
1 ਸਾਲ ਵਿਚ ਅਨੀਮੀਆ ਪੀੜਤ ਔਰਤਾ ਦੀ ਗਿਣਤੀ 7 ਫ਼ੀਸਦ ਵਧੀ
58.7 percent women in Punjab suffer from anemia: ਪੰਜਾਬ ਵਿਚ 58.7 ਫ਼ੀਸਦ ਔਰਤਾਂ ਅਨੀਮੀਆ ਤੋਂ ਪੀੜਤ ਹਨ। ਹਾਲਾਂਕਿ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਔਰਤਾਂ ਦੀ ਸਿਹਤ ਵੱਲ ਧਿਆਨ ਕੇਂਦਰਤ ਕਰਨ ਲਈ ਵਧੇਰੇ ਯਤਨ ਕੀਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਪੰਜਾਬ ਵਿਚ ਔਰਤਾਂ ਵਿਚ ਅਨੀਮੀਆ ਦੇ ਕੇਸਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਪਿਛਲੇ ਕਈ ਸਾਲਾਂ ਤੋਂ ਅਨੀਮੀਆ ਪੀੜਤ ਔਰਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਤੇ ਇੱਕ ਸਾਲ ਵਿਚ ਇਸ ਅੰਕੜੇ ਵਿਚ 7 ਫ਼ੀਸਦ ਵਾਧਾ ਹੋਇਆ ਹੈ। ਸੂਬੇ ਦੀਆਂ ਔਰਤਾਂ ਵਿੱਚ ਲਗਾਤਾਰ ਅਨੀਮੀਆ ਦੇ ਵਧ ਰਹੇ ਕੇਸ ਚਿੰਤਾਜਨਕ ਹਨ, ਕਿਉਂਕਿ ਔਰਤਾਂ ਵਿਚ ਬਲੱਡ ਸੈੱਲ ਦੀ ਕਮੀ ਹੁੰਦੀ ਜਾ ਰਹੀ ਹੈ।
ਕੇਂਦਰੀ ਰਾਜ ਮੰਤਰੀ ਸਾਵਿੱਤਰੀ ਠਾਕੁਰ ਨੇਰਾਜ ਸਭਾ ਵਿਚ ਪੁੱਛੇ ਇਕ ਸਵਾਲ ਦੇ ਜਵਾਬ ਵਿਚ 15 ਤੋਂ 49 ਸਾਲ ਉਮਰ ਵਰਗ ਦੀਆਂ ਔਰਤਾਂ ਸਬੰਧੀ ਰਿਪੋਰਟ ਪੇਸ਼ ਕੀਤੀ ਹੈ, ਜਿਸ ਵਿਚ ਇਹ ਖੁਲਾਸਾ ਹੋਇਆ। ਸਾਵਿਤਰੀ ਠਾਕੁਰ ਵੱਲੋਂ ਪੇਸ਼ ਰਿਪੋਰਟ ’ਚ ਕਿਹਾ ਗਿਆ ਕਿ ਪੰਜਾਬ ਵਿਚ 58.7 ਫ਼ੀਸਦ ਔਰਤਾਂ ਅਨੀਮੀਆ ਪੀੜਤ ਹਨ, ਜਦੋਂਕਿ ਹਰਿਆਣਾ ਵਿਚ ਪੰਜਾਬ ਨਾਲੋਂ ਵੀ ਅੰਕੜਾ ਵੱਧ ਹੈ।
ਅੰਕੜਿਆਂ ਮੁਤਾਬਕ ਹਰਿਆਣਾ ਵਿਚ 60.4 ਫ਼ੀਸਦ ਤੇ ਹਿਮਾਚਲ ਪ੍ਰਦੇਸ਼ ’ਚ 53 ਫ਼ੀਸਦ ਔਰਤਾਂ ਅਨੀਮੀਆ ਪੀੜਤ ਹਨ। ਨੀਤੀ ਆਯੋਗ ਵਲੋਂ ਸਾਲ 2023-24 ਸਬੰਧੀ ਪੇਸ਼ ਕੀਤੀ ਰਿਪੋਰਟ ਮੁਤਾਬਕ ਉਸ ਸਮੇਂ ਪੰਜਾਬ ਦੀਆਂ 51.7 ਫ਼ੀਸਦ ਔਰਤਾਂ ਅਨੀਮੀਆ ਤੋਂ ਪੀੜਤ ਹਨ, ਜਦੋਂ ਇਕ ਸਾਲ ਬਾਅਦ ਇਹ ਅੰਕੜਾ 7 ਫ਼ੀਸਦ ਵਧ ਕੇ 58.7 ਫ਼ੀਸਦ ’ਤੇ ਪਹੁੰਚ ਗਿਆ ਹੈ। ਇਸੇ ਤਰ੍ਹਾਂ ਸਾਲ 2020-21 ਵਿਚ ਪੰਜਾਬ ’ਚ 42 ਫ਼ੀਸਦ ਗਰਭਵਤੀ ਔਰਤਾਂ ਅਨੀਮੀਆ ਤੋਂ ਪੀੜਤ ਸਨ।
ਰਾਜ ਸਭਾ ’ਚ 5 ਸਾਲ ਤਕ ਉਮਰ ਵਰਗ ਦੇ ਬੱਚਿਆਂ ਦੀ ਸਿਹਤ ਸਬੰਧੀ ਪੇਸ਼ ਰਿਪੋਰਟ ਵੀ ਚਿੰਤਾਜਨਕ ਪਾਈ ਗਈ ਹੈ। ਰਿਪੋਰਟ ਅਨੁਸਾਰ ਪੰਜਾਬ ਵਿਚ 5 ਸਾਲ ਤਕ ਦੀ ਉਮਰ ਦੇ 5.9 ਫ਼ੀਸਦ ਬੱਚੇ ਘੱਟ ਭਾਰ ਵਾਲੇ (ਅੰਡਰਵੇਟ) ਹਨ। ਇਸੇ ਤਰ੍ਹਾਂ ਹਰਿਆਣਾ ਦੇ 8.7 ਫ਼ੀਸਦ ਤੇ ਹਿਮਾਚਲ ਪ੍ਰਦੇਸ਼ ਦੇ 6.3 ਫ਼ੀਸਦ ਬੱਚਿਆਂ ਦਾ ਭਾਰ ਉਮਰ ਮੁਤਾਬਕ ਲੋੜ ਨਾਲੋਂ ਘੱਟ ਹੈ। ਹਾਲਾਂਕਿ ਕੇਂਦਰ ਸਰਕਾਰ ਦਾ ਦਾਅਵਾ ਹੈ ਕਿ ਉਹ ਸੂਬਾ ਸਰਕਾਰਾਂ ਦੀ ਮਦਦ ਨਾਲ ਬੱਚਿਆ ਦੇ ਘੱਟ ਵਜ਼ਨ ਦੇ ਮਾਮਲਿਆਂ ’ਚ ਸੁਧਾਰ ਲਿਆਉਣ ਲਈ ਯਤਨ ਕਰ ਰਹੀ ਹੈ।