
ਆਂਧਰਾ ਪ੍ਰਦੇਸ਼ ਦੇ ਬਹੁਤ ਸਾਰੇ ਘਰਾਂ ’ਚ ਸੰਕ੍ਰਾਂਤੀ (ਪੇਡਾ ਪਾਂਡੂਗਾ) ’ਤੇ ਸ਼ਾਹੀ ਦਾਵਤ ਦੇ ਕੇ ਜਵਾਈਆਂ ਨੂੰ ਖ਼ੁਸ਼ ਕਰਨਾ ਦੀ ਪਰੰਪਰਾ ਰਹੀ ਹੈ
ਵਿਸ਼ਾਖਾਪਟਨਮ: ਆਂਧਰਾ ਪ੍ਰਦੇਸ਼ ਦੇ ਅਨਾਕਾਪੱਲੀ ’ਚ ਇਕ ਪਰਵਾਰ ਨੇ ਮਕਰ ਸੰਕ੍ਰਾਂਤੀ ਦੇ ਮੌਕੇ ’ਤੇ ਦਿਤੀ ਇਕ ਸ਼ਾਨਦਾਰ ਦਾਵਤ ’ਚ ਅਪਣੇ ਜਵਾਈ ਸਾਹਮਣੇ 300 ਪਕਵਾਨ ਰੱਖੇ। ਦਰਅਸਲ ਵਿਆਹ ਤੋਂ ਬਾਅਦ ਜਵਾਈ ਦੇ ਪਹਿਲੀ ਵਾਰ ਸਹੁਰੇ ਘਰ ਜਾ ਰਿਹਾ ਸੀ ਅਤੇ ਚੌਲਾਂ ਦੇ ਵਪਾਰੀ ਗੁੰਡਾ ਸਾਈਂ ਅਤੇ ਉਨ੍ਹਾਂ ਦੀ ਪਤਨੀ ਇਸ ਪਲ ਨੂੰ ਯਾਦਗਾਰੀ ਬਣਾਉਣਾ ਚਾਹੁੰਦੇ ਸਨ।
ਪਿਛਲੇ ਮਹੀਨੇ ਰਿਸ਼ੀਤਾ ਨਾਲ ਵਿਆਹ ਕਰਨ ਵਾਲੇ ਪੀ. ਦੇਵੇਂਦਰ ਨੇ ਕਿਹਾ ਕਿ ਉਹ ਇਸ ਸ਼ਾਨਦਾਰ ਸਵਾਗਤ ਅਤੇ ਇੰਨੀ ਵੱਡੀ ਗਿਣਤੀ ਵਿਚ ਪਕਵਾਨਾਂ ਤੋਂ ਹੈਰਾਨ ਹਨ। ਉਸ ਨੇ ਕਿਹਾ ਕਿ ਹਰ ਪਕਵਾਨ ਦਾ ਸਵਾਦ ਵੱਖਰਾ ਸੀ। ਪਕਵਾਨਾਂ ’ਚ ਬਿਰਯਾਨੀ, ਜ਼ੀਰਾ ਚਾਵਲ, ਫ੍ਰਾਈਡ ਚਾਵਲ, ਟਮਾਟਰ ਚਾਵਲ, ਪੁਲੀਹੋਰਾ ਅਤੇ ਦਰਜਨਾਂ ਮਠਿਆਈਆਂ ਸ਼ਾਮਲ ਸਨ।
ਸੱਸ ਨੇ ਕਿਹਾ ਕਿ ਉਸ ਨੇ ਪਕਵਾਨ ਤਿਆਰ ਕਰਨ ਲਈ ਤਿੰਨ ਦਿਨਾਂ ਤਕ ਸਖਤ ਮਿਹਨਤ ਕੀਤੀ। ਉਨ੍ਹਾਂ ਕਿਹਾ, ‘‘ਅਸੀਂ ਜਵਾਈ ਦੀ ਸ਼ਾਨਦਾਰ ਤਰੀਕੇ ਨਾਲ ਮੇਜ਼ਬਾਨੀ ਕਰ ਕੇ ਇਕ ਮਿਸਾਲ ਕਾਇਮ ਕਰਨਾ ਚਾਹੁੰਦੇ ਸੀ। ਅਨਾਕਾਪੱਲੀ ’ਚ ਪਹਿਲਾਂ ਕਿਸੇ ਨੇ ਵੀ ਅਜਿਹਾ ਨਹੀਂ ਕੀਤਾ।’’
ਆਂਧਰਾ ਪ੍ਰਦੇਸ਼ ਦੇ ਬਹੁਤ ਸਾਰੇ ਘਰਾਂ ’ਚ ਸੰਕ੍ਰਾਂਤੀ (ਪੇਡਾ ਪਾਂਡੂਗਾ) ’ਤੇ ਸ਼ਾਹੀ ਦਾਵਤ ਦੇ ਕੇ ਜਵਾਈਆਂ ਨੂੰ ਖ਼ੁਸ਼ ਕਰਨਾ ਜਾਂ ਲਾਡ ਲਾਉਣਾ ਇਕ ਪਰੰਪਰਾ ਰਹੀ ਹੈ। ਇਹ ਪਰੰਪਰਾ ਅਣਵੰਡੇ ਗੋਦਾਵਰੀ ਜ਼ਿਲ੍ਹਿਆਂ ’ਚ ਆਮ ਹੈ। ਪਿਛਲੇ ਸਾਲ, ਏਲੁਰੂ ਦੇ ਇਕ ਪਰਵਾਰ ਨੇ ਅਪਣੇ ਜਵਾਈ ਨੂੰ 379 ਤਰ੍ਹਾਂ ਦੇ ਪਕਵਾਨ ਖਾਣ ਲਈ ਦਿਤੇ ਸਨ। ਸਾਲ 2022 ’ਚ ਨਰਸਾਪੁਰਮ ’ਚ ਇਕ ਪਰਵਾਰ ਨੇ ਵੀ ਅਜਿਹਾ ਹੀ ਤਿਉਹਾਰ ਮਨਾਇਆ ਸੀ, ਜਦੋਂ ਇਕ ਪਰਵਾਰ ਨੇ ਅਪਣੇ ਹੋਣ ਵਾਲੇ ਜਵਾਈ ਨੂੰ 365 ਪਕਵਾਨ ਦਿਤੇ ਸਨ।
ਇਹ ਸਿਰਫ ਜਵਾਈਆਂ ਨੂੰ ਦਿਤੇ ਜਾਣ ਵਾਲੇ ਭੋਜਨ ਦੀ ਗੱਲ ਨਹੀਂ ਹੈ। ਪਰਵਾਰ ਉਨ੍ਹਾਂ ਨੂੰ ਮਹਿੰਗੇ ਤੋਹਫ਼ੇ ਵੀ ਦਿੰਦੇ ਹਨ। ਇਸ ਸਾਲ, ਅਮਲਾਪੁਰਮ ’ਚ, ਇਕ ਜਵਾਈ ਨੇ ਅਪਣੀ ਰੋਲਸ ਰਾਇਸ ’ਤੇ ਸ਼ਹਿਰ ’ਚ ਸ਼ਾਨਦਾਰ ਐਂਟਰੀ ਕੀਤੀ, ਜਿਸ ਦੀ ਕੀਮਤ 12 ਕਰੋੜ ਰੁਪਏ ਦੱਸੀ ਜਾਂਦੀ ਹੈ। ਚੇਨਈ ਦਾ ਕਾਰੋਬਾਰੀ ਸੰਕ੍ਰਾਂਤੀ ’ਤੇ ਅਪਣੇ ਸਹੁਰੇ ਪਰਵਾਰ ਨੂੰ ਮਿਲਣ ਗਿਆ ਸੀ। ਮਹਿੰਗੀ ਕਾਰ ਖਿੱਚ ਦਾ ਕੇਂਦਰ ਬਣ ਗਈ। ਸਹੁਰੇ ਪਰਵਾਰ ਨੇ ਵੀ ਪਟਾਕੇ ਚਲਾ ਕੇ ਅਤੇ ਫੁੱਲਾਂ ਦੀ ਵਰਖਾ ਕਰ ਕੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ।