
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੀਆਂ ਸਰਕਾਰਾਂ 'ਤੇ ਜਨਤਾ ਦੀਆਂ ਉਮੀਦਾਂ ਪੂਰੀਆਂ ਨਾ ਕਰਨ ਅਤੇ ਸਮੇਂ ਸਿਰ ਵਿਕਾਸ ਪ੍ਰਾਜੈਕਟ ਪੂਰੇ ਨਾ ਕਰਨ ਦਾ ...
ਮਿਰਜ਼ਾਪੁਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੀਆਂ ਸਰਕਾਰਾਂ 'ਤੇ ਜਨਤਾ ਦੀਆਂ ਉਮੀਦਾਂ ਪੂਰੀਆਂ ਨਾ ਕਰਨ ਅਤੇ ਸਮੇਂ ਸਿਰ ਵਿਕਾਸ ਪ੍ਰਾਜੈਕਟ ਪੂਰੇ ਨਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕਿਸਾਨਾਂ ਲਈ ਮਗਰਮੱਛ ਦੇ ਹੰਝੂ ਵਹਾਉਣ ਵਾਲੇ, ਅਪਣੇ ਕਾਰਜਕਾਲ ਵਿਚ ਸਿੰਜਾਈ ਪ੍ਰਾਜੈਕਟਾਂ ਨੂੰ ਅਧੂਰਾ ਛੱਡਣ ਦਾ ਕਾਰਨ ਦੱਸਣ।
ਯੂਪੀ ਦੇ ਮਿਰਜ਼ਾਪੁਰ ਵਿਚ ਪ੍ਰਧਾਨ ਮੰਤਰੀ ਨੇ ਅੱਜ 40 ਸਾਲਾ ਪੁਰਾਣੇ ਵਕਾਰੀ ਬਾਣਸਾਗਰ ਪ੍ਰਾਜੈਕਟ ਦਾ ਉਦਘਾਟਨ ਕਰਨ ਮਗਰੋਂ ਕਿਹਾ, 'ਇਸ ਪ੍ਰਾਜੈਕਟ ਦਾ ਖਾਕਾ 40 ਸਾਲ ਪਹਿਲਾਂ 1978 ਵਿਚ ਖਿੱਚਿਆ ਗਿਆ ਸੀ ਪਰ ਕੰਮ ਸ਼ੁਰੂ ਹੁੰਦਿਆਂ ਹੁੰਦਿਆਂ 20 ਸਾਲ ਨਿਕਲ ਗਏ। ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਇਸ ਪ੍ਰਾਜੈਕਟ ਬਾਰੇ ਸਿਰਫ਼ ਗੱਲਾਂ ਤੇ ਵਾਅਦੇ ਹੋਏ।'
Narendra Modi Prime Minister of India
ਪ੍ਰਧਾਨ ਮੰਤਰੀ ਨੇ ਕਿਹਾ ਕਿ ਬਾਣਸਾਗਰ ਪ੍ਰਾਜੈਕਟ 300 ਕਰੋੜ ਰੁਪਏ ਵਿਚ ਪੂਰਾ ਹੋ ਸਕਦਾ ਸੀ ਪਰ ਅਜਿਹਾ ਨਹੀਂ ਹੋਇਆ। ਹੁਣ ਇਹ 3500 ਕਰੋੜ ਰੁਪਏ ਵਿਚ ਪੂਰਾ ਹੋਇਆ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਬਾਣਗੰਗਾ ਦਾ ਮਾਮਲਾ ਨਹੀਂ ਹੈ। ਦੇਸ਼ ਦੇ ਹਰ ਰਾਜ ਵਿਚ ਅਜਿਹੇ ਕਈ ਪ੍ਰਾਜੈਕਟ ਅਟਕੇ ਹੋਏ ਹਨ। ਮੋਦੀ ਨੇ ਕਿਹਾ, 'ਇਸ ਪ੍ਰਾਜੈਕਟ ਨਾਲ ਸਿਰਫ਼ ਮਿਰਜ਼ਾਪੁਰ ਹੀ ਨਹੀਂ ਸਗੋਂ ਇਲਾਹਾਬਾਦ ਸਮੇਤ ਪੂਰੇ ਖੇਤਰ ਦੀ ਡੇਢ ਲੱਖ ਹੈਕਟੇਅਰ ਜ਼ਮੀਨ ਨੂੰ ਸਿੰਜਾਈ ਦੀ ਸਹੂਲਤ ਮਿਲਣ ਵਾਲੀ ਹੈ।
ਇਹ ਲਾਭ ਲੋਕਾਂ ਨੂੰ ਦਹਾਕਿਆਂ ਪਹਿਲਾਂ ਮਿਲ ਸਕਦਾ ਸੀ ਪਰ ਅਜਿਹਾ ਨਹੀਂ ਹੋਇਆ ਕਿਉਂਕਿ ਪਿਛਲੀਆਂ ਸਰਕਾਰਾਂ ਨੂੰ ਕਿਸਾਨਾਂ ਦੀ ਚਿੰਤਾ ਨਹੀਂ ਸੀ। ਉਨ੍ਹਾਂ ਕਿਹਾ ਕਿ ਉਹ ਪਾਣੀ ਦੀ ਇਕ ਇਕ ਬੂੰਦ ਦੀ ਰਾਖੀ ਕਰਨਗੇ ਤਾਕਿ ਇਸ ਪਾਣੀ ਦਾ ਫ਼ਾਇਦਾ ਵੱਧ ਤੋਂ ਵੱਧ ਕਿਸਾਨਾਂ ਨੂੰ ਮਿਲ ਸਕੇ। ਮੋਦੀ ਨੇ ਕਿਹਾ ਕਿ ਵਿੰਧਯ ਪਰਬਤ ਅਤੇ ਭਾਗੀਰਥੀ ਵਿਚਾਲੇ ਵਸਿਆ ਇਹ ਇਲਾਕਾ ਸਦੀਆਂ ਤੋਂ ਅਪਾਰ ਸੰਭਾਵਨਾਵਾਂ ਦਾ ਕੇਂਦਰ ਰਿਹਾ ਹੈ। (ਏਜੰਸੀ)