
ਇਹ ਖ਼ਬਰ ਸੁਣ ਕੇ ਉਸਦੇ ਮਾਤਾ-ਪਿਤਾ ਅਤੇ ਪੂਰਾ ਪਰਿਵਾਰ ਸਦਮੇ ਵਿੱਚ ਹੈ
Indian Student Dies in Canada: ਹੈਦਰਾਬਾਦ : ਕੈਨੇਡਾ ਵਿਚ ਇਕ ਭਾਰਤੀ ਵਿਦਿਆਰਥੀ ਦੀ ਦਿਲ ਦਾ ਦੌਰਾ ਪੈਣ ਕਰ ਕੇ ਮੌਤ ਹੋ ਗਈ। ਵਿਦਿਆਰਥੀ ਦਾ ਨਾਮ ਸ਼ੇਖ ਮੁਜ਼ੱਮਿਲ ਅਹਿਮਦ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਵਿਦਿਆਰਥੀ ਦੀ ਮ੍ਰਿਤਕ ਦੇਹ ਨੂੰ ਹੈਦਰਾਬਾਦ ਉਸ ਦੇ ਪਿੰਡ ਜਲਦ ਤੋਂ ਜਲਦ ਲਿਆਉਣ ਦੀ ਬੇਨਤੀ ਕੀਤੀ ਹੈ।
ਅਹਿਮਦ (25) ਹੈਦਰਾਬਾਦ ਦਾ ਰਹਿਣ ਵਾਲਾ ਸੀ ਅਤੇ ਓਨਟਾਰੀਓ ਦੇ ਕਿਚਨਰ ਸਿਟੀ ਦੇ ਵਾਟਰਲੂ ਕੈਂਪਸ ਦੇ ਕੋਨੇਸਟੋਗਾ ਕਾਲਜ ਤੋਂ ਆਈ.ਟੀ. ਵਿੱਚ ਮਾਸਟਰਜ਼ ਕਰ ਰਿਹਾ ਸੀ। ਤੇਲੰਗਾਨਾ ਆਧਾਰਿਤ ਸਿਆਸੀ ਪਾਰਟੀ ਮਜਲਿਸ ਬਚਾਓ ਤਹਿਰੀਕ (ਐੱਮ.ਬੀ.ਟੀ.) ਦੇ ਆਗੂ ਅਮਜਦ ਉੱਲਾ ਖ਼ਾਨ ਨੇ ਸੋਸ਼ਲ ਮੀਡੀਆ 'ਤੇ ਇਸ ਘਟਨਾ ਦੀ ਜਾਣਕਾਰੀ ਦਿੱਤੀ।
ਐੱਮ.ਬੀ.ਟੀ. ਆਗੂ ਨੇ ਕਿਹਾ ਕਿ ਅਹਿਮਦ ਪਿਛਲੇ ਹਫ਼ਤੇ ਤੋਂ ਬੁਖ਼ਾਰ ਨਾਲ ਪੀੜਤ ਸੀ, ਪਰ ਉਸ ਦੇ ਪਰਿਵਾਰ ਨੂੰ ਅਹਿਮਦ ਦੇ ਦੋਸਤ ਦਾ ਫ਼ੋਨ ਆਇਆ ਕਿ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਨੇ ਮ੍ਰਿਤਕ ਦੇ ਪਰਿਵਾਰ ਵੱਲੋਂ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੂੰ ਮਦਦ ਲਈ ਬੇਨਤੀ ਕਰਨ ਵਾਲਾ ਪੱਤਰ ਵੀ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ।
ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਅਮਜਦ ਉੱਲਾ ਖਾਨ ਨੇ ਕਿਹਾ, “ਹੈਦਰਾਬਾਦ, ਤੇਲੰਗਾਨਾ ਰਾਜ ਦਾ 25 ਸਾਲ ਦਾ ਸ਼ੇਖ ਮੁਜ਼ੱਮਿਲ ਅਹਿਮਦ ਦਸੰਬਰ 2022 ਤੋਂ ਕੈਨੇਡਾ ਦੇ ਓਨਟਾਰੀਓ ਵਿਚ ਕਿਚਨਰ ਸਿਟੀ ਵਿੱਚ ਵਾਟਰਲੂ ਕੈਂਪਸ ਦੇ ਕੋਨੇਸਟੋਗਾ ਕਾਲਜ ਤੋਂ ਆਈ.ਟੀ. ਵਿੱਚ ਮਾਸਟਰਜ਼ ਕਰ ਰਿਹਾ ਸੀ, ਪਿਛਲੇ ਇੱਕ ਹਫ਼ਤੇ ਤੋਂ ਉਸ ਨੂੰ ਬੁਖ਼ਾਰ ਸੀ, ਪਰ ਉਸ ਦੇ ਪਰਿਵਾਰ ਨੂੰ ਉਸਦੇ ਦੋਸਤ ਦਾ ਫ਼ੋਨ ਆਇਆ ਕਿ ਅੱਜ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਹੈ।
ਇਹ ਖ਼ਬਰ ਸੁਣ ਕੇ ਉਸਦੇ ਮਾਤਾ-ਪਿਤਾ ਅਤੇ ਪੂਰਾ ਪਰਿਵਾਰ ਸਦਮੇ ਵਿੱਚ ਹੈ ਅਤੇ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਓਟਾਵਾ ਵਿੱਚ ਭਾਰਤੀ ਹਾਈ ਕਮਿਸ਼ਨ ਅਤੇ ਟੋਰਾਂਟੋ ਵਿਚ ਭਾਰਤੀ ਕੌਂਸਲੇਟ ਜਨਰਲ ਨੂੰ ਜਲਦੀ ਤੋਂ ਜਲਦੀ ਉਸਦੀ ਮ੍ਰਿਤਕ ਦੇਹ ਨੂੰ ਹੈਦਰਾਬਾਦ ਭੇਜਣ ਲਈ ਕਹੋ।"