
MP News : ਹਸਪਤਾਲ ਸਟਾਫ਼ ਦੀ ਮੁਸ਼ਤੈਦੀ ਨੇ 190 ਤੋਂ ਵੱਧ ਮਰੀਜ਼ਾਂ ਨੂੰ ਬਚਾਇਆ
Fire breaks out in hospital in Madhya Pradesh Latest News in Punjabi : ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਦੇ ਇਕ ਸਰਕਾਰੀ ਹਸਪਤਾਲ ਵਿਚ ਬੀਤੀ ਰਾਤ ਅੱਗ ਲੱਗ ਗਈ, ਜਿਸ ਤੋਂ ਬਾਅਦ 190 ਤੋਂ ਵੱਧ ਮਰੀਜ਼ਾਂ ਨੂੰ ਸੁਰੱਖਿਅਤ ਥਾਂ 'ਤੇ ਤਬਦੀਲ ਕਰ ਦਿਤਾ ਗਿਆ। ਇਸ ਘਟਨਾ ਵਿਚ ਅਜੇ ਤਕ ਕਿਸੇ ਵੀ ਜਾਨੀ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ।
ਅਧਿਕਾਰੀਆਂ ਅਨੁਸਾਰ, ਕਮਲਾ ਰਾਜਾ ਹਸਪਤਾਲ ਦੇ ਗਾਇਨੀਕੋਲੋਜੀ ਵਿਭਾਗ ਦੇ ਆਈਸੀਯੂ ਦੇ ਏਅਰ ਕੰਡੀਸ਼ਨਰ ਵਿਚ ਅੱਗ ਲੱਗੀ। ਹਸਪਤਾਲ ਦੇ ਸੁਰੱਖਿਆ ਕਰਮਚਾਰੀਆਂ, ਜੋ ਕਿ ਗਜਾਰਾ ਰਾਜਾ ਮੈਡੀਕਲ ਕਾਲਜ ਦਾ ਹਿੱਸਾ ਹਨ, ਨੇ ਤੁਰਤ ਕਾਰਵਾਈ ਕਰਦਿਆਂ ਖਿੜਕੀਆਂ ਤੋੜ ਕੇ 190 ਤੋਂ ਵੱਧ ਮਰੀਜ਼ਾਂ ਨੂੰ ਬਚਾਇਆ। ਜਿਨ੍ਹਾਂ ਵਿਚ ਆਈਸੀਯੂ ਵਿਚ ਦਾਖ਼ਲ 13 ਮਰੀਜ਼ ਵੀ ਸ਼ਾਮਲ ਹਨ। ਉਨ੍ਹਾਂ ਨੂੰ ਹੁਣ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਰੁਚਿਕਾ ਚੌਹਾਨ ਨੇ ਕਿਹਾ ਕਿ ਸਾਰੇ ਮਰੀਜ਼ ਸੁਰੱਖਿਅਤ ਹਨ ਅਤੇ ਘਟਨਾ ਦੀ ਜਾਂਚ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ, ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ। ਗਵਾਲੀਅਰ ਨਗਰ ਨਿਗਮ ਦੀ ਫ਼ਾਇਰ ਬ੍ਰਿਗੇਡ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।
ਇਕ ਮਰੀਜ਼ ਦੇ ਰਿਸ਼ਤੇਦਾਰ ਨੇ ਕਿਹਾ, ‘ਅੱਗ ਕਾਰਨ ਹਸਪਤਾਲ ਧੂੰਏਂ ਨਾਲ ਭਰ ਗਿਆ ਸੀ ਪਰ ਹਸਪਤਾਲ ਦੇ ਸਟਾਫ਼ ਨੇ ਤੁਰਤ ਸਾਰੇ ਮਰੀਜ਼ਾਂ ਨੂੰ ਸੁਰੱਖਿਅਤ ਥਾਂ 'ਤੇ ਭੇਜ ਦਿਤਾ। ਜਿਸ ਲਈ ਅਸੀਂ ਹਸਪਤਾਲ ਸਟਾਫ਼ ਦੇ ਧਨਵਾਦੀ ਹਾਂ।’