਾਫੇਲ ਜਹਾਜ਼ 14 ਹਾਰਡ ਪੁਆਇੰਟਾਂ ਰਾਹੀਂ ਭਾਰੀ ਹਥਿਆਰ ਸੁੱਟਣ ਦੀ ਸਮਰੱਥਾ ਰੱਖਦਾ ਹੈ।
- ਰਾਫੇਲ ਲੜਾਕੂ ਜਹਾਜ਼ ਹਰ ਤਰ੍ਹਾਂ ਦੇ ਮੌਸਮ ਵਿੱਚ ਇੱਕੋ ਸਮੇਂ ਕਈ ਕੰਮ ਕਰਨ ਵਿਚ ਸਮਰੱਥ ਹੈ। ਇਸ ਨੂੰ ਮਲਟੀਰੋਲ ਫਾਈਟਰ ਏਅਰਕ੍ਰਾਫਟ ਵੀ ਕਿਹਾ ਜਾਂਦਾ ਹੈ।
- ਮਲਟੀ-ਟਾਸਕਰ ਹੋਣ ਦੇ ਨਾਤੇ ਰਾਫੇਲ ਅਜਿਹਾ ਜਹਾਜ਼ ਹੈ, ਜਿਸ ਨੂੰ ਕਿਸੇ ਵੀ ਤਰ੍ਹਾਂ ਦੇ ਮਿਸ਼ਨ 'ਤੇ ਭੇਜਿਆ ਜਾ ਸਕਦਾ ਹੈ। ਭਾਰਤੀ ਹਵਾਈ ਸੈਨਾ ਨੂੰ ਲੰਬੇ ਸਮੇਂ ਤੋਂ ਇਸ ਦੀ ਲੋੜ ਸੀ।
- ਇਹ ਐਂਟੀ ਸ਼ਿਪ ਅਟੈਕ ਤੋਂ ਲੈ ਕੇ ਪਰਮਾਣੂ ਹਮਲੇ, ਨਜ਼ਦੀਕੀ ਹਵਾਈ ਸਹਾਇਤਾ ਅਤੇ ਲੇਜ਼ਰ ਡਾਇਰੈਕਟ ਲੰਬੀ ਰੇਂਜ ਮਿਜ਼ਾਈਲ ਹਮਲੇ ਵਿਚ ਵੀ ਸਿਖ਼ਰ 'ਤੇ ਹੈ।