
ਸਨਮਾਨਜਨਕ ਤਰੀਕੇ ਨਾਲ ਅਪਣੀ ਜ਼ਿੰਦਗੀ ਖ਼ਤਮ ਕਰਨ ਦੀ ਇਜਾਜ਼ਤ ਮੰਗੀ, ਚੀਫ ਜਸਟਿਸ ਚੰਦਰਚੂੜ ਨੇ ਮੰਗੀ ਰੀਪੋਰਟ
ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ’ਚ ਤਾਇਨਾਤ ਇਕ ਔਰਤ ਨਿਆਂਇਕ ਅਧਿਕਾਰੀ ਨੇ ਭਾਰਤ ਦੇ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਨੂੰ ਚਿੱਠੀ ਲਿਖ ਕੇ ਇਕ ਜ਼ਿਲ੍ਹਾ ਜੱਜ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਹੈ ਅਤੇ ਉਨ੍ਹਾਂ ਤੋਂ ਸਨਮਾਨਜਨਕ ਤਰੀਕੇ ਨਾਲ ਅਪਣੀ ਜ਼ਿੰਦਗੀ ਖ਼ਤਮ ਕਰਨ ਦੀ ਇਜਾਜ਼ਤ ਮੰਗੀ ਹੈ। ਇਸ ਤੋਂ ਬਾਅਦ ਚੀਫ ਜਸਟਿਸ ਚੰਦਰਚੂੜ ਨੇ ਇਲਾਹਾਬਾਦ ਹਾਈ ਕੋਰਟ ਪ੍ਰਸ਼ਾਸਨ ਤੋਂ ਜਾਂਚ ਦੀ ਸਥਿਤੀ ’ਤੇ ਰੀਪੋਰਟ ਮੰਗੀ।
ਔਰਤ ਨਿਆਂਇਕ ਅਧਿਕਾਰੀ ਨੇ ਅਪਣੇ ਦੋ ਪੰਨਿਆਂ ਦੀ ਚਿੱਠੀ ’ਚ ਬਾਰਾਬੰਕੀ ’ਚ ਤਾਇਨਾਤੀ ਦੌਰਾਨ ਹੋਏ ਦੁਰਵਿਵਹਾਰ ਅਤੇ ਪ੍ਰੇਸ਼ਾਨੀ ਤੋਂ ਬਾਅਦ ਚੀਫ ਜਸਟਿਸ ਤੋਂ ਆਪਣੀ ਜ਼ਿੰਦਗੀ ਖਤਮ ਕਰਨ ਦੀ ਇਜਾਜ਼ਤ ਮੰਗੀ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਚਿੱਠੀ ’ਚ ਲਿਖਿਆ ਹੈ, ‘‘ਮੈਨੂੰ ਹੁਣ ਜਿਉਣ ਦੀ ਕੋਈ ਇੱਛਾ ਨਹੀਂ ਹੈ। ਮੈਂ ਪਿਛਲੇ ਡੇਢ ਸਾਲ ਤੋਂ ਇਕ ਜਿਉਂਦੀ ਲਾਸ਼ ਵਾਂਗ ਰਿਹਾ ਹਾਂ। ਮੇਰੇ ਕੋਲ ਹੁਣ ਬਚਣ ਦਾ ਕੋਈ ਮਕਸਦ ਨਹੀਂ ਹੈ। ਕਿਰਪਾ ਕਰ ਕੇ ਮੈਨੂੰ ਅਪਣੀ ਜ਼ਿੰਦਗੀ ਸਨਮਾਨਜਨਕ ਤਰੀਕੇ ਨਾਲ ਖਤਮ ਕਰਨ ਦੀ ਇਜਾਜ਼ਤ ਦਿਉ।’’
ਸੁਪਰੀਮ ਕੋਰਟ ਦੇ ਸਕੱਤਰ ਜਨਰਲ ਨੇ ਇਲਾਹਾਬਾਦ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਕਿਹਾ ਹੈ ਕਿ ਉਹ ਚੀਫ ਜਸਟਿਸ ਦੇ ਹੁਕਮਾਂ ’ਤੇ ਔਰਤ ਨਿਆਂਇਕ ਅਧਿਕਾਰੀ ਦੀ ਸ਼ਿਕਾਇਤ ’ਤੇ ਵਿਚਾਰ ਕਰ ਰਹੀ ਅੰਦਰੂਨੀ ਸ਼ਿਕਾਇਤ ਕਮੇਟੀ (ਈ.ਪੀ.ਸੀ.) ਸਾਹਮਣੇ ਕਾਰਵਾਈ ਦੀ ਸਥਿਤੀ ਬਾਰੇ ਜਾਣਕਾਰੀ ਦੇਣ।
ਮਹਿਲਾ ਜੱਜ ਨੇ ਇਸ ਤੋਂ ਪਹਿਲਾਂ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ’ਤੇ ਜਸਟਿਸ ਰਿਸ਼ੀਕੇਸ਼ ਰਾਏ ਅਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਨੇ ਸੁਣਵਾਈ ਕੀਤੀ ਸੀ।
ਬੈਂਚ ਨੇ ਇਹ ਕਹਿੰਦੇ ਹੋਏ ਪਟੀਸ਼ਨ ਖਾਰਜ ਕਰ ਦਿਤੀ ਸੀ ਕਿ ਮਾਮਲਾ ਅੰਦਰੂਨੀ ਸ਼ਿਕਾਇਤ ਕਮੇਟੀ ਦੇ ਸਾਹਮਣੇ ਹੈ ਅਤੇ ਇਲਾਹਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਦੀ ਮਨਜ਼ੂਰੀ ਦੀ ਉਡੀਕ ਵਿਚ ਇਕ ਮਤਾ ਪਾਸ ਕੀਤਾ ਗਿਆ ਹੈ।