ਨਵੀਂ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਨਬੀਨ ਭਾਜਪਾ ਦੇ ਸੀਨੀਅਰ ਨੇਤਾ ਮੁਰਲੀ ਮਨੋਹਰ ਜੋਸ਼ੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਆਸ਼ੀਰਵਾਦ ਲੈਣ ਗਏ
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨਵੇਂ ਨਿਯੁਕਤ ਕੌਮੀ ਕਾਰਜਕਾਰੀ ਪ੍ਰਧਾਨ ਨਿਤਿਨ ਨਬੀਨ ਨੇ ਸੋਮਵਾਰ ਨੂੰ ਅਪਣੀ ਨਵੀਂ ਜ਼ਿੰਮੇਵਾਰੀ ਸੰਭਾਲ ਲਈ ਹੈ। ਨਬੀਨ ਨੂੰ ਭਾਜਪਾ ਦੇ ਮੁੱਖ ਦਫ਼ਤਰ ’ਚ ਪਾਰਟੀ ਪ੍ਰਧਾਨ ਅਤੇ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ, ਗ੍ਰਹਿ ਮੰਤਰੀ ਅਮਿਤ ਸ਼ਾਹ, ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਸਮੇਤ ਹੋਰ ਲੋਕਾਂ ਦੀ ਹਾਜ਼ਰੀ ’ਚ ਸਨਮਾਨਿਤ ਕੀਤਾ ਗਿਆ।
ਨੱਢਾ ਨੇ ਪਾਰਟੀ ਦੇ ਅਹਿਮ ਅਹੁਦਾ ਸੰਭਾਲਣ ਉਤੇ ਨਬੀਨ ਨੂੰ ਤਹਿ ਦਿਲੋਂ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕਾਰਜਕਾਰੀ ਪ੍ਰਧਾਨ ਭਾਜਪਾ ਦੀ ਲੋਕ ਸੇਵਾ ਅਤੇ ਰਾਸ਼ਟਰ ਨਿਰਮਾਣ ਦੀ ਯਾਤਰਾ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨਗੇ। ਨਬਿਨ ਨੂੰ ਦਿਤੇ ਵਧਾਈ ਸੰਦੇਸ਼ ’ਚ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਉਨ੍ਹਾਂ ਦੀ ਅਗਵਾਈ ’ਚ ਭਾਜਪਾ ਹੋਰ ਵੀ ਵਿਸਥਾਰ ਕਰੇਗੀ ਅਤੇ ਉਹ ਮੋਦੀ ਸਰਕਾਰ ਦੀਆਂ ਨੀਤੀਆਂ ਅਤੇ ਪਾਰਟੀ ਦੀ ਵਿਚਾਰਧਾਰਾ ਨੂੰ ਦੇਸ਼ ਦੇ ਹਰ ਵਿਅਕਤੀ ਤਕ ਪਹੁੰਚਾਉਣਗੇ।
ਨਬੀਨ ਨੇ ਅਧਿਕਾਰਤ ਤੌਰ ਉਤੇ ਅਪਣੀ ਨਵੀਂ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਸ਼ਾਹ, ਨੱਢਾ ਅਤੇ ਪ੍ਰਧਾਨ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ। ਨਵੀਂ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਨਬੀਨ ਭਾਜਪਾ ਦੇ ਸੀਨੀਅਰ ਨੇਤਾ ਮੁਰਲੀ ਮਨੋਹਰ ਜੋਸ਼ੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਆਸ਼ੀਰਵਾਦ ਲੈਣ ਗਏ। ਭਾਜਪਾ ਸੰਸਦੀ ਬੋਰਡ ਨੇ ਇਸ ਅਹੁਦੇ ਲਈ ਨਬੀਨ ਨੂੰ ਚੁਣਿਆ। ਫਿਲਹਾਲ ਉਹ ਬਿਹਾਰ ’ਚ ਲੋਕ ਨਿਰਮਾਣ ਮੰਤਰੀ ਹਨ।
ਨਵੀਂ ਜ਼ਿੰਮੇਵਾਰੀ ਮੇਰੇ ਲਈ ਪਾਰਟੀ ਦਾ ਆਸ਼ੀਰਵਾਦ ਹੈ: ਨਿਤਿਨ ਨਵੀਨ
ਪਟਨਾ : ਬਿਹਾਰ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨਵੇਂ ਨਿਯੁਕਤ ਕੌਮੀ ਕਾਰਜਕਾਰੀ ਪ੍ਰਧਾਨ ਨਿਤਿਨ ਨਵੀਨ ਨੇ ਸੋਮਵਾਰ ਨੂੰ ਕਿਹਾ ਕਿ ਨਵੀਂ ਜ਼ਿੰਮੇਵਾਰੀ ਉਨ੍ਹਾਂ ਲਈ ਪਾਰਟੀ ਦਾ ਆਸ਼ੀਰਵਾਦ ਹੈ ਅਤੇ ਉਨ੍ਹਾਂ ਨੇ ਚੋਟੀ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਅਪਣੇ ਮਰਹੂਮ ਪਿਤਾ ਅਤੇ ਸਾਬਕਾ ਭਾਜਪਾ ਵਿਧਾਇਕ ਨਵੀਨ ਕਿਸ਼ੋਰ ਪ੍ਰਸਾਦ ਸਿਨਹਾ ਦੇ ਕੰਮ ਨੂੰ ਅੱਗੇ ਵਧਾਉਣ ਦੇ ਅਪਣੇ ਸੰਕਲਪ ਨੂੰ ਦੁਹਰਾਇਆ। ਨਵੀਨ ਸੋਮਵਾਰ ਸਵੇਰੇ ਪਟਨਾ ਦੇ ਇਕ ਪਾਰਕ ਵਿਚ ਅਪਣੇ ਪਿਤਾ ਦੇ ਬੁੱਤ ਉਤੇ ਹਾਰ ਚੜ੍ਹਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਮੈਂ ਹਮੇਸ਼ਾ ਅਪਣੇ ਪਿਤਾ ਦੇ ਵਿਚਾਰਾਂ ਉਤੇ ਕੰਮ ਕੀਤਾ ਹੈ, ਜਿਨ੍ਹਾਂ ਨੇ ਪਾਰਟੀ ਨੂੰ ਅਪਣੀ ਮਾਂ ਮੰਨਿਆ ਅਤੇ ਦੇਸ਼ ਨੂੰ ਸਰਵਉੱਚ ਰੱਖਿਆ। ਮੇਰਾ ਮੰਨਣਾ ਹੈ ਕਿ ਇਸੇ ਲਈ ਪਾਰਟੀ ਨੇ ਮੈਨੂੰ ਭਾਜਪਾ ਵਰਕਰਾਂ ਨਾਲ ਕੰਮ ਕਰਨਾ ਜਾਰੀ ਰੱਖਣ ਦਾ ਮੌਕਾ ਦਿਤਾ ਹੈ।’’
