
ਹਿਬੂਬਾ ਮੁਫਤੀ ਨੇ ਕਿਹਾ ਕਿ ਭਾਜਪਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ 'ਚ ਨਾਕਾਮ ਸਾਬਤ ਹੋ ਰਹੀ ਹੈ
ਨਵੀਂ ਦਿੱਲੀ: ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਇਕ ਵਾਰ ਫਿਰ ਭਾਜਪਾ 'ਤੇ ਤਿੱਖਾ ਹਮਲਾ ਬੋਲਿਆ ਹੈ। ਮਹਿਬੂਬਾ ਮੁਫਤੀ ਨੇ ਕਿਹਾ ਕਿ ਭਾਜਪਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ 'ਚ ਨਾਕਾਮ ਸਾਬਤ ਹੋ ਰਹੀ ਹੈ, ਇਸ ਲਈ ਹਿੰਦੂ-ਮੁਸਲਿਮ ਦੇ ਨਾਂਅ 'ਤੇ ਲੋਕਾਂ ਨੂੰ ਲੜਾਇਆ ਜਾ ਰਿਹਾ ਹੈ। ਭਾਜਪਾ ਕੋਲ ਲੋਕਾਂ ਨੂੰ ਨਫ਼ਰਤ ਦੇਣ ਤੋਂ ਇਲਾਵਾ ਹੋਰ ਕੁਝ ਨਹੀਂ ਹੈ।
ਉਹਨਾਂ ਕਿਹਾ ਕਿ ਕਾਂਗਰਸ ਦੇ ਸਮੇਂ ਦੇਸ਼ ਦੀ ਜੋ ਵੀ ਦੌਲਤ ਬਣੀ ਸੀ, ਭਾਜਪਾ ਉਸ ਨੂੰ ਹੌਲੀ-ਹੌਲੀ ਵੇਚ ਰਹੀ ਹੈ। ਧਰਮ ਦੇ ਨਾਂਅ 'ਤੇ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ। ਮਹਿਬੂਬਾ ਮੁਫਤੀ ਨੇ ਕਿਹਾ, ‘ਉਹਨਾਂ (ਭਾਜਪਾ) ਨੂੰ ਇਕ ਵਾਰ ਦੱਸਣਾ ਚਾਹੀਦਾ ਹੈ ਕਿ ਉਹਨਾਂ ਦੀ ਨਜ਼ਰ ਕਿਸ ਮਸਜਿਦ 'ਤੇ ਹੈ। ਕੀ ਇਹਨਾਂ ਸਾਰਿਆਂ ਨੂੰ ਲੈਣ ਤੋਂ ਬਾਅਦ ਸਭ ਕੁਝ ਠੀਕ ਹੋ ਜਾਵੇਗਾ? ਕੀ ਉਸ ਤੋਂ ਬਾਅਦ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ? ਕੀ ਦੋ ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ? ਕੀ ਮਹਿੰਗਾਈ ਤੇ ਪੈਟਰੋਲ ਦੀਆਂ ਕੀਮਤਾਂ ਘਟਣਗੀਆਂ? ਕੀ ਉਹ ਹਿੰਦੂ-ਮੁਸਲਿਮ ਦੇ ਨਾਂਅ 'ਤੇ ਫੈਲਾਈ ਜਾ ਰਹੀ ਨਫ਼ਰਤ ਨੂੰ ਰੋਕ ਸਕਣਗੇ?
ਹੁਣ ਗਿਆਨਵਾਪੀ ਮਸਜਿਦ ਨੂੰ ਲੈ ਕੇ ਪਿੱਛੇ ਪਏ ਹਨ। ਕੀ ਉਸ ਨੂੰ ਲੈਣ ਤੋਂ ਬਾਅਦ ਸਭ ਠੀਕ ਹੋ ਜਾਵੇਗਾ? ਮਹਿਬੂਬਾ ਮੁਫਤੀ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਪੀਡੀਪੀ, ਐਨਸੀ, ਕਾਂਗਰਸ ਨੇ ਸੁਰੱਖਿਆ ਬਲਾਂ ਨਾਲ ਮਿਲ ਕੇ ਕਸ਼ਮੀਰੀ ਪੰਡਿਤਾਂ ਲਈ ਸੁਰੱਖਿਅਤ ਮਾਹੌਲ ਬਣਾਇਆ ਸੀ। 2010 ਅਤੇ 2016 ਵਿਚ ਵੀ ਸਿਖਰ ਗ੍ਰਿਫਤਾਰੀਆਂ ਦੌਰਾਨ ਕੋਈ ਅਜਿਹੀ ਘਟਨਾ ਨਹੀਂ ਵਾਪਰੀ ਜਿੱਥੇ ਕਸ਼ਮੀਰੀ ਪੰਡਿਤਾਂ ਨੂੰ ਮਾਰਿਆ ਗਿਆ ਹੋਵੇ ਪਰ ਭਾਜਪਾ ਦੇ ਰਾਜ ਤੋਂ ਬਾਅਦ ਮਾਹੌਲ ਵਿਗੜ ਗਿਆ ਹੈ। ਫਿਲਮ ਕਸ਼ਮੀਰ ਫਾਈਲਜ਼ ਦੇ ਬਣਨ ਤੋਂ ਬਾਅਦ ਸੂਬੇ 'ਚ ਹਿੰਸਾ ਅਤੇ ਨਫਰਤ ਵਧੀ ਹੈ।
ਉਹਨਾਂ ਕਿਹਾ, 'ਜਦੋਂ ਦੇਸ਼ ਭਰ ਵਿਚ ਮੁਸਲਮਾਨਾਂ 'ਤੇ ਅੱਤਿਆਚਾਰ ਦੀ ਘਟਨਾ ਹੁੰਦੀ ਹੈ। ਉਹਨਾਂ ਦੇ ਘਰ ਢਾਹ ਦਿੱਤੇ ਜਾਂਦੇ ਹਨ, ਮਸਜਿਦਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਫਿਰ ਇਸ ਦਾ ਅਸਰ ਸੂਬੇ ਵਿਚ ਦਿਖਾਈ ਦਿੰਦਾ ਹੈ ਅਤੇ ਲੋਕਾਂ ਵਿਚ ਦੂਰੀ ਹੋਰ ਵਧ ਜਾਂਦੀ ਹੈ। ਐਤਵਾਰ ਨੂੰ ਪੀਪਲਜ਼ ਅਲਾਇੰਸ ਫਾਰ ਗੁਪਕਰ ਘੋਸ਼ਣਾ (ਪੀਏਜੀਡੀ) ਦੇ ਇਕ ਵਫ਼ਦ ਨੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਕਿਹਾ ਕਿ ਕਰਮਚਾਰੀਆਂ ਨੂੰ ਉਹਨਾਂ ਦੇ ਕੰਮ ਵਾਲੀ ਥਾਂ ਅਤੇ ਜਿੱਥੇ ਉਹ ਰਹਿ ਰਹੇ ਹਨ, ਉੱਥੇ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਇਸ ਦੇ ਨਾਲ ਹੀ ਉਹਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ ਤਾਂ ਜੋ ਉਹ ਸੁਰੱਖਿਆ ਦੀ ਭਾਵਨਾ ਨਾਲ ਰਹਿ ਸਕਣ।