
ਜਾਨੀ ਨੁਕਸਾਨ ਤੋਂ ਬਚਾਅ, 23 ਜ਼ਖ਼ਮੀ
ਅਹਿਮਦਾਬਾਦ: ਚੱਕਰਵਾਤੀ ਤੂਫ਼ਾਨ ‘ਬਿਪਰਜੌਏ’ ਕਾਰਨ ਤੇਜ਼ ਹਵਾਵਾਂ ਚੱਲਣ ਅਤੇ ਭਾਰੀ ਮੀਂਹ ਪੈਣ ਕਰ ਕੇ ਗੁਜਰਾਤ ਦੇ ਕੱਛ ਅਤੇ ਸੌਰਾਸ਼ਟਰ ਦੇ ਇਲਾਕਿਆਂ ’ਚ ਭਾਰੀ ਤਬਾਹੀ ਹੋਈ ਹੈ। ਤੂਫ਼ਾਨ ਨਾਲ ਬਿਜਲੀ ਦੇ 5120 ਖੰਭੇ ਨੁਕਸਾਨ ਗਏ ਹਨ ਅਤੇ 4600 ਪਿੰਡਾਂ ’ਚ ਬਿਜਲੀ ਦੀ ਸਪਲਾਈ ਬੰਦ ਹੋ ਗਈ ਹੈ।
ਅਧਿਕਾਰੀਆਂ ਨੇ ਦਸਿਆ ਕਿ 3580 ਪਿੰਡਾਂ ’ਚ ਬਿਜਲੀ ਦੀ ਸਪਲਾਈ ਬਹਾਲ ਹੋ ਗਈ ਹੈ ਜਦਕਿ 1000 ਤੋਂ ਵੱਧ ਪਿੰਡਾਂ ’ਚ ਅਜੇ ਵੀ ਬਿਜਲੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਘੱਟ ਤੋਂ ਘੱਟ 600 ਦਰਖ਼ਤ ਉਖੜ ਗਏ ਹਨ ਅਤੇ ਸੂਬੇ ਦੇ ਤਿੰਨ ਨੈਸ਼ਨਲ ਹਾਈਵੇ ’ਤੇ ਟੁੱਟ-ਭੱਜ ਅਤੇ ਦਰਖ਼ਤ ਡਿੱਗਣ ਨਾਲ ਆਵਾਜਾਈ ਬੰਦ ਹੋ ਗਈ ਹੈ ਚਕਰਵਾਤੀ ਤੂਫ਼ਾਨ ਨਾਲ ਜੁੜੀਆਂ ਘਟਨਾਵਾਂ ’ਚ ਘੱਟ ਤੋਂ ਘੱਟ 23 ਲੋਕ ਜ਼ਖ਼ਮੀ ਹੋ ਗਏ ਹਨ। ਕਈ ਮਕਾਨ ਵੀ ਨੁਕਸਾਨ ਗਏ ਹਨ। ਇਸ ਚੱਕਰਵਾਤ ਕਰ ਕੇ 140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚਲੀਆਂ ਅਤੇ ਭਾਰੀ ਮੀਂਹ ਨਾਲ ਵੱਡੀ ਗਿਣਤੀ ’ਚ ਦਰਖ਼ਤ ਅਤੇ ਬਿਜਲੀ ਦੇ ਖੰਭੇ ਉਖੜ ਗਏ ਅਤੇ ਸਮੁੰਦਰ ਦਾ ਪਾਣੀ ਹੇਠਲੇ ਇਲਾਕਿਆਂ ਦੇ ਪਿੰਡਾਂ ’ਚ ਭਰ ਗਿਆ।
ਇਹ ਵੀ ਪੜ੍ਹੋ: ਅੰਤਰਰਾਸ਼ਟਰੀ ਯੋਗਾ ਦਿਵਸ ਤੋਂ ਪਹਿਲਾਂ PM ਮੋਦੀ ਨੇ ਸਾਂਝਾ ਕੀਤਾ ਵੱਖ-ਵੱਖ ਯੋਗਾ ਆਸਣਾਂ ਨੂੰ ਦਰਸਾਉਂਦਾ ਵੀਡੀਉ
ਚੱਕਰਵਾਤੀ ਤੂਫ਼ਾਨ ਦੇ ਜਾਖੂ ਬੰਦਰਗਾਹ ਨੇੜੇ ਪਹੁੰਚਣ ਦੀ ਪ੍ਰਕਿਰਿਆ ਵੀਰਵਾਰ ਸ਼ਾਮ ਸਾਢੇ ਛੇ ਵਜੇ ਸ਼ੁਰੂ ਹੋਈ ਅਤੇ ਦੇਰ ਰਾਤ 2:30 ਵਜੇ ਤਕ ਚੱਲੀ। ਇਸ ਦੌਰਾਨ ਪੂਰੇ ਕੱਛ ਜ਼ਿਲ੍ਹੇ ’ਚ ਭਾਰੀ ਮੀਂਹ ਪਿਆ। ਸੂਬੇ ਦੇ ਰਾਹਤ ਕਮਿਸ਼ਨਰ ਆਲੋਕ ਕੁਮਾਰ ਪਾਂਡੇ ਨੇ ਗਾਂਧੀਨਗਰ ’ਚ ਪੱਤਰਕਾਰਾਂ ਨੂੰ ਕਿਹਾ, ‘‘ਚੱਕਰਵਾਤੀ ਤੂਫ਼ਾਨ ਬਿਪਰਜੌਏ ਨਾਲ ਅਜੇ ਤਕ ਕਿਸੇ ਦੀ ਜਾਨ ਜਾਣ ਦੀ ਸੂਚਨਾ ਨਹੀਂ ਹੈ। ਇਹ ਸੂਬੇ ਲਈ ਬਹੁਤ ਚੰਗੀ ਰਾਹਤ ਦੀ ਗੱਲ ਹੈ। ਇਹ ਸਾਡੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਸੰਭਵ ਹੋ ਸਕਿਆ ਹੈ।’’
ਉਨ੍ਹਾਂ ਕਿਹਾ ਕਿ ਇਕ ਲੱਖ ਤੋਂ ਵੱਧ ਲੋਕਾਂ ਨੂੰ ਸੁਰਖਿਅਤ ਥਾਵਾਂ ’ਤੇ ਭੇਜਿਆ ਗਿਆ ਹੈ। ਤੇਜ਼ ਮੀਂਹ ਵਿਚਕਾਰ ਭਾਗਨਗਰ ’ਚ ਵੀਰਵਾਰ ਨੂੰ ਇਕ ਤੇਜ਼ ਵਹਾਅ ਵਾਲੇ ਨਾਲੇ ’ਚ ਫਸੀਆਂ ਅਪਣੀਆਂ ਬਕਰੀਆਂ ਨੂੰ ਬਚਾਉਂਦੇ ਸਮੇਂ ਇਕ ਵਿਅਕਤੀ ਅਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ। ਇਸ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਕਿਉਂਕਿ ਜ਼ਿਲ੍ਹੇ ’ਚ ਚੱਕਰਵਾਤੀ ਤੂਫ਼ਾਨ ਦਾ ਅਸਰ ਨਹੀਂ ਸੀ ਇਸ ਲਈ ਇਨ੍ਹਾਂ ਮੌਤਾਂ ਦੀ ਗਿਣਤੀ ਚੱਕਰਵਾਤ ਨਾਲ ਜੁੜੀਆਂ ਘਟਨਾਵਾਂ ’ਚ ਨਹੀਂ ਕੀਤੀ ਗਈ।
ਐਨ.ਡੀ.ਆਰ.ਐਫ਼. ਦੇ ਡਾਇਰੈਕਟਰ ਜਨਰਲ ਅਤੁਲ ਕਰਵਾਲ ਨੇ ਕਿਹਾ ਕਿ ਗੁਜਰਾਤ ’ਚ ਚੱਕਰਵਾਤੀ ਤੂਫ਼ਾਨ ਬਿਪਰਜੌਏ ਦੇ ਆਉਣ ਤੋਂ ਬਾਅਦ ਕਿਸੇ ਦੀ ਜਾਨ ਨਹੀਂ ਗਈ। ਹਾਲਾਂਕਿ 23 ਲੋਕ ਵੱਖੋ-ਵੱਖ ਘਟਨਾਵਾਂ ’ਚ ਜ਼ਖ਼ਮੀ ਹੋਏ ਹਨ ਅਤੇ ਸੂਬ ਦੇ ਘੱਟ ਤੋਂ ਘੱਟ 1000 ਪਿੰਡਾਂ ’ਚ ਬਿਜਲੀ ਦੀ ਸਪਲਾਈ ਬੰਦ ਹੋ ਗਈ ਹੈ।