ਸਰਕਾਰ ਨੇ ਪੰਜਵੀਂ ਤਕ ਦੀਆਂ ਜਮਾਤਾਂ ਆਨਲਾਈਨ ਚਲਾਉਣ ਦੇ ਹੁਕਮ ਦਿਤੇ
ਨਵੀਂ ਦਿੱਲੀ : ਦਿੱਲੀ ਵਿਚ ਪ੍ਰਦੂਸ਼ਣ ਦਾ ਪੱਧਰ ਸੋਮਵਾਰ ਨੂੰ ਇਕ ਹੋਰ ਹੇਠਲੇ ਪੱਧਰ ਨੂੰ ਛੂਹ ਗਿਆ ਜਦੋਂ ਰਾਜਧਾਨੀ ’ਚ ਸਵੇਰ ਵੇਲੇ ਏ.ਕਿਊ.ਆਈ. 498 ਦਰਜ ਕੀਤੀ ਗਈ। ਹਾਲਾਂਕਿ ਸ਼ਾਮ ਤਕ ਇਹ ਕੁੱਝ ਸੁਧਰ ਕੇ 427 ਹੋ ਗਈ, ਪਰ ਫਿਰ ਵੀ ਹਵਾ ਗੁਣਵੱਤਾ ‘ਗੰਭੀਰ’ ਖੇਤਰ ’ਚ ਰਹੀ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਮੁਤਾਬਕ ਸ਼ਹਿਰ ’ਚ 27 ਨਿਗਰਾਨੀ ਸਟੇਸ਼ਨਾਂ ’ਚ ਹਵਾ ਦੀ ਗੁਣਵੱਤਾ ‘ਗੰਭੀਰ’ ਦਰਜ ਕੀਤੀ ਗਈ, ਜਦਕਿ 12 ਸਟੇਸ਼ਨਾਂ ’ਚ ‘ਬਹੁਤ ਖਰਾਬ’ ਪੱਧਰ ਦਰਜ ਕੀਤਾ ਗਿਆ। ਵਜ਼ੀਰਪੁਰ ’ਚ 40 ਸਟੇਸ਼ਨਾਂ ’ਚ ਹਵਾ ਦੀ ਗੁਣਵੱਤਾ ਸੱਭ ਤੋਂ ਖਰਾਬ ਦਰਜ ਕੀਤੀ ਗਈ, ਜਿਸ ’ਚ 475 ਹਵਾ ਦਾ ਗੁਣਵੱਤਾ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੀ.ਪੀ.ਸੀ.ਬੀ. 500 ਤੋਂ ਵੱਧ ਏ.ਕਿਊ.ਆਈ. ਮਾਪ ਹੀ ਨਹੀਂ ਸਕਦਾ ਹੈ।
ਦਿੱਲੀ ਸਰਕਾਰ ਨੇ ਕੌਮੀ ਰਾਜਧਾਨੀ ’ਚ ਹਵਾ ਪ੍ਰਦੂਸ਼ਣ ਦੇ ਗੰਭੀਰ ਪੱਧਰ ਦੇ ਮੱਦੇਨਜ਼ਰ ਸੋਮਵਾਰ ਨੂੰ ਸਕੂਲਾਂ ਨੂੰ 5ਵੀਂ ਜਮਾਤ ਤਕ ਦੇ ਵਿਦਿਆਰਥੀਆਂ ਲਈ ਹਾਈਬ੍ਰਿਡ ਤੋਂ ਆਨਲਾਈਨ ਮੋਡ ਉਤੇ ਤਬਦੀਲ ਕਰਨ ਦੇ ਹੁਕਮ ਦਿਤੇ ਹਨ।
ਸਿੱਖਿਆ ਡਾਇਰੈਕਟੋਰੇਟ ਵਲੋਂ ਜਾਰੀ ਸਰਕੂਲਰ ਮੁਤਾਬਕ ਦਿੱਲੀ ਦੇ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਗੈਰ-ਸਹਾਇਤਾ ਪ੍ਰਾਪਤ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਵਿਚ ਨਰਸਰੀ ਤੋਂ ਲੈ ਕੇ 5ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਵਿਚਲੀਆਂ ਜਮਾਤਾਂ ਅਗਲੇ ਹੁਕਮਾਂ ਤਕ ਬੰਦ ਕਰ ਦਿਤੀਆਂ ਗਈਆਂ ਹਨ।
ਇਸ ਵਿਚ ਕਿਹਾ ਗਿਆ ਹੈ ਕਿ ਇਹ ਫੈਸਲਾ ਸ਼ਹਿਰ ਵਿਚ ਮੌਜੂਦਾ ਉੱਚ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) ਕਾਰਨ ਲਿਆ ਗਿਆ ਹੈ। ਹਾਲਾਂਕਿ, ਸਿੱਖਿਆ ਵਿਭਾਗ ਵਲੋਂ 13 ਦਸੰਬਰ ਨੂੰ ਜਾਰੀ ਨਿਰਦੇਸ਼ਾਂ ਅਨੁਸਾਰ ਬਾਕੀ ਪ੍ਰਾਇਗਰੀ ਤੋਂ ਉਪਰਲੀਆਂ ਜਮਾਤਾਂ ਹਾਈਬ੍ਰਿਡ ਮੋਡ ਵਿਚ ਕਰਵਾਈਆਂ ਜਾਣਗੀਆਂ।
