ਫੌਜ ਨੇ ਇਸ ਮਾਮਲੇ ਦੀ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਹਨ।
ਨਵੀਂ ਦਿੱਲੀ : ਭਾਰਤੀ ਫੌਜ ਦਾ ਚੀਤਾ ਹੈਲੀਕਾਪਟਰ ਵੀਰਵਾਰ ਨੂੰ ਅਰੁਣਾਚਲ ਪ੍ਰਦੇਸ਼ 'ਚ ਚੀਨ ਦੀ ਸਰਹੱਦ ਨੇੜੇ ਹਾਦਸਾਗ੍ਰਸਤ ਹੋ ਗਿਆ। ਹਾਦਸੇ 'ਚ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਨਾਂ ਲੈਫਟੀਨੈਂਟ ਕਰਨਲ ਵੀਵੀਬੀ ਰੈੱਡੀ ਅਤੇ ਮੇਜਰ ਜਯੰਤ ਏ. ਹਨ। ਸਮਾਚਾਰ ਏਜੰਸੀ ਮੁਤਾਬਕ ਹੈਲੀਕਾਪਟਰ ਮੰਡਲਾ ਹਿਲਸ ਇਲਾਕੇ ‘ਚ ਹਾਦਸਾਗ੍ਰਸਤ ਹੋ ਗਿਆ। ਫੌਜ ਨੇ ਇਸ ਮਾਮਲੇ ਦੀ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਹਨ।
ਰੱਖਿਆ ਗੁਹਾਟੀ ਦੇ ਪੀਆਰਓ ਲੈਫਟੀਨੈਂਟ ਕਰਨਲ ਮਹਿੰਦਰ ਰਾਵਤ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਆਰਮੀ ਏਵੀਏਸ਼ਨ ਦਾ ਚੀਤਾ ਹੈਲੀਕਾਪਟਰ ਅਰੁਣਾਚਲ ਪ੍ਰਦੇਸ਼ ਦੇ ਬੋਮਦਿਆਲ ਨੇੜੇ ਆਪਰੇਸ਼ਨਲ ਉਡਾਨ ਉੱਤੇ ਸੀ। ਇਸ ਦੌਰਾਨ ਸਵੇਰੇ 9:15 ਵਜੇ ਇਸ ਦਾ ਏਅਰ ਟ੍ਰੈਫਿਕ ਕੰਟਰੋਲ (ਏ.ਟੀ.ਸੀ.) ਨਾਲ ਸੰਪਰਕ ਟੁੱਟ ਗਿਆ।
ਅਰੁਣਾਚਲ ਪ੍ਰਦੇਸ਼ ਪੁਲਿਸ ਨੇ ਦੱਸਿਆ ਕਿ ਦੁਪਹਿਰ ਕਰੀਬ 12.30 ਵਜੇ ਦਿਰਾਂਗ ਥਾਣਾ ਬੰਗਜਲੇਪ ਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਕ ਹੈਲੀਕਾਪਟਰ ਕਰੈਸ਼ ਹੋ ਗਿਆ ਹੈ। ਇਸ ਲਈ ਆਈਟੀਬੀਪੀ, ਆਰਮੀ, ਐਸਐਸਬੀ ਅਤੇ ਪੁਲਿਸ ਦੀ ਖੋਜ ਅਤੇ ਬਚਾਅ ਟੀਮ ਮੌਕੇ ਲਈ ਰਵਾਨਾ ਹੋ ਗਈ ਸੀ।