ਅਦਾਲਤ ਨੇ ਮੰਦਰ ਪ੍ਰਬੰਧਨ ਕਮੇਟੀ ਅਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕੀਤਾ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਲੋਕਾਂ ਵਲੋਂ ਪੈਸੇ ਦੇਣ ਤੋਂ ਬਾਅਦ ਮੰਦਰਾਂ ’ਚ ਵਿਸ਼ੇਸ਼ ਪੂਜਾ ਕਰਨ ਦੀ ਇਜਾਜ਼ਤ ਦੇਣ ਦੀ ਪ੍ਰਥਾ ਉਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਅਦਾਲਤ ਨੇ ਕਿਹਾ ਕਿ ਇਸ ਨਾਲ ਭਗਵਾਨ ਦੇ ਆਰਾਮ ਕਰਨ ਦੇ ਸਮੇਂ ਵਿਚ ਖਲਲ ਪੈਂਦਾ ਹੈ। ਅਦਾਲਤ ਨੇ ਵਰਿੰਦਾਵਨ ਦੇ ਮਸ਼ਹੂਰ ਬਾਂਕੇ ਬਿਹਾਰੀ ਜੀ ਮੰਦਰ ਵਿਚ ‘ਦਰਸ਼ਨ’ ਦੇ ਸਮੇਂ ਵਿਚ ਬਦਲਾਅ ਅਤੇ ਮੰਦਰ ਦੇ ਅਭਿਆਸਾਂ ਵਿਰੁਧ ਪਟੀਸ਼ਨ ਉਤੇ ਅਥਾਰਟੀਆਂ ਤੋਂ ਜਵਾਬ ਮੰਗਿਆ ਹੈ।
ਅਦਾਲਤ ਨੇ ਸੁਪਰੀਮ ਕੋਰਟ ਵਲੋਂ ਨਿਯੁਕਤ ਉੱਚ ਤਾਕਤੀ ਮੰਦਰ ਪ੍ਰਬੰਧਨ ਕਮੇਟੀ ਅਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਇਸ ਮਾਮਲੇ ਉਤੇ ਜਨਵਰੀ ਦੇ ਪਹਿਲੇ ਹਫ਼ਤੇ ਵਿਚਾਰ ਕਰਨ ਲਈ ਸੂਚੀਬੱਧ ਕੀਤਾ ਹੈ।
ਚੀਫ਼ ਜਸਟਿਸ ਸੂਰਿਆ ਕਾਂਤ, ਜਸਟਿਸ ਜੋਯਮਾਲਿਆ ਬਾਗਚੀ ਅਤੇ ਜਸਟਿਸ ਵਿਪੁਲ ਐਮ. ਪਾਮਚੋਲੀ ਦੀ ਬੈਂਚ ਨੇ ਸੀਨੀਅਰ ਵਕੀਲ ਸ਼ਿਆਮ ਦੀਵਾਨ ਅਤੇ ਵਕੀਲ ਤਨਵੀ ਦੂਬੇ ਦੀਆਂ ਦਲੀਲਾਂ ਉਤੇ ਗੌਰ ਕੀਤਾ ਜਿਸ ’ਚ ਬਾਂਕੇ ਬਿਹਾਰੀ ਜੀ ਮੰਦਰ ’ਚ ਦਰਸ਼ਨ ਦੇ ਸਮੇਂ ’ਚ ਤਬਦੀਲੀ ਅਤੇ ਦੇਹਰੀ ਪੂਜਾ ਸਮੇਤ ਕੁੱਝ ਜ਼ਰੂਰੀ ਧਾਰਮਕ ਰਸਮਾਂ ਉਤੇ ਰੋਕ ਲਗਾਉਣ ਦੀ ਨਿੰਦਾ ਕੀਤੀ ਗਈ। ਦੀਵਾਨ ਨੇ ਕਿਹਾ, ‘‘ਇਹ ਦਰਸ਼ਨ ਦਾ ਸਮਾਂ ਪਰੰਪਰਾ ਅਤੇ ਰੀਤੀ-ਰਿਵਾਜਾਂ ਦਾ ਹਿੱਸਾ ਹਨ। ਜਿਸ ਸਮੇਂ ਦੌਰਾਨ ਮੰਦਰ ਲੋਕਾਂ ਲਈ ਖੁੱਲ੍ਹਾ ਹੁੰਦਾ ਹੈ, ਉਹ ਇਕ ਲੰਬੀ ਪਰੰਪਰਾ ਦਾ ਹਿੱਸਾ ਹੈ।’’ ਉਨ੍ਹਾਂ ਕਿਹਾ ਕਿ ਮੰਦਰ ਦੇ ਸਮੇਂ ’ਚ ਬਦਲਾਅ ਨਾਲ ਮੰਦਰ ਦੀਆਂ ਅੰਦਰੂਨੀ ਰਸਮਾਂ ’ਚ ਬਦਲਾਅ ਆਇਆ ਹੈ, ਜਿਸ ’ਚ ਉਹ ਸਮਾਂ ਵੀ ਸ਼ਾਮਲ ਹੈ ਜਦੋਂ ਦੇਵਤਾ ਸਵੇਰੇ ਉੱਠਦਾ ਹੈ ਅਤੇ ਰਾਤ ਨੂੰ ਸੌਂਦਾ ਹੈ।
ਉਨ੍ਹਾਂ ਕਿਹਾ, ‘‘ਉਹ ਦੁਪਹਿਰ 12 ਵਜੇ ਮੰਦਰ ਬੰਦ ਕਰਨ ਤੋਂ ਬਾਅਦ ਇਕ ਸਕਿੰਟ ਵੀ ਆਰਾਮ ਨਹੀਂ ਕਰਨ ਦਿੰਦੇ ਅਤੇ ਉਹ ਦੇਵਤਾ ਦਾ ਸੋਸ਼ਣ ਕਰਦੇ ਹਨ। ਅਖੌਤੀ ਅਮੀਰ ਲੋਕਾਂ, ਜੋ ਭਾਰੀ ਰਕਮ ਅਦਾ ਕਰ ਸਕਦੇ ਹਨ, ਨੂੰ ਵਿਸ਼ੇਸ਼ ਪੂਜਾ ਕਰਨ ਦੀ ਇਜਾਜ਼ਤ ਹੈ। ਇਹ ਸਮਾਂ ਪਵਿੱਤਰ ਹੈ ਅਤੇ ਇਸ ਨੂੰ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ।’’
ਮੰਦਰ ਸੇਵਾਇਤਾਂ ਦੀ ਨੁਮਾਇੰਦਗੀ ਕਰਨ ਵਾਲੇ ਦੀਵਾਨ ਅਤੇ ਦੂਨੀ ਨੇ ਕਿਹਾ ਕਿ ਪੂਜਾ ਦੇ ਸਮੇਂ ਪਵਿੱਤਰ ਹਨ ਅਤੇ ਉਨ੍ਹਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਦਲੀਲਾਂ ਸੁਣਨ ਤੋਂ ਬਾਅਦ ਬੈਂਚ ਨੇ ਹੁਕਮ ਦਿਤਾ ਕਿ ਮੰਦਰ ਪ੍ਰਬੰਧਕ ਕਮੇਟੀ ਸਮੇਤ ਸਬੰਧਤ ਧਿਰਾਂ ਨੂੰ ਨੋਟਿਸ ਦਿਤਾ ਜਾਵੇ।
