
ਅਗਵਾ ਵਿਅਕਤੀ ਦਾ ਕੁੱਟ-ਕੁੱਟ ਕੇ ਕਤਲ, ਉਸ ਨੂੰ ਬਚਾਉਣ ਗਏ ਪੁਲਿਸ ਮੁਲਾਜ਼ਮ ਦੀ ਵੀ ਲਈ ਜਾਨ
ਮਊਗੰਜ: ਮੱਧ ਪ੍ਰਦੇਸ਼ ਦੇ ਮਊਗੰਜ ਜ਼ਿਲ੍ਹੇ ’ਚ ਸਨਿਚਰਵਾਰ ਨੂੰ ਆਦਿਵਾਸੀਆਂ ਦੇ ਇਕ ਸਮੂਹ ਨੇ ਕਥਿਤ ਤੌਰ ’ਤੇ ਅਗਵਾ ਕੀਤੇ ਵਿਅਕਤੀ ਨੂੰ ਬਚਾਉਣ ਪਹੁੰਚੀ ਪੁਲਿਸ ਟੀਮ ’ਤੇ ਹਮਲਾ ਕਰ ਦਿਤਾ, ਜਿਸ ’ਚ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਕਿਹਾ ਕਿ ਸਮੂਹ ਨੇ ਅਗਵਾ ਕੀਤੇ ਵਿਅਕਤੀ ਦਾ ਵੀ ਕਤਲ ਕਰ ਦਿਤਾ ਸੀ।
ਉਨ੍ਹਾਂ ਕਿਹਾ ਕਿ ਘਟਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 25 ਕਿਲੋਮੀਟਰ ਦੂਰ ਗਦਰਾ ਪਿੰਡ ’ਚ ਵਾਪਰੀ ਅਤੇ ਘਟਨਾ ਬਾਰੇ ਪੁਲਿਸ ਨੇ ਪੰਜ ਲੋਕਾਂ ਨੂੰ ਹਿਰਾਸਤ ’ਚ ਲਿਆ ਹੈ।ਰੀਵਾ ਰੇਂਜ ਦੇ ਪੁਲਿਸ ਉਪ ਇੰਸਪੈਕਟਰ ਜਨਰਲ ਸਾਕੇਤ ਪਾਂਡੇ ਨੇ ਕਿਹਾ, ‘‘ਇਕ ਏ.ਐਸ.ਆਈ. (ਸਹਾਇਕ ਉਪ ਇੰਸਪੈਕਟਰ) ਸਮੇਤ ਦੋ ਲੋਕ ਮਾਰੇ ਗੲੈ ਹਨ ਅਤੇ ਹੋਰ ਪੁਲਿਸ ਮੁਲਾਜ਼ਮਾਂ ਨੂੰ ਮਾਮੂਲੀ ਸੱਟਾ ਲਗਆਂ ਹਨ।’’ ਸੂਤਰਾਂ ਨੇ ਦਸਿਆ ਕਿ ਭੀੜ ਵਲੋਂ ਘੇਰੇ ਜਾਣ ਮਗਰੋਂ ਪੁਲਿਸ ਨੂੰ ਅਪਣੀ ਜਾਨ ਬਚਾਉਣ ਲਈ ਹਵਾ ’ਚ ਗੋਲੀਆਂ ਚਲਾਉਣੀਆਂ ਪਈਆਂ।
ਸਥਾਨਕ ਸੂਤਰਾਂ ਨੇ ਦਸਿਆ ਕਿ ਕੋਲ ਜਨਜਾਤੀ ਦੇ ਲੋਕਾਂ ਨੇ ਸਨਿਚਰਵਾਰ ਨੂੰ ਸ਼ਨੀ ਦਿਵੇਦੀ ਨਾਮਕ ਵਿਅਕਤੀ ਨੂੰ ਅਗਵਾ ਕਰ ਲਿਆ ਸੀ। ਉਨ੍ਹਾਂ ਨੂੰ ਸ਼ੱਕ ਸੀ ਕਿ ਦਿਵੇਦੀ ਨੇ ਕੁੱਝ ਮਹੀਨੇ ਪਹਿਲਾਂ ਅਸ਼ੋਕ ਕੁਮਾਰ ਨਾਂ ਦੇ ਇਕ ਆਦਿਵਾਸੀ ਦਾ ਕਤਲ ਕਰ ਦਿਤਾ ਸੀ। ਪੁਲਿਸ ਰੀਕਾਰਡ ਅਨੁਸਾਰ ਕੁਮਾਰ ਦੀ ਮੌਤ ਸੜਕ ਹਾਦਸੇ ’ਚ ਹੋਈ ਸੀ।
ਦਿਵੇਦੀ ਨੂੰ ਅਗਵਾ ਕਰਨ ਦੀ ਸੂਚਨਾ ਮਿਲਣ ’ਤੇ ਸ਼ਾਹਪੁਰ ਥਾਣੇ ਦੇ ਇੰਚਾਰਜ ਸੰਦੀਪ ਭਾਰਤੀ ਦੀ ਅਗਵਾਈ ’ਚ ਇਕ ਟੀਮ ਉਸ ਨੂੰ ਬਚਾਉਣ ਲਈ ਗਦਰਾ ਪਿੰਡ ਪਹੁੰਚੀ। ਪੁਲਿਸ ਨੇ ਦਸਿਆ ਕਿ ਪਰ ਉਸ ਸਮੇਂ ਤਕ ਦਿਵੇਦੀ ਦੀ ਇਕ ਕਮਰੇ ’ਚ ਕਥਿਤ ਤੌਰ ’ਤੇ ਕੁੱਟਮਾਰ ਮਗਰੋਂ ਮੌਤ ਹੋ ਗਈ ਸੀ।
ਪੁਲਿਸ ਮੁਤਾਬਕ ਜਦੋਂ ਪੁਲਿਸ ਵਾਲਿਆਂ ਨੇ ਕਮਰਾ ਖੋਲ੍ਹਿਆ ਤਾਂ ਆਦਿਵਾਸੀਆਂ ਦੇ ਇਕ ਸਮੂਹ ਨੇ ਉਨ੍ਹਾਂ ’ਤੇ ਲਾਠੀਆਂ ਅਤੇ ਪੱਥਰਾਂ ਨਾਲ ਹਮਲਾ ਕਰ ਦਿਤਾ, ਜਿਸ ਨਾਲ ਕੁੱਝ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਜ਼ਖ਼ਮੀ ਪੁਲਿਸ ਮੁਲਾਜ਼ਮਾਂ ਨੂੰ ਹਸਪਤਾਲ ਲਿਆਂਦਾ ਗਿਆ ਪਰ ਵਿਸ਼ੇਸ਼ ਹਥਿਆਰਬੰਦ ਬਲਾਂ ਦੇ ਏ.ਐਸ.ਆਈ. ਚਰਣ ਗੌਤਮ ਨੇ ਇਲਾਜ ਦੌਰਾਨ ਦਮ ਤੋੜ ਦਿਤਾ।ਹਾਲਾਤ ਕਾਬੂ ਕਰਨ ਲਈ ਭਾਰੀ ਪੁਲਿਸ ਫ਼ੋਰਸ ਤੈਨਾਤ ਕੀਤੀ ਗਈ ਹੈ। ਜ਼ਿਲ੍ਹਾ ਅਧਿਕਾਰੀ ਨੇ ਦਸਿਆ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ।