ਸੰਸਥਾਪਕਾਂ ਅਤੇ ਉੱਦਮੀਆਂ ਨੂੰ ਨਵੇਂ ਵਿਚਾਰਾਂ ਉਤੇ ਕੰਮ ਕਰਨ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਿਹਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਭਾਰਤ ਨੂੰ ਅਪਣੇ ਸਟਾਰਟਅੱਪਸ ਦੀਆਂ ਖੋਜਾਂ ਅਤੇ ਆਤਮਵਿਸ਼ਵਾਸ ਉਤੇ ਪੂਰਾ ਭਰੋਸਾ ਹੈ ਅਤੇ ਆਉਣ ਵਾਲੇ ਦਹਾਕੇ ’ਚ ਦੇਸ਼ ਨੂੰ ਸਟਾਰਟਅਪ ਰੁਝਾਨਾਂ ਅਤੇ ਤਕਨਾਲੋਜੀ ’ਚ ਵਿਸ਼ਵ ਪੱਧਰ ਉਤੇ ਅਗਵਾਈ ਕਰਨੀ ਚਾਹੀਦੀ ਹੈ। ਮੋਦੀ ਨੇ ਕਿਹਾ ਕਿ ਬਨਾਉਟੀ ਬੁੱਧੀ (ਏ.ਆਈ.) ਉਤੇ ਅਗਾਂਹਵਧੂ ਦੇਸ਼ ਨੂੰ ਮੁਕਾਬਲੇਬਾਜ਼ੀ ਦਾ ਫਾਇਦਾ ਹੋਵੇਗਾ।
ਝੰਡਾਬਰਦਾਰ ਪ੍ਰੋਗਰਾਮ ‘ਸਟਾਰਟਅਪ ਇੰਡੀਆ’ ਦਾ ਇਕ ਦਹਾਕੇ ਪੂਰਾ ਹੋਣ ਉਤੇ ਇਕ ਵਿਸ਼ਾਲ ਸਮਾਗਮ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਸੰਸਥਾਪਕਾਂ ਅਤੇ ਉੱਦਮੀਆਂ ਨੂੰ ਨਵੇਂ ਵਿਚਾਰਾਂ ਉਤੇ ਕੰਮ ਕਰਨ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਿਹਾ ਅਤੇ ਗੁਣਵੱਤਾ ਵਾਲੇ ਉਤਪਾਦਾਂ ਉਤੇ ਧਿਆਨ ਕੇਂਦਰਤ ਕੀਤਾ। ਮੋਦੀ ਨੇ ਕਿਹਾ, ‘‘ਸਾਡਾ ਟੀਚਾ ਇਹ ਹੋਣਾ ਚਾਹੀਦਾ ਹੈ ਕਿ ਆਉਣ ਵਾਲੇ 10 ਸਾਲਾਂ ’ਚ ਭਾਰਤ ਨਵੇਂ ਸਟਾਰਟਅਪ ਰੁਝਾਨਾਂ ਅਤੇ ਤਕਨਾਲੋਜੀ ’ਚ ਦੁਨੀਆਂ ਦੀ ਅਗਵਾਈ ਕਰੇਗਾ।’’
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤ ਵਿਚ ਸਟਾਰਟਅੱਪਸ ਅਤੇ ਉੱਦਮੀਆਂ ਦੇ ਵਿਸ਼ਵਾਸ, ਹਿੰਮਤ ਅਤੇ ਖੋਜਾਂ ਉਤੇ ਪੂਰਾ ਭਰੋਸਾ ਹੈ ਅਤੇ ਕਿਹਾ ਕਿ ਦੇਸ਼ ਦਾ ਭਵਿੱਖ ਆਕਾਰ ਲੈ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਹੁਣ ਸਮਾਂ ਆ ਗਿਆ ਹੈ ਕਿ ਸਟਾਰਟਅੱਪਸ ਨਿਰਮਾਣ ਅਤੇ ਖੋਜ ਉਤੇ ਵੀ ਧਿਆਨ ਕੇਂਦਰਤ ਕਰਨ। ਅੱਜ ਦੀ ਖੋਜ ਕੱਲ੍ਹ ਦੀ ਬੌਧਿਕ ਸੰਪਤੀ ਬਣ ਜਾਂਦੀ ਹੈ।’’
ਭਾਰਤ ਦੀ ਸਟਾਰਟਅੱਪ ਸਫਲਤਾ ਦੀ ਕਹਾਣੀ ਉਤੇ ਮੋਦੀ ਨੇ ਕਿਹਾ ਕਿ ਸਟਾਰਟਅਪਾਂ ਨੂੰ ਸੀਡ ਫੰਡ ਮੁਹੱਈਆ ਕਰਵਾਉਣ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਦਕਿ ਪੁਰਾਣੇ ਨਿਯਮਾਂ ਨੂੰ ਖਤਮ ਕਰ ਦਿਤਾ ਗਿਆ ਹੈ। ਉਨ੍ਹਾਂ ਕਿਹਾ, ‘‘ਅਸੀਂ ਪੁਰਾਣੇ ਨਿਯਮਾਂ ਨੂੰ ਹਟਾ ਦਿਤਾ ਹੈ ਅਤੇ ਖੋਜੀਆਂ ਉਤੇ ਭਰੋਸਾ ਕੀਤਾ ਹੈ।’’
ਸਟਾਰਟਅੱਪ ਇੰਡੀਆ ਦੀ ਸ਼ੁਰੂਆਤ 16 ਜਨਵਰੀ, 2016 ਨੂੰ ਨਵੀਨਤਾ ਨੂੰ ਉਤਸ਼ਾਹਿਤ ਕਰਨ, ਉੱਦਮਤਾ ਨੂੰ ਉਤਸ਼ਾਹਤ ਕਰਨ ਅਤੇ ਨਿਵੇਸ਼-ਸੰਚਾਲਿਤ ਵਿਕਾਸ ਨੂੰ ਸਮਰੱਥ ਬਣਾਉਣ ਲਈ ਇਕ ਪਰਿਵਰਤਨਸ਼ੀਲ ਕੌਮੀ ਪ੍ਰੋਗਰਾਮ ਵਜੋਂ ਕੀਤੀ ਗਈ ਸੀ, ਜਿਸਦਾ ਉਦੇਸ਼ ਭਾਰਤ ਨੂੰ ਨੌਕਰੀ ਲੱਭਣ ਵਾਲਿਆਂ ਦੀ ਬਜਾਏ ਨੌਕਰੀ ਪੈਦਾ ਕਰਨ ਵਾਲਿਆਂ ਦਾ ਰਾਸ਼ਟਰ ਬਣਾਉਣਾ ਹੈ।
ਸ਼ੁਕਰਵਾਰ ਨੂੰ, ਸਟਾਰਟਅੱਪ ਇੰਡੀਆ ਪਹਿਲ ਦੇ ਇਕ ਦਹਾਕੇ ਪੂਰੇ ਹੋਣ ਮੌਕੇ ਪ੍ਰੋਗਰਾਮ ’ਚ, ਪ੍ਰਧਾਨ ਮੰਤਰੀ ਨੇ ਭਾਰਤ ਦੇ ਜੀਵੰਤ ਸਟਾਰਟਅੱਪ ਈਕੋਸਿਸਟਮ ਦੇ ਸੰਸਥਾਪਕਾਂ ਨਾਲ ਵੀ ਗੱਲਬਾਤ ਕੀਤੀ।
