
ਸਿਹਤ ਕਰਮੀਆਂ ਨੇ ਮੇਲਾ ਖੇਤਰ ’ਚ ਪੰਜ ਦਿਨਾਂ ’ਚ 2,36,715 ਲੋਕਾਂ ਦੀ ਕੀਤੀ ਕੋਵਿਡ ਜਾਂਚ
ਦੇਹਰਾਦੂਨ : ਹਰਿਦੁਆਰ ਕੁੰਭ ਮੇਲਾ ਖੇਤਰ ’ਚ 10 ਤੋਂ 14 ਅਪ੍ਰੈਲ ਦਰਮਿਆਨ 1700 ਤੋਂ ਵੱਧ ਲੋਕਾਂ ਦੇ ਕੋਰੋਨਾ ਪਾਜ਼ੇਟਿਵ ਮਿਲਣ ਦੌਰਾਨ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਵਿਸ਼ਵ ਦਾ ਸੱਭ ਤੋਂ ਵੱਡਾ ਧਾਰਮਕ ਇਕੱਠ ਕੋਵਿਡ 19 ਦੇ ਮਾਮਲਿਆਂ ’ਚ ਆ ਰਹੇ ਜ਼ਬਰਦਸਤ ਉਛਾਲ ਨੂੰ ਹੋਰ ਤੇਜ਼ ਕਰ ਸਕਦਾ ਹੈ। ਸਿਹਤ ਕਰਮੀਆਂ ਨੇ ਮੇਲਾ ਖੇਤਰ ’ਚ ਇਨ੍ਹਾਂ ਪੰਜ ਦਿਨਾਂ ’ਚ 2,36,715 ਲੋਕਾਂ ਦੀ ਕੋਵਿਡ ਜਾਂਚ ਕੀਤੀ, ਜਿਨ੍ਹਾਂ ਵਿਚੋਂ 1701 ਲੋਕਾਂ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ।
Mahakumbh
ਹਰਿਦੁਆਰ ਦੇ ਮੁੱਖ ਮੈਡੀਕਲ ਅਧਿਕਾਰੀ ਸ਼ੰਭੁ ਕੁਮਾਰ ਝਾ ਨੇ ਕਿਹਾ ਕਿ ਇਨ੍ਹਾਂ ਅੰਕੜਿਆਂ ’ਚ ਸ਼ਰਧਾਲੂਆਂ ਅਤੇ ਵੱਖ ਵੱਖ ਅਖਾੜਿਆਂ ਦੇ ਸਾਧੂ ਸੰਤਾਂ ਦੇ ਹਰਿਦੁਆਰ ਤੋਂ ਲੈ ਕੇ ਦੇਵਪ੍ਰਯਾਗ ਤਕ ਪੂਰੇ ਮੇਲਾ ਖੇਤਰ ’ਚ ਪੰਜ ਦਿਨਾਂ ’ਚ ਕੀਤੀ ਗਈ ਆਰਟੀ-ਪੀਸੀਆਰ ਅਤੇ ਰੈਪਿਡ ਐਂਟੀਜਨ ਜਾਂਚ ਦੋਹਾਂ ਦੇ ਅੰਕੜੇ ਸ਼ਾਮਲ ਹਨ। ਉਨ੍ਹਾਂ ਦਸਿਆ ਕਿ ਹਾਲੇ ਹੋਰ ਆਰਟੀ-ਪੀਸੀਆਰ ਜਾਂਚ ਦੇ ਨਤੀਜੇ ਆਉਣੇ ਬਾਕੇ ਹਨ ਅਤੇ ਇਨ੍ਹਾਂ ਹਾਲਾਤ ਨੂੰ ਦੇਖਦੇ ਹੋਏ ਕੁੰਭ ਮੇਲਾ ਖੇਤਰ ’ਚ ਪੀੜਤ ਵਿਅਕਤੀਆਂ ਦੀ ਗਿਣਤੀ 2000 ਦੇ ਪਾਰ ਜਾਣ ਦਾ ਪੂਰਾ ਖਦਸ਼ਾ ਹੈ।
Mahakumbh
ਜ਼ਿਕਰਯੋਗ ਹੈ ਕਿ 14 ਅਪ੍ਰੈਲ ਤੋਂ ਸ਼ਾਹੀ ਇਸ਼ਨਾਨ ਤੋਂ ਪਹਿਲਾਂ ਸਾਧੂ ਸੰਤ ਆਰਟੀ-ਪੀਸੀਆਰ ਜਾਂਚ ਲਈ ਤਿਆਰ ਨਹੀਂ ਹੋਏ। ਹਾਲਾਂਕਿ ਅਖਾੜਿਆਂ ਸਮੇਤ ਕੁੰਭ ਖੇਤਰ ਦੇ ਕਈ ਸਥਾਨਾਂ ’ਤੇ ਜਾਂਚ ਅਤੇ ਟੀਕਾਕਰਨ ਮੁਹਿੰਮ ’ਚ ਹੁਣ ਆਉਣ ਵਾਲੇ ਦਿਨਾਂ ’ਚ ਤੇਜ਼ੀ ਆਉਣ ਦੀ ਸੰਭਾਵਨਾ ਹੈ।