
7ਵੀਂ ਜਮਾਤ 'ਚ ਪੜ੍ਹਨ ਦੌਰਾਨ ਹੀ ਪ੍ਰੋਜੈਕਟ 'ਤੇ ਸ਼ੁਰੂ ਕਰ ਦਿੱਤਾ ਸੀ ਕੰਮ
ਕਾਲਬੁਰਗੀ - ਕਰਨਾਟਕ ਦੇ ਕਾਲਬੁਰਗੀ ਦੀ ਇੱਕ 10ਵੀਂ ਜਮਾਤ ਦੀ ਵਿਦਿਆਰਥਣ ਇੱਕ ਐਂਟੀ-ਰੇਪ ਫ਼ੁਟਟਵੀਅਰ ਬਣਾਉਣ ਕਾਰਨ ਸੁਰਖ਼ੀਆਂ 'ਚ ਹੈ। ਇਸ ਲੜਕੀ ਨੇ ਇੱਕ ਅਜਿਹੇ ਬੂਟ ਤਿਆਰ ਕੀਤੇ ਹਨ ਜੋ ਲੜਕੀਆਂ ਨੂੰ ਜਿਨਸੀ ਸ਼ਿਕਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਨਗੇ।
ਇੱਕ ਰਿਪੋਰਟ ਅਨੁਸਾਰ ਵਿਜੇਲਕਸ਼ਮੀ ਬਿਰਾਦਰ ਨਾਂਅ ਦੀ ਇਸ ਲੜਕੀ ਨੇ ਹਾਲ ਹੀ ਵਿੱਚ ਗੋਆ ਵਿਖੇ ਇੱਕ ਅੰਤਰਰਾਸ਼ਟਰੀ ਖੋਜ ਅਤੇ ਇਨੋਵੇਸ਼ਨ ਐਕਸਪੋ ਅਵਾਰਡ ਵੀ ਜਿੱਤਿਆ ਹੈ।
ਰਿਪੋਰਟ ਮੁਤਾਬਕ ਐਂਟੀ-ਰੇਪ ਫ਼ੁਟਵੀਅਰ 'ਚ ਇਸ ਢੰਗ ਨਾਲ ਬੈਟਰੀਆਂ ਲਗਾਈਆਂ ਗਈਆਂ ਹਨ ਜੋ ਇਸ ਨੂੰ ਪਹਿਨਣ ਵਾਲੀ ਲੜਕੀ ਨੂੰ ਹਮਲਾਵਰ ਖ਼ਿਲਾਫ਼ ਜਵਾਬੀ ਕਾਰਵਾਈ ਕਰਨ 'ਚ ਸਹਾਈ ਹੋਣਗੀਆਂ।
ਇਸ ਬਾਰੇ ਬੋਲਦੇ ਹੋਏ ਵਿਜੇਲਕਸ਼ਮੀ ਨੇ ਕਿਹਾ, “ਬੂਟਾਂ 'ਚ ਲਗਾਈਆਂ ਬੈਟਰੀਆਂ ਬਿਜਲੀ ਪੈਦਾ ਕਰਦੀਆਂ ਹਨ, ਅਤੇ ਲੱਤ ਮਾਰਨ ਨਾਲ ਇਸ ਐਂਟੀ-ਰੇਪ ਬੂਟ ਤੋਂ ਬਿਜਲੀ ਪੈਦਾ ਕਰਨ ਦੀ ਕਮਾਂਡ ਮਿਲਦੀ।"
ਇਹ ਵੀ ਦੱਸਿਆ ਗਿਆ ਹੈ ਕਿ ਇਨ੍ਹਾਂ ਬੂਟਾਂ ਵਿੱਚ ਇੱਕ ਜੀ.ਪੀ.ਐੱਸ. ਟਰੈਕਿੰਗ ਸਿਸਟਮ ਵੀ ਹੈ, ਜਿਸ ਨਾਲ ਪਹਿਨਣ ਵਾਲੇ ਦੀ ਲੋਕੇਸ਼ਨ ਪਤਾ ਕਰਨ 'ਚ ਆਸਾਨੀ। ਜਦੋਂ ਇਸ ਨੂੰ ਪਹਿਨਣ ਵਾਲੀ ਲੜਕੀ ਕਿਸੇ ਖ਼ਤਰੇ 'ਚ ਹੋਵੇਗੀ, ਤਾਂ ਉਸ ਦੀ ਸਹੀ ਲੋਕੇਸ਼ਨ ਭਾਵ ਉਸ ਦੇ ਸਹੀ ਸਥਾਨ ਬਾਰੇ ਰਜਿਸਟਰਡ ਲੋਕਾਂ ਨੂੰ ਇੱਕ ਚਿਤਾਵਨੀ ਸੰਦੇਸ਼ ਮਿਲ ਜਾਵੇਗਾ।
“ਇਹ ਬੂਟ ਬਣਾਉਣ ਦਾ ਵਿਚਾਰ ਕੁਝ ਸਾਲ ਪਹਿਲਾਂ ਤੋਂ ਖ਼ਬਰਾਂ ਵਿੱਚ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਵਧਦੀਆਂ ਦੇਖ ਕੇ ਆਇਆ ਸੀ। ਬਜ਼ਾਰ ਵਿੱਚ ਔਰਤਾਂ ਦੀ ਸੁਰੱਖਿਆ ਲਈ ਕਈ ਉਪਕਰਨ ਮੌਜੂਦ ਹਨ, ਜਿਵੇਂ ਕਿ ਸਮਾਰਟ ਘੜੀਆਂ, ਬੈਲਟਾਂ, ਮਿਰਚ ਵਾਲਾ ਸਪਰੇਅ ਆਦਿ। ਪਰ ਕਦੇ ਇਹ ਵੀ ਹੋ ਸਕਦਾ ਹੈ ਕਿ ਔਰਤਾਂ ਇਨ੍ਹਾਂ ਨੂੰ ਘਰ ਵਿੱਚ ਭੁੱਲ ਜਾਣ। ਇਸ ਲਈ ਮੈਂ ਇਨ੍ਹਾਂ ਬਲਾਤਕਾਰ ਵਿਰੋਧੀ ਬੂਟਾਂ 'ਤੇ ਕੰਮ ਕਰਨ ਦਾ ਫ਼ੈਸਲਾ ਕੀਤਾ, ਜੋ ਅਰਾਮ ਨਾਲ ਰੋਜ਼ਾਨਾ ਪਹਿਨੇ ਜਾ ਸਕਦੇ ਹਨ।" ਵਿਜੇਲਕਸ਼ਮੀ ਨੇ ਅੱਗੇ ਦੱਸਿਆ।
10ਵੀਂ ਜਮਾਤ ਦੀ ਵਿਦਿਆਰਥਣ ਵਿਜੇਲਕਸ਼ਮੀ ਦੀ ਅਧਿਆਪਕਾ ਨੇ ਖੁਲਾਸਾ ਕੀਤਾ ਕਿ ਉਸ ਨੇ ਇਸ ਪ੍ਰੋਜੈਕਟ 'ਤੇ 7ਵੀਂ ਜਮਾਤ ਵਿੱਚ ਪੜ੍ਹਨ ਦੌਰਾਨ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।