ਐਨ.ਡੀ.ਏ. ਦਾ ਵਿਕਾਸ ਰੀਕਾਰਡ ਮਹਾਰਾਸ਼ਟਰ ਦੇ ਲੋਕਾਂ ਨੂੰ ਆਇਆ ਪਸੰਦ: ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ: ਮਹਾਰਾਸ਼ਟਰ ਵਿਚ ਨਗਰ ਨਿਗਮ ਚੋਣਾਂ ’ਚ ਦੇ ਨਤੀਜਿਆਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲਾ ਸੱਤਾਧਾਰੀ ਗਠਜੋੜ ਭਾਰੀ ਜਿੱਤ ਵਲ ਵਧ ਰਿਹਾ ਹੈ। ਕੁੱਲ 29 ਨਗਰ ਨਿਗਮਾਂ ਲਈ 15 ਜਨਵਰੀ ਨੂੰ 54 ਫ਼ੀ ਸਦੀ ਵੋਟਾਂ ਪਈਆਂ ਸਨ।
ਮੁੰਬਈ ਦੀਆਂ 227 ਸੀਟਾਂ ਵਿਚੋਂ 210 ਸੀਟਾਂ ਦੇ ਰੁਝਾਨ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਭਾਜਪਾ 90 ਸੀਟਾਂ ਉਤੇ ਅੱਗੇ ਚੱਲ ਰਹੀ ਹੈ ਅਤੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ 28 ਚੋਣ ਵਾਰਡਾਂ ਉਤੇ ਅੱਗੇ ਚੱਲ ਰਹੀ ਹੈ। ਅਜੀਤ ਪਵਾਰ ਦੀ ਅਗਵਾਈ ਵਾਲੀ ਐਨ.ਸੀ.ਪੀ., ਜਿਸ ਨੇ ਵੱਖਰੇ ਤੌਰ ਉਤੇ ਚੋਣ ਲੜੀ ਸੀ, ਤਿੰਨ ਵਾਰਡਾਂ ਵਿਚ ਅੱਗੇ ਚੱਲ ਰਹੀ ਹੈ।
ਵਿਰੋਧੀ ਧਿਰ ਦੇ ਕੈਂਪ ’ਚ, ਸ਼ਿਵ ਸੈਨਾ-ਯੂ.ਬੀ.ਟੀ. ਅਤੇ ਇਸ ਦੀ ਸਹਿਯੋਗੀ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐਮ.ਐਨ.ਐਸ.) ਕ੍ਰਮਵਾਰ 57 ਅਤੇ 9 ਵਾਰਡਾਂ ਵਿਚ ਅੱਗੇ ਹਨ। ਵੰਚਿਤ ਬਹੁਜਨ ਅਘਾੜੀ ਨਾਲ ਗਠਜੋੜ ’ਚ ਚੋਣ ਲੜਨ ਵਾਲੀ ਕਾਂਗਰਸ 15 ਵਾਰਡਾਂ ’ਚ ਅੱਗੇ ਹੈ ਅਤੇ ਹੋਰ 8 ਵਾਰਡਾਂ ’ਚ ਅੱਗੇ ਹਨ।
ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਹਰਸ਼ਵਰਧਨ ਸਪਕਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੇ ਸੂਬੇ ਭਰ ਦੇ ਪੰਜ ਸ਼ਹਿਰਾਂ ਵਿਚ ਮੇਅਰ ਹੋਣਗੇ ਅਤੇ 10 ਨਗਰ ਨਿਗਮਾਂ ’ਚ ਇਹ ਗਠਜੋੜ ’ਚ ਰਹੇਗੀ। ਕਾਂਗਰਸ ਨੁਸਾਰ ਲਾਤੁਰ, ਚੰਦਰਪੁਰ, ਭਿਵੰਡੀ (ਥਾਣੇ ਜ਼ਿਲ੍ਹਾ), ਪ੍ਰਭਣੀ ਅਤੇ ਕੋਲ੍ਹਾਪੁਰ ’ਚ ਕਾਂਗਰਸ ਦੇ ਮੇਅਰ ਹੋਣਗੇ।
ਨਤੀਜਿਆਂ ’ਚ ਭਾਜਪਾ ਦੀ ਜਿੱਤ ਦਾ ਅਨੁਮਾਨ ਲੱਗਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਮਹਾਰਾਸ਼ਟਰ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ ਕਿ ਉਨ੍ਹਾਂ ਨੇ ਐਨ.ਡੀ.ਏ. ਦੇ ਲੋਕ ਪੱਖੀ ਸ਼ਾਸਨ ਦੇ ਏਜੰਡੇ ਨੂੰ ਆਸ਼ੀਰਵਾਦ ਦਿਤਾ। ‘ਐਕਸ’ ਉਤੇ ਇਕ ਪੋਸਟ ਵਿਚ ਉਨ੍ਹਾਂ ਕਿਹਾ, ‘‘ਧੰਨਵਾਦ ਮਹਾਰਾਸ਼ਟਰ! ਐਨ.ਡੀ.ਏ. ਦੇ ਲੋਕ ਪੱਖੀ ਸੁਸ਼ਾਸਨ ਦੇ ਏਜੰਡੇ ਨੂੰ ਅਸ਼ੀਰਵਾਦ ਦੇਣ ਲਈ। ਵੱਖ-ਵੱਖ ਨਗਰ ਨਿਗਮਾਂ ਦੀਆਂ ਚੋਣਾਂ ਦੇ ਨਤੀਜੇ ਦਰਸਾਉਂਦੇ ਹਨ ਕਿ ਮਹਾਰਾਸ਼ਟਰ ਦੇ ਲੋਕਾਂ ਨਾਲ ਐਨ.ਡੀ.ਏ. ਦਾ ਰਿਸ਼ਤਾ ਹੋਰ ਡੂੰਘਾ ਹੋਇਆ ਹੈ।’’
ਉਨ੍ਹਾਂ ਕਿਹਾ, ‘‘ਸਾਡੇ ਟ੍ਰੈਕ ਰੀਕਾਰਡ ਅਤੇ ਵਿਕਾਸ ਦੇ ਲਈ ਦ੍ਰਿਸ਼ਟੀਕੋਣ ਨੇ ਲੋਕਾਂ ਨੂੰ ਪ੍ਰਭਾਵਤ ਕੀਤਾ ਹੈ। ਮੈਂ ਪੂਰੇ ਮਹਾਰਾਸ਼ਟਰ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ। ਇਹ ਤਰੱਕੀ ਨੂੰ ਗਤੀ ਦੇਣ ਅਤੇ ਉਸ ਸ਼ਾਨਦਾਰ ਸਭਿਆਚਾਰ ਦਾ ਜਸ਼ਨ ਮਨਾਉਣ ਲਈ ਵੋਟ ਹੈ ਜਿਸ ਨਾਲ ਸੂਬੇ ਜੁੜਿਆ ਹੋਇਆ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਐਨ.ਡੀ.ਏ. ਦੇ ਹਰ ਕਾਰਜਕਰਤਾ ਉਤੇ ਬਹੁਤ ਮਾਣ ਹੈ ਜਿਸ ਨੇ ਮਹਾਰਾਸ਼ਟਰ ਭਰ ਦੇ ਲੋਕਾਂ ਵਿਚ ਅਣਥੱਕ ਮਿਹਨਤ ਕੀਤੀ। ਜਦਕਿ ਸੂਬੇ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਕਿਹਾ ਕਿ ਇਮਾਨਦਾਰੀ ਅਤੇ ਵਿਕਾਸ ਲਈ ਭਾਜਪਾ ਦੀ ਅਗਵਾਈ ਵਾਲੇ ਮਹਾਯੁਤੀ ਗਠਜੋੜ ਨੂੰ ਚੁਣਿਆ।
