
ਇਹ ਫੈਸਲਾ ਦਿੱਲੀ ਵਿਚ ਭਾਜਪਾ ਸੰਸਦੀ ਬੋਰਡ ਦੀ ਮੀਟਿੰਗ ਵਿਚ ਲਿਆ ਗਿਆ।
ਨਵੀਂ ਦਿੱਲੀ: ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਐਨਡੀਏ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹੋਣਗੇ। ਇਹ ਫੈਸਲਾ ਦਿੱਲੀ ਵਿਚ ਭਾਜਪਾ ਸੰਸਦੀ ਬੋਰਡ ਦੀ ਮੀਟਿੰਗ ਵਿਚ ਲਿਆ ਗਿਆ। ਬੈਠਕ ਤੋਂ ਬਾਅਦ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਧਨਖੜ ਦੇ ਨਾਂ ਦਾ ਐਲਾਨ ਕੀਤਾ। ਇਸ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਪਾਰਟੀ ਪ੍ਰਧਾਨ ਜੇਪੀ ਨੱਡਾ ਸਮੇਤ ਕਈ ਸੀਨੀਅਰ ਨੇਤਾ ਸ਼ਾਮਲ ਹੋਏ।
Bengal Governor Jagdeep Dhankhar is NDA's Vice Presidential candidate
ਭਾਜਪਾ ਦੇ ਜਾਟ ਨੇਤਾ ਰਾਜਸਥਾਨ ਦੇ ਰਹਿਣ ਵਾਲੇ ਹਨ। ਉਹਨਾਂ ਨੂੰ 20 ਜੁਲਾਈ 2019 ਨੂੰ ਪੱਛਮੀ ਬੰਗਾਲ ਦਾ ਰਾਜਪਾਲ ਬਣਾਇਆ ਗਿਆ ਸੀ। ਉਹ 1989 ਤੋਂ 1991 ਤੱਕ ਰਾਜਸਥਾਨ ਦੇ ਝੁਨਝਨੂ ਤੋਂ ਲੋਕ ਸਭਾ ਮੈਂਬਰ ਰਹੇ। ਉਹ 1989 ਤੋਂ 1991 ਤੱਕ ਵੀਪੀ ਸਿੰਘ ਅਤੇ ਚੰਦਰਸ਼ੇਖਰ ਦੀ ਸਰਕਾਰ ਵਿਚ ਕੇਂਦਰੀ ਮੰਤਰੀ ਵੀ ਰਹੇ।
ਬੰਗਾਲ ਦਾ ਰਾਜਪਾਲ ਹੁੰਦਿਆਂ ਜਗਦੀਪ ਧਨਖੜ ਅਤੇ ਮਮਤਾ ਬੈਨਰਜੀ ਵਿਚਾਲੇ ਕਈ ਵਾਰ ਟਕਰਾਅ ਹੋ ਚੁੱਕਾ ਹੈ। ਜਗਦੀਪ ਧਨਖੜ (70) ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 30 ਜੁਲਾਈ 2019 ਨੂੰ ਬੰਗਾਲ ਦੇ 28ਵੇਂ ਰਾਜਪਾਲ ਵਜੋਂ ਨਿਯੁਕਤ ਕੀਤਾ ਸੀ। ਧਨਖੜ ਦੀ ਨਿਯੁਕਤੀ ਤੋਂ ਬਾਅਦ ਤੋਂ ਹੀ ਉਹਨਾਂ ਅਤੇ ਸੂਬੇ ਦੀ ਸੱਤਾ 'ਤੇ ਕਾਬਜ਼ ਟੀਐਮਸੀ ਵਿਚਾਲੇ ਟਕਰਾਅ ਚੱਲ ਰਿਹਾ ਹੈ। ਟਕਰਾਅ ਇੰਨਾ ਵੱਧ ਗਿਆ ਹੈ ਕਿ ਪਿਛਲੇ ਸਾਲ ਦਸੰਬਰ ਵਿਚ ਟੀਐਮਸੀ ਦੇ ਇਕ 5 ਮੈਂਬਰੀ ਵਫ਼ਦ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕਰਕੇ ਰਾਜਪਾਲ ਧਨਖੜ ਨੂੰ ਹਟਾਉਣ ਦੀ ਸਿਫ਼ਾਰਸ਼ ਕੀਤੀ ਸੀ।