
ਜ਼ਿਲ੍ਹਾ ਪਰਿਸ਼ਦ ਮੈਂਬਰ ਗਗਨਦੀਪ ਸਿੰਘ ਜਲਾਲਪੁਰ ਨੇ ਲਿਆ ਸਥਿਤੀ ਦਾ ਜਾਇਜ਼ਾ
ਘਨੌਰ, ਸੰਭੂ (ਸੁਖਦੇਵ ਸੁੱਖੀ, ਅਮਰਿੰਦਰ ਚਮਾਰੂ) : ਤਿੰਨ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੀ ਭਰਵੇਂ ਮੀਂਹ ਨਾਲ ਹਲਕਾ ਘਨੌਰ ਦੇ ਦਰਜਨਾਂ ਪਿੰਡਾਂ ਦੀਆਂ ਨੀਵੀਂਆਂ ਜ਼ਮੀਨਾਂ 'ਚ ਖੜ੍ਹੀਆਂ ਫਸਲਾਂ ਡੁੱਬ ਜਾਣ ਕਾਰਨ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ। ਅੱਜ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਸਪੁੱਤਰ ਤੇ ਮੈਂਬਰ ਜਿਲ੍ਹਾ ਪਰਿਸ਼ਦ ਗਗਨਦੀਪ ਸਿੰਘ ਜਲਾਲਪੁਰ ਵਲੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਉਂਟਸਰ, ਡੀਐਸਪੀ ਘਨੌਰ ਮਨਪ੍ਰੀਤ ਸਿੰਘ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।
ਗਗਨਦੀਪ ਸਿੰਘ ਜਲਾਲਪੁਰ ਨੇ ਕਿਹਾ ਕਿ ਕਿ ਹਲਕਾ ਘਨੌਰ ਦੇ ਪਿੰਡਾਂ ਵਿਚ ਨੀਵੀਂਆਂ ਥਾਵਾਂ 'ਤੇ ਪਾਣੀ ਭਰ ਜਾਣ ਕਾਰਨ ਕਿਸਾਨਾਂ ਦੀਆਂ ਫਸਲਾਂ ਡੁੱਬ ਗਈਆਂ ਹਨ, ਅੱਜ ਉਨ੍ਹਾਂ ਵਲੋਂ ਪਿੰਡ ਬਠੌਣੀਆਂ, ਗੰਡਿਆਂ ਖੇੜੀ, ਰਾਜਗੜ੍ਹ, ਤੇਪਲਾ, ਸੰਭੂ, ਬੱਲੋਪੁਰ, ਮਰਦਾਂਪੁਰ, ਉਂਟਸਰ, ਰਾਏਪੁਰ ਨਨਹੇੜੀ ਤੇ ਨੌਸ਼ਹਿਰਾ ਸਮੇਤ ਹੋਰਨਾਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ ਹੈ। ਗਗਨਦੀਪ ਸਿੰਘ ਜਲਾਲਪੁਰ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਥਿਤੀ ਨੂੰ ਕੰਟਰੋਲ ਵਿਚ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ।
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਕਿਸਾਨਾਂ, ਮਜ਼ਦੂਰ ਦਾ ਬਰਸਾਤੀ ਪਾਣੀ ਕਾਰਨ ਨੁਕਸਾਨ ਹੁੰਦਾ ਹੈ ਤਾਂ ਉਨ੍ਹਾਂ ਵਲੋਂ ਸਪੈਸ਼ਲ ਗਿਰਦਾਵਰੀ ਕਰਵਾ ਕੇ ਪੀੜ੍ਹਤ ਪਰਿਵਾਰਾਂ ਨੂੰ ਬਣਦਾ ਯੋਗ ਮੁਆਵਜ਼ਾ ਦਿਵਾਇਆ ਜਾਵੇਗਾ। ਜਲਾਲਪੁਰ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਫਲਟ ਕੰਟਰੂਲ ਰੂਮ ਸਥਾਪਿਤ ਕੀਤੇ ਗਏ ਹਨ। ਇਸ ਮੌਕੇ ਅਮਰੀਕ ਸਿੰਘ ਖਾਨਪੁਰ, ਜਗਰੂਪ ਸਿੰਘ ਹੈਪੀ ਸੇਹਰਾ, ਭੁੱਲਾ ਰਾਮ ਰਾਜਗੜ੍ਹ ਸਰਪੰਚ, ਸ਼ੀਸ਼ਪਾਲ ਬਠੌਣੀਆਂ ਸਰਪੰਚ, ਦਰਸ਼ਨ ਸਿੰਘ ਮੰਡੌਲੀ ਸਰਪੰਚ ਆਦਿ ਹਾਜ਼ਰ ਸਨ।