
ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਵਿਚ ਨਕਸਲੀਆਂ ਨਾਲ ਮੁਕਾਬਲੇ ਵਿਚ ਸਰਹੱਦੀ ਸੁਰੱਖਿਆ ਬਲ ਯਾਨੀ ਬੀਐਸਐਫ਼ ਦੇ ਦੋ ਜਵਾਨ ਸ਼ਹੀਦ ਹੋ ਗਏ ਜਦਕਿ ਇਕ ਹੋਰ ਜ਼ਖ਼ਮੀ ...
ਰਾਏਪੁਰ, ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਵਿਚ ਨਕਸਲੀਆਂ ਨਾਲ ਮੁਕਾਬਲੇ ਵਿਚ ਸਰਹੱਦੀ ਸੁਰੱਖਿਆ ਬਲ ਯਾਨੀ ਬੀਐਸਐਫ਼ ਦੇ ਦੋ ਜਵਾਨ ਸ਼ਹੀਦ ਹੋ ਗਏ ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ।ਡੀਆਈਜੀ ਸੁੰਦਰਰਾਜ ਪੀ ਨੇ ਦਸਿਆ ਕਿ ਪਰਤਾਪੌਰ ਥਾਣੇ ਤਹਿਤ ਬੀਐਸਐਸਫ਼ ਦੇ ਕੈਂਪ ਲਾਗੇ ਜੰਗਲ ਵਿਚ ਮੁਕਾਬਲਾ ਉਸ ਵੇਲੇ ਸ਼ੁਰੂ ਹੋਇਆ ਜਦ ਬੀਐਸਐਫ਼ ਦੀ 114ਵੀਂ ਬਟਾਲੀਅਨ ਮਾਓਵਾਦੀ ਵਿਰੋਧੀ ਟੀਮ ਮੁਹਿੰਮ ਤੋਂ ਵਾਪਸ ਆ ਰਹੀ ਸੀ।
ਜਦ ਬੀਐਸਐਫ਼ ਦੀ ਗਸ਼ਤ ਟੋਲੀ ਰਾਜਧਾਨੀ ਰਾਏਪੁਰ ਤੋਂ ਕਰੀਬ 250 ਕਿਲੋਮੀਟਰ ਦੂਰ ਬਰਕੋਟ ਪਿੰਡ ਵਿਚ ਜੰਗਲ ਦੇ ਰਸਤੇ ਅੱਗੇ ਵੱਧ ਰਹੀ ਸੀ ਤਾਂ ਉਸ ਸਮੇਂ ਨਕਸਲੀਆਂ ਨੇ ਉਸ 'ਤੇ ਗੋਲੀਬਾਰੀ ਕਰ ਦਿਤੀ ਜਿਸ ਮਗਰੋਂ ਮੁਕਾਬਲਾ ਸ਼ੁਰੂ ਹੋ ਗਿਆ। ਕੁੱਝ ਸਮਾਂ ਚੱਲੇ ਮੁਕਾਬਲੇ ਮਗਰੋਂ ਨਕਸਲੀ ਸੰਘਣੇ ਜੰਗਲ ਵਿਚ ਭੱਜ ਗਏ।
ਡੀਆਈਜੀ ਨੇ ਦਸਿਆ, 'ਮਾਰੇ ਗਏ ਦੋਹਾਂ ਕਾਂਸਟੇਬਲਾਂ ਦੀ ਪਛਾਣ ਲੋਕੇਂਦਰ ਸਿੰਘ ਅਤੇ ਮੁਖਤਿਆਰ ਸਿੰਘ ਵਜੋਂ ਹੋਈ ਹੈ ਜਿਹੜੇ ਰਾਜਸਥਾਨ ਅਤੇ ਪੰਜਾਬ ਦੇ ਰਹਿਣ ਵਾਲੇ ਸਨ ਜਦਕਿ ਮੁਕਾਬਲੇ ਵਿਚ ਜ਼ਖ਼ਮੀ ਕਾਂਸਟੇਬਲ ਸੰਦੀਪ ਡੇ ਹੈ।'
Chhattisgarh encounter with Naxals
ਉਨ੍ਹਾਂ ਦਸਿਆ ਕਿ ਸਹਾਇਕ ਟੋਲੀ ਘਟਨਾ ਸਥਾਨ 'ਤੇ ਪਹੁੰਚ ਗਈ ਹੈ ਅਤੇ ਮੁੱਖ ਦਫ਼ਤਰ ਵਿਚ ਲਾਸ਼ਾਂ ਲਿਆਂਦੀਆਂ ਗਈਆਂ ਹਨ। ਡੀਆਈਜੀ ਨੇ ਦਸਿਆ ਕਿ ਜ਼ਖ਼ਮੀ ਜਵਾਨ ਨੂੰ ਰਾਏਪੁਰ ਲਿਜਾਇਆ ਗਿਆ ਹੈ। ਨੌਂ ਜੁਲਾਈ ਨੂੰ ਕਾਂਕੇਰ ਇਲਾਕੇ ਵਿਚ ਨਕਸਲੀਆਂ ਦੇ ਹਮਲੇ ਵਿਚ ਮੋਟਰਸਾਈਕਲ 'ਤੇ ਗਸ਼ਤ ਕਰ ਰਹੇ ਬੀਐਸਐਫ਼ ਦੇ ਦੋ ਜਵਾਨਾਂ ਦੀ ਮੌਤ ਹੋ ਗਈ ਸੀ। ਇਹ ਜਵਾਨ 121ਵੀਂ ਬਟਾਲੀਅਨ ਨਾਲ ਸਬੰਧਤ ਸਨ। (ਏਜੰਸੀ)