
ਜਸਟਿਸ ਮੁਕਤਾ ਗੁਪਤਾ ਅਤੇ ਪੂਨਮ ਏ ਬਾਂਬਾ ਦੀ ਬੈਂਚ ਨੇ ਸੇਂਗਰ ਦੀ ਸਜ਼ਾ ਨੂੰ 27 ਜਨਵਰੀ ਤੋਂ 10 ਫਰਵਰੀ ਤੱਕ ਮੁਅੱਤਲ ਕਰ ਦਿੱਤਾ।
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਸਾਲ 2017 ਵਿਚ ਉੱਤਰ ਪ੍ਰਦੇਸ਼ ਦੇ ਉਨਾਓ ਵਿਚ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਭਾਰਤੀ ਜਨਤਾ ਪਾਰਟੀ ਦੇ ਬਰਖ਼ਾਸਤ ਆਗੂ ਕੁਲਦੀਪ ਸਿੰਘ ਸੇਂਗਰ ਨੂੰ ਆਪਣੀ ਧੀ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਸੋਮਵਾਰ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਮੁਕਤਾ ਗੁਪਤਾ ਅਤੇ ਪੂਨਮ ਏ ਬਾਂਬਾ ਦੀ ਬੈਂਚ ਨੇ ਸੇਂਗਰ ਦੀ ਸਜ਼ਾ ਨੂੰ 27 ਜਨਵਰੀ ਤੋਂ 10 ਫਰਵਰੀ ਤੱਕ ਮੁਅੱਤਲ ਕਰ ਦਿੱਤਾ। ਬੈਂਚ ਨੇ ਸੇਂਗਰ ਨੂੰ ਇਹ ਵੀ ਕਿਹਾ ਕਿ ਉਹ ਆਪਣੀ ਰਿਹਾਈ ਦੇ ਸਮੇਂ ਦੌਰਾਨ ਰੋਜ਼ਾਨਾ ਆਧਾਰ 'ਤੇ ਸਬੰਧਤ ਸਟੇਸ਼ਨ ਹਾਊਸ ਅਫਸਰ ਨੂੰ ਰਿਪੋਰਟ ਕਰਨ ਅਤੇ ਇਕ-ਇਕ ਲੱਖ ਰੁਪਏ ਦੀਆਂ ਦੋ ਜ਼ਮਾਨਤਾਂ ਪੇਸ਼ ਕਰਨ।
ਇਹ ਵੀ ਪੜ੍ਹੋ: ਪੰਜਾਬ ਵਿਚ 24 ਹਜ਼ਾਰ ਆਸ਼ਾ ਵਰਕਰਾਂ ਦੇ ਸਿਮ ਬਲਾਕ, ਪੇਂਡੂ ਖੇਤਰ ਦੇ ਮਰੀਜ਼ ਪ੍ਰੇਸ਼ਾਨ
ਹਾਈ ਕੋਰਟ ਵਿਚ ਸੇਂਗਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਐੱਨ ਹਰੀਹਰਨ ਅਤੇ ਪੀ ਕੇ ਦੂਬੇ ਨੇ ਅਦਾਲਤ ਨੂੰ ਦੱਸਿਆ ਕਿ ਵਿਆਹ ਦੀਆਂ ਰਸਮਾਂ ਅਤੇ ਪ੍ਰੋਗਰਾਮ ਗੋਰਖਪੁਰ ਅਤੇ ਲਖਨਊ ਵਿਚ ਕੀਤੇ ਜਾ ਰਹੇ ਹਨ। ਪਰਿਵਾਰ ਦਾ ਇਕਲੌਤਾ ਪੁਰਸ਼ ਮੈਂਬਰ ਹੋਣ ਕਾਰਨ ਕੁਲਦੀਪ ਸੇਂਗਰ ਨੂੰ ਹੀ ਇਸ ਦਾ ਪ੍ਰਬੰਧ ਕਰਨਾ ਹੋਵੇਗਾ। ਸੇਂਗਰ ਨੇ ਪਹਿਲਾਂ ਅਦਾਲਤ ਨੂੰ ਦੱਸਿਆ ਸੀ ਕਿ ਵਿਆਹ 8 ਫਰਵਰੀ ਨੂੰ ਹੋਵੇਗਾ। ਸੀਬੀਆਈ ਦੇ ਵਕੀਲ ਨੇ ਕਿਹਾ ਕਿ ਏਜੰਸੀ ਨੇ ਸਟੇਟਸ ਰਿਪੋਰਟ ਦਾਇਰ ਕੀਤੀ ਹੈ ਅਤੇ ਪਤਾ ਲੱਗਿਆ ਹੈ ਕਿ ਵਿਆਹ ਸਮਾਗਮਾਂ ਲਈ ਦੋ ਹਾਲ ਬੁੱਕ ਕੀਤੇ ਗਏ ਹਨ।
ਇਹ ਵੀ ਪੜ੍ਹੋ: ਵਿਆਹੁਤਾ ਬਲਾਤਕਾਰ ਮਾਮਲੇ 'ਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਜਾਰੀ ਕੀਤਾ ਨੋਟਿਸ, 15 ਫਰਵਰੀ ਤੱਕ ਮੰਗਿਆ ਜਵਾਬ
ਉਨਾਓ ਬਲਾਤਕਾਰ ਮਾਮਲੇ ਵਿਚ ਹੇਠਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਸੇਂਗਰ ਦੀ ਅਪੀਲ ਹਾਈ ਕੋਰਟ ਵਿਚ ਵਿਚਾਰ ਅਧੀਨ ਹੈ। ਉਹਨਾਂ ਨੇ ਹੇਠਲੀ ਅਦਾਲਤ ਦੇ 16 ਦਸੰਬਰ 2019 ਦੇ ਫੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ, ਜਿਸ ਵਿਚ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਸੇਂਗਰ ਨੇ 20 ਦਸੰਬਰ 2019 ਦੇ ਹੁਕਮ ਨੂੰ ਰੱਦ ਕਰਨ ਦੀ ਵੀ ਮੰਗ ਕੀਤੀ ਹੈ, ਜਿਸ ਵਿਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹੇਠਲੀ ਅਦਾਲਤ ਨੇ ਸੇਂਗਰ ਨੂੰ ਭਾਰਤੀ ਦੰਡਾਵਲੀ ਦੀ ਧਾਰਾ 376(2) ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਠਹਿਰਾਇਆ ਸੀ। ਇਹ ਧਾਰਾ ਇਕ ਜਨਤਕ ਸੇਵਕ ਦੁਆਰਾ ਬਲਾਤਕਾਰ ਦੇ ਅਪਰਾਧ ਨਾਲ ਨਜਿੱਠਦੀ ਹੈ ਜੋ "ਆਪਣੀ ਸਰਕਾਰੀ ਸਥਿਤੀ ਦਾ ਫਾਇਦਾ ਉਠਾਉਂਦਾ ਹੈ ਅਤੇ ਇਕ ਔਰਤ ਨਾਲ ਬਲਾਤਕਾਰ ਕਰਦਾ ਹੈ"।
ਇਹ ਵੀ ਪੜ੍ਹੋ: ਕੈਨੇਡਾ ’ਚ ਵਧਿਆ ਪੰਜਾਬੀਆਂ ਦਾ ਮਾਣ: ਅਲਬਰਟਾ ਦੀ ਗਵਰਨਰ ਵਲੋਂ ਬਲਦੇਵ ਸਿੰਘ ਗਰੇਵਾਲ ਨੂੰ ਰਾਜ ਪੱਧਰੀ ਸਨਮਾਨ
ਸੇਂਗਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਹੋਏ ਅਦਾਲਤ ਨੇ ਕਿਹਾ ਸੀ ਕਿ ਦੋਸ਼ੀ ਆਪਣੀ ਬਾਕੀ ਦੀ ਜ਼ਿੰਦਗੀ ਜੇਲ੍ਹ ਵਿਚ ਹੀ ਬਿਤਾਏਗਾ। ਇਸ ਦੇ ਨਾਲ ਹੀ ਸੇਂਗਰ 'ਤੇ 25 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਸੇਂਗਰ ਨੇ 2017 'ਚ ਲੜਕੀ ਨੂੰ ਅਗਵਾ ਕਰਕੇ ਬਲਾਤਕਾਰ ਕੀਤਾ ਸੀ। ਉਦੋਂ ਉਹ ਲੜਕੀ ਨਾਬਾਲਗ ਸੀ। ਸੁਪਰੀਮ ਕੋਰਟ ਦੇ ਨਿਰਦੇਸ਼ਾਂ 'ਤੇ ਮਾਮਲੇ ਦੀ ਸੁਣਵਾਈ ਉਨਾਓ ਤੋਂ ਦਿੱਲੀ ਤਬਦੀਲ ਕਰ ਦਿੱਤੀ ਗਈ ਸੀ।