
ਧਰਤੀ ਦੇ ਗਰਭ 'ਚ ਹਲਚਲ ਅਤੇ ਇਸ ਦੇ ਅਸਰ ਦਾ ਵਿਸ਼ਲੇਸ਼ਣ ਕਰਨ ਵਾਲੀਆਂ ਦੇਸ਼ ਦੀਆਂ ਚਾਰ ਵੱਡੀਆਂ ਸੰਸਥਾਵਾਂ ਨੇ ਖੋਜ ਵਿਚ ਦਾਅਵਾ ਕੀਤਾ ਹੈ ਕਿ ਭਵਿੱਖ...
ਦੇਹਰਾਦੂਨ, ਧਰਤੀ ਦੇ ਗਰਭ 'ਚ ਹਲਚਲ ਅਤੇ ਇਸ ਦੇ ਅਸਰ ਦਾ ਵਿਸ਼ਲੇਸ਼ਣ ਕਰਨ ਵਾਲੀਆਂ ਦੇਸ਼ ਦੀਆਂ ਚਾਰ ਵੱਡੀਆਂ ਸੰਸਥਾਵਾਂ ਨੇ ਖੋਜ ਵਿਚ ਦਾਅਵਾ ਕੀਤਾ ਹੈ ਕਿ ਭਵਿੱਖ ਵਿਚ ਆਉਣ ਵਾਲੇ ਵੱਡੇ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 8 ਤੋਂ ਵੀ ਜ਼ਿਆਦਾ ਹੋ ਸਕਦੀ ਹੈ ਅਤੇ ਉਦੋਂ ਜਾਨ ਮਾਲ ਦੀ ਭਾਰੀ ਤਬਾਹੀ ਹੋਵੇਗੀ।
ਇਹ ਖੋਜ ਦੇਹਰਾਦੂਨ ਦੀ ਵਾਡੀਆ ਇੰਸਟੀਚਿਊਟ ਆਫ਼ ਹਿਮਾਲੀਅਨ ਜਿਓਲੌਜੀ, ਨੈਸ਼ਨਲ ਜਿਓਲੌਜੀਕਲ ਰਿਸਰਚ ਇੰਸਟੀਚਿਊਟ ਹੈਦਰਾਬਾਦ, ਨੈਸ਼ਨਲ ਸੈਂਟਰ ਫ਼ਾਰ ਅਰਥ ਸੀਸਮਕ ਸਟੱਡੀਜ਼ ਕੇਰਲ ਅਤੇ ਆਈ.ਆਈ.ਟੀ. ਖੜਗਪੁਰ ਨੇ ਕੀਤੀ ਹੈ। ਵਾਡੀਆ ਸੰਸਥਾ ਦੇ ਸੀਨੀਅਰ ਵਿਗਿਆਨੀ ਡਾ. ਸੁਸ਼ੀਲ ਕੁਮਾਰ ਨੇ ਦਸਿਆ ਕਿ ਇਸ ਖੋਜ ਨੂੰ ਪੂਰਾ ਕਰਨ ਲਈ ਵਿਗਿਆਨੀਆਂ ਨੇ ਸਾਲ 2004 ਤੋਂ 2014 ਵਿਚਕਾਰ ਕੁਲ 423 ਭੂਚਾਲਾਂ ਦਾ ਅਧਿਐਨ ਕੀਤਾ।
ਉਨ੍ਹਾਂ ਕਿਹਾ, 'ਸਾਡਾ ਮੰਨਣਾ ਹੈ ਕਿ 1905 ਤੋਂ ਹੁਣ ਤਕ ਇੰਡੀਅਨ ਪਲੇਟ ਅਤੇ ਯੂਰੇਸ਼ੀਅਨ ਪਲੇਟ ਦੇ ਟਕਰਾਉਣ 'ਤੇ ਰਗੜ ਨਾਲ ਪੈਦਾ ਹੋਈ ਕੁਲ ਊਰਜਾ ਵਿਚੋਂ ਭੂਚਾਲ ਰਾਹੀਂ ਕੇਵਲ ਤਿੰਨ ਤੋਂ 5 ਫ਼ੀ ਸਦੀ ਊਰਜਾ ਹੀ ਨਿਕਲੀ ਹੈ। ਇਸ ਦਾ ਮਤਲਬ ਇਹ ਹੈ ਕਿ ਆਉਣ ਵਾਲੇ ਸਮੇਂ ਵਿਚ ਅੱਠ ਤੋਂ ਜ਼ਿਆਦਾ ਤੀਬਰਤਾ ਦਾ ਊਚਾਲ ਆਉਣ ਦੀ ਪੂਰੀ ਸੰਭਾਵਨਾ ਹੈ।'
ਡਾ. ਕੁਮਾਰ ਦਸਦੇ ਹਨ ਕਿ ਉਤਰ-ਪੱਛਮ ਹਿਮਾਲਿਆ ਖੇਤਰ ਵਿਚ ਇੰਡੀਅਨ ਪਲੇਟ ਉਤਰ ਦਿਸ਼ਾ ਵਲ ਖਿਸਕ ਰਹੀ ਹੈ ਅਤੇ ਯੂਰੇਸ਼ੀਅਨ ਪਲੇਟ ਦੇ ਹੇਠਾਂ ਦਬਾਅ ਪੈਦਾ ਕਰ ਰਹੀ ਹੈ ਜਿਸ ਨਾਲ ਇਸ ਖੇਤਰ ਵਿਚ ਬਹੁਤ ਜ਼ਿਆਦਾ ਫ਼ਾਲਟ ਸਿਸਟਮ ਬਣਾਏ ਗਏ ਹਨ। ਖੋਜ ਨੂੰ ਪੁਖਤਾ ਕਰਨ ਲਈ ਵਾਡੀਆ ਇੰਸਟੀਚਿਊਟ ਨੇ ਹਿਮਾਲਿਆ ਵਿਚ ਵੱਖ ਵੱਖ ਥਾਵਾਂ 'ਤੇ 12 ਬ੍ਰਾਂਡਬੈਂਡ ਸੀਸਮਕ ਸਟੇਸ਼ਨ ਲਗਾਏ ਅਤੇ ਕਈ ਸਾਲਾਂ ਦੇ ਵਕਫ਼ੇ ਵਿਚ ਇਨ੍ਹਾਂ ਸਟੇਸ਼ਨਾਂ 'ਤੇ ਰੀਕਾਰਡ ਵੱਖ ਵੱਖ ਪ੍ਰਕਾਰ ਦੇ ਭੂਚਾਲਾਂ ਦਾ ਵਿਸ਼ਲੇਸ਼ਣ ਕੀਤਾ।
Earthquake
ਡਾ. ਸੁਸ਼ੀਲ ਕੁਮਾਰ ਨੇ ਕਿਹਾ ਕਿ ਇਹ ਨਹੀਂ ਦਸਿਆ ਜਾ ਸਕਦਾ ਕਿ ਭਵਿੱਖ ਵਿਚ ਵੱਡਾ ਭੂਚਾਲ ਕਦੋਂ ਅਤੇ ਕਿਥੇ ਆਵੇਗਾ। ਉਨ੍ਹਾਂ ਕਿਹਾ ਕਿ ਹਿਮਾਲਿਆ 'ਚ ਲੋਕ ਭੂਚਾਲ ਸਬੰਧੀ ਜਾਗਰੂਕ ਰਹਿਣ ਅਤੇ ਮਕਾਨ ਨਿਰਮਾਣ ਵਿਚ ਭੂਚਾਲ ਰੋਧੀ ਤਕਨੀਕ ਦੀ ਵਰਤੋਂ ਕਰਨ। ਸਾਲ 1991 'ਚ ਉਤਰਕਾਸ਼ੀ ਅਤੇ 1999 ਵਿਚ ਚਮੋਲੀ ਵਿਚ ਆਏ ਭੂਚਾਲਾਂ ਦੀ ਤਬਾਹੀ ਝੇਲ ਚੁੱਕੇ ਉਤਰਾਖੰਡ ਦੀ ਰਾਜ ਸਰਕਾਰ ਨੇ ਕਈ ਥਾਈਂ ਆਈ.ਆਈ.ਟੀ. ਰੁੜਕੀ ਦੇ ਸਹਿਯੋਗ ਨਾਲ ਅਗਾਊਂ ਚੇਤਾਵਨੀ ਸਿਸਟਮ ਲਾਏ ਹਨ।
ਡਾ. ਸ਼ੁਸ਼ੀਲ ਨੇ ਦਸਿਆ ਕਿ ਰਾਜ ਸਰਕਾਰ ਨਾਲ ਭੂਚਾਲ ਦੀਆਂ ਤਿਆਰੀਆਂ ਸਬੰਧੀ ਪਿੱਛੇ ਜਿਹੇ ਹੋਈ ਬੈਠਕ ਦੌਰਾਨ ਉਨ੍ਹਾਂ ਨੇ ਸੁਝਾਅ ਦਿਤਾ ਹੈ ਕਿ ਹਰ ਸ਼ਹਿਰ ਵਿਚ ਭੂਚਾਲ ਰੋਧੀ ਇਮਾਰਤ ਬਣਵਾਈ ਜਾਵੇ ਜਿਥੇ ਭੂਚਾਲ ਦੀ ਚੇਤਾਵਨੀ ਮਿਲਣ 'ਤੇ ਜਾਂ ਭੂਚਾਲ ਆਉਣ ਤੋਂ ਬਾਅਦ ਲੋਕ ਉਥੇ ਰਹਿ ਸਕਣ।
ਉਨ੍ਹਾਂ ਕਿਹਾ, ''ਭੂਚਾਲ ਆਉਣ ਤੋਂ ਬਾਅਦ ਸੱਭ ਤੋਂ ਵੱਡੀ ਸਮੱਸਿਆ ਘਰਾਂ ਅਤੇ ਉਨ੍ਹਾਂ ਤਕ ਪਹੁੰਚਣ ਵਾਲੇ ਰਸਤਿਆਂ ਦੇ ਖ਼ਰਾਬ ਹੋਣ ਦੀ ਹੁੰਦੀ ਹੈ। ਹਿਮਾਲਿਆ ਦੀ ਸੰਵੇਦਨਸ਼ੀਲਤਾ ਨੂੰ ਵੇਖਦਿਆਂ ਇਨ੍ਹਾਂ ਇਮਾਰਤਾਂ ਵਿਚ ਹਰ ਸਮੇਂ ਖਾਧ ਸਮੱਗਰੀ, ਪਾਣੀ ਅਤੇ ਕੰਬਲ ਉਪਲਭਧ ਰਹਿਣੇ ਚਾਹੀਦੇ ਹਨ ਤਾਕਿ ਲੋਕ ਰਾਹਤ ਦਲ ਦੇ ਆਉਣ ਤਕ ਆਸਾਨੀ ਨਾਲ ਗੁਜਾਰਾ ਕਰ ਸਕਣ।'' (ਏਜੰਸੀ)