
ਕਿਹਾ, ਅਧੂਰੀਆਂ ਇੱਛਾਵਾਂ ਲਈ ਸਾਨੂੰ ਦੋਸ਼ੀ ਠਹਿਰਾਉਣਾ ਠੀਕ ਨਹੀਂ
ਨਵੀਂ ਦਿੱਲੀ: ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਸਨਿਚਰਵਾਰ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਨਾਲ ਜੁੜੇ ਸਾਰੇ ਸਵਾਲਾਂ ਅਤੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਵੋਟਿੰਗ ਮਸ਼ੀਨਾਂ 100 ਫ਼ੀ ਸਦੀ ਸੁਰੱਖਿਅਤ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੀਆਂ ਅਦਾਲਤਾਂ ਨੇ 40 ਵਾਰ ਈ.ਵੀ.ਐਮ. ਨੂੰ ਦਿਤੀਆਂ ਚੁਨੌਤੀਆਂ ਨੂੰ ਰੱਦ ਕਰ ਦਿਤਾ ਹੈ ਅਤੇ ਹੁਣ ਅਦਾਲਤਾਂ ਨੇ ਜੁਰਮਾਨਾ ਲਗਾਉਣਾ ਸ਼ੁਰੂ ਕਰ ਦਿਤਾ ਹੈ।
ਉਨ੍ਹਾਂ ਕਿਹਾ, ‘‘40 ਵਾਰੀ ਇਸ ਦੇਸ਼ ਦੀਆਂ ਸੰਵਿਧਾਨਕ ਅਦਾਲਤਾਂ ਨੇ ਈ.ਵੀ.ਐਮ. ਨਾਲ ਜੁੜੀਆਂ ਚੁਨੌਤੀਆਂ ’ਤੇ ਗੌਰ ਕੀਤਾ ਹੈ। ਇਹ ਕਿਹਾ ਗਿਆ ਸੀ ਕਿ ਈ.ਵੀ.ਐਮ. ਨੂੰ ਹੈਕ ਕੀਤਾ ਜਾ ਸਕਦਾ ਹੈ, ਚੋਰੀ ਕੀਤਾ ਜਾ ਸਕਦਾ ਹੈ, ਖਰਾਬ ਕੀਤਾ ਜਾ ਸਕਦਾ ਹੈ, ਨਤੀਜੇ ਬਦਲ ਸਕਦੇ ਹਨ... ਹਰ ਵਾਰ ਸੰਵਿਧਾਨਕ ਅਦਾਲਤਾਂ ਨੇ ਇਸ ਨੂੰ ਰੱਦ ਕਰ ਦਿਤਾ।’’
ਉਨ੍ਹਾਂ ਕਿਹਾ, ‘‘ਅਦਾਲਤਾਂ ਨੇ ਕਿਹਾ ਕਿ ਇਸ ’ਚ ਵਾਇਰਸ ਨਹੀਂ ਹੋ ਸਕਦਾ, ਇਸ ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ। ਹੁਣ ਅਦਾਲਤ ਨੇ ਜੁਰਮਾਨਾ ਲਗਾਉਣਾ ਸ਼ੁਰੂ ਕਰ ਦਿਤਾ ਹੈ। ਸੁਪਰੀਮ ਕੋਰਟ ਨੇ 50 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ।’’
ਕੁਮਾਰ ਨੇ ਉਸ ਨੂੰ ਇਕ ਕਿਤਾਬ ਵਿਖਾਉਂਦੇ ਹੋਏ ਕਿਹਾ, ‘‘ਥੋੜ੍ਹਾ ਜਿਹਾ ਪੜ੍ਹਨ ਦੀ ਕੋਸ਼ਿਸ਼ ਕਰੋ। ਸਾਡੀ ਵੈੱਬਸਾਈਟ ’ਤੇ ਹੈ ... ਕੋਈ ਵੀ ਮਾਹਰ ਬਣ ਜਾਂਦੈ।’’ ਉਨ੍ਹਾਂ ਕਿਹਾ ਕਿ ਈ.ਵੀ.ਐਮ. ਦੇ ਯੁੱਗ ’ਚ ਬਹੁਤ ਸਾਰੀਆਂ ਛੋਟੀਆਂ ਸਿਆਸੀ ਪਾਰਟੀਆਂ ਹੋਂਦ ’ਚ ਆਈਆਂ, ਜੋ ਬੈਲਟ ਪੇਪਰਾਂ ਦੇ ਯੁੱਗ ’ਚ ਨਹੀਂ ਸਨ।
ਕੁਮਾਰ ਨੇ ਕਿਹਾ ਕਿ ਉਮੀਦਵਾਰਾਂ ਦੇ ਸਾਹਮਣੇ ‘ਮੌਕ ਪੋਲ’ ਹੁੰਦਾ ਹੈ। ਉਨ੍ਹਾਂ ਕਿਹਾ, ‘‘ਅਧੂਰੀਆਂ ਹਸਰਤਾਂ ਦਾ ਇਲਜ਼ਾਮ ਹਰ ਵਾਰੀ ਸਾਡੇ ’ਤੇ ਲਾਉਣਾ ਠੀਕ ਨਹੀਂ, ਵਫ਼ਾ ਖ਼ੁਦ ਤੋਂ ਨਹੀਂ ਹੁੰਦੀ ਖਤਾ ਈ.ਵੀ.ਐਮ. ਦੀ ਕਹਿੰਦੇ ਹੋ। ਬਾਅਦ ’ਚ, ਜਦੋਂ ਨਤੀਜਾ ਆਉਂਦਾ ਹੈ, ਤਾਂ ਉਸ ’ਤੇ ਕਾਇਮ ਨਹੀਂ ਰਹਿੰਦੇ।’’
ਉਨ੍ਹਾਂ ਕਿਹਾ, ‘‘ਈ.ਵੀ.ਐਮ. 100 ਫੀ ਸਦੀ ਸੁਰੱਖਿਅਤ ਹਨ। ਅਸੀਂ ਬਹੁਤ ਸਾਰੇ ਸੁਧਾਰ ਕੀਤੇ ਹਨ। ਹਰ ਈ.ਵੀ.ਐਮ. ਦਾ ਨੰਬਰ ਉਮੀਦਵਾਰਾਂ ਨੂੰ ਦਿਤਾ ਜਾਵੇਗਾ।’’