
ਬਜ਼ੁਰਗ ਮਾਤਾ-ਪਿਤਾ ਨੂੰ ਹਸਪਤਾਲਾਂ ’ਚ ਛੱਡ ਦਿਤਾ ਹੈ, ਤਾਂ ਉਨ੍ਹਾਂ ਦੀ ਜਾਇਦਾਦ ਟਰਾਂਸਫ਼ਰ ਅਤੇ ਵਸੀਅਤ ਰੱਦ
ਬੇਂਗਲੁਰੂ : ਕਰਨਾਟਕ ਦੇ ਮੰਤਰੀ ਸ਼ਰਣ ਪ੍ਰਕਾਸ਼ ਪਾਟਿਲ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਬੱਚਿਆਂ ਨੇ ਅਪਣੇ ਬਜ਼ੁਰਗ ਮਾਤਾ-ਪਿਤਾ ਨੂੰ ਹਸਪਤਾਲਾਂ ’ਚ ਛੱਡ ਦਿਤਾ ਹੈ, ਤਾਂ ਉਨ੍ਹਾਂ ਦੀ ਜਾਇਦਾਦ ਟਰਾਂਸਫ਼ਰ ਅਤੇ ਵਸੀਅਤ ਰੱਦ ਕਰ ਦਿਤੀ ਜਾਣੀ ਚਾਹੀਦੀ ਹੈ।
ਮੰਤਰੀ ਨੇ ਕਿਹਾ ਕਿ ਇਹ ਸਮੱਸਿਆ ਉਦੋਂ ਆਉਂਦੀ ਹੈ ਜਦੋਂ ਬਜ਼ੁਰਗ ਅਪਣੀ ਜਾਇਦਾਦ ਬੱਚਿਆਂ ਦੇ ਨਾਂ ਕਰ ਦਿੰਦੇ ਹਨ, ਅਤੇ ਫਿਰ ਬੱਚੇ ਉਨ੍ਹਾਂ ਨੂੰ ਹਸਪਤਾਲਾਂ ’ਚ ਛੱਡ ਕੇ ਚਲੇ ਜਾਂਦੇ ਹਨ।
ਮੰਤਰੀ ਦਫ਼ਤਰ ਦੇ ਇਕ ਬਿਆਨ ਅਨੁਸਾਰ, ‘‘ਬੇਲਗਾਵੀ ਇਸੰਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਬੀ.ਆਈ.ਐਮ.ਐਸ.) ’ਚ ਹੀ 150 ਤੋਂ ਜ਼ਿਆਦਾ ਬਜ਼ੁਰਗਾਂ ਨੂੰ ਛੱਡਣ ਦੇ ਮਾਮਲੇ ਸਾਹਮਣੇ ਆਏ ਹਨ ਜਦਕਿ ਸੂਬੇ ਦੇ ਹੋਰ ਮੈਡੀਕਲ ਸੰਸਥਾਨਾਂ ’ਚ 100 ਤੋਂ ਵੱਧ ਅਜਿਹੇ ਹੀ ਮਾਮਲੇ ਵੇਖਣ ਨੂੰ ਮਿਲੇ ਹਨ।’’
ਪਿੱਛੇ ਜਿਹੇ ਹੋਈ ਸਮੀਖਿਆ ਬੈਠਕ ’ਚ ਬੀ.ਆਈ.ਐਮ.ਐਸ. ਦੇ ਡਾਇਰੈਕਟਰ ਨੇ ਮੈਡੀਕਲ ਸਿਖਿਆ ਅਤੇ ਹੁਨਰ ਵਿਕਾਸ ਮੰਤਰੀ ਸ਼ਰਣ ਪ੍ਰਕਾਸ਼ ਪਾਟਿਲ ਸਾਹਮਣੇ ਇਹ ਮੁੱਦਾ ਚੁਕਿਆ। ਇਸ ’ਤੇ ਮੰਤਰੀ ਨੇ ਡੂੰਘੀ ਚਿੰਤਾ ਪ੍ਰਗਟਾਈ ਅਤੇ ਕਿਹਾ ਕਿ ਇਸ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਮੈਡੀਕਲ ਸਿਖਿਆ ਡਾਇਰੈਕਟਰ ਡਾ. ਬੀ.ਐਲ. ਸੁਜਾਤਾ ਰਾਠੌੜ ਨੂੰ ਹੁਕਮ ਦਿਤਾ ਕਿ ਉਹ ਸਾਰੇ ਹਸਪਤਾਲਾਂ ਅਤੇ ਮੈਡੀਕਲ ਸੰਸਥਾਨਾਂ ਦੇ ਪ੍ਰਮੁੱਖਾਂ ਨੂੰ ਇਸ ਬਾਰੇ ਸੂਚਿਤ ਕਰਨ ਅਤੇ ਬੱਚਿਆਂ ਵਿਰੁਧ ਕਾਰਵਾਈ ਕਰਨ ਲਈ ਸਹਾਇਕ ਕਮਿਸ਼ਨਰਾਂ (ਰੈਵੀਨਿਊ ਉਪ-ਵਿਭਾਗ) ਕੋਲ ਸ਼ਿਕਾਇਤਾਂ ਦਰਜ ਕਰਵਾਉਣ।