
ਐਨ.ਸੀ.ਪੀ. ਦੇ ਹੋਰ ਮੰਤਰੀਆਂ ਸਮੇਤ ਸ਼ਰਦ ਪਵਾਰ ਨਾਲ ਕੀਤੀ ਮੁਲਾਕਾਤ
ਸ਼ਰਦ ਪਵਾਰ ਚੁਪਚਾਪ ਸੁਣਦੇ ਰਹੇ ਗੱਲ, ਨਹੀਂ ਦਿਤੀ ਕੋਈ ਪ੍ਰਤੀਕਿਰਿਆ
ਮੁੰਬਈ: ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਅਪਣੇ ਖੇਮੇ ਦੇ ਕੁਝ ਹੋਰ ਮੰਤਰੀਆਂ ਨਾਲ ਐਤਵਾਰ ਨੂੰ ਮੁੰਬਈ ’ਚ ਐਨ.ਸੀ.ਪੀ. ਪ੍ਰਧਾਨ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪਾਰਟੀ ਇਕਜੁਟ ਰੱਖਣ ਦੀ ਅਪੀਲ ਕੀਤੀ। ਐਨ.ਸੀ.ਪੀ. ਆਗੂ ਪ੍ਰਫੁੱਲ ਪਟੇਲ ਨੇ ਇਹ ਜਾਣਕਾਰੀ ਦਿਤੀ।
ਪਟੇਲ ਨੇ ਕਿਹਾ ਕਿ ਐਨ.ਸੀ.ਪੀ. ਮੁਖੀ ਨੇ ਚੁਪਚਾਪ ਉਨ੍ਹਾਂ ਦੀ ਗੱਲ ਸੁਣੀ, ਪਰ ਕੋਈ ਪ੍ਰਤੀਕਿਰਿਆ ਨਹੀਂ ਦਿਤੀ। ਅਪਣੇ ਚਾਚਾ ਵਿਰੁਧ ਬਗਾਵਤ ਕਰਨ ਅਤੇ ਦੋ ਜੁਲਾਈ ਨੂੰ ਏਕਨਾਥ ਸ਼ਿੰਦੇ ਸਰਕਾਰ ’ਚ ਸ਼ਾਮਲ ਹੋਣ ਤੋਂ ਬਾਅਦ ਅਜੀਤ ਪਵਾਰ ਦੀ ਅਗਵਾਈ ਵਾਲੇ ਸਮੂਹ ਅਤੇ ਸ਼ਰਦ ਪਵਾਰ ਵਿਚਕਾਰ ਇਹ ਪਹਿਲੀ ਬੈਠਕ ਸੀ।
ਅਜੀਤ ਪਵਾਰ ਨੇ ਐਨ.ਸੀ.ਪੀ. ਮੰਤਰੀਆਂ-ਹਸਨ ਮੁਸ਼ਰਿਫ਼, ਛਗਨ ਭੁਜਬਲ, ਆਦਿਤੀ ਤਟਕਰੇ ਅਤੇ ਦਿਲੀਪ ਵਲਸੇ ਪਾਟਿਲ ਨਾਲ ਵਾਈ.ਬੀ. ਚੌਹਾਨ ਕੇਂਦਰ ’ਚ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ। ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ’ਚ ਐਨ.ਸੀ.ਪੀ. ਦੇ ਰਾਜ ਸਭਾ ਮੈਂਬਰ ਪ੍ਰਫੁੱਲ ਪਟੇਲ ਨੇ ਕਿਹਾ ਕਿ ਸ਼ਰਦ ਪਵਾਰ ਉਨ੍ਹਾਂ ਸਾਰਿਆਂ ਲਈ ਇਕ ਆਦਰਸ਼ ਵਾਂਗ ਹਨ ਅਤੇ ਉਹ ਆਸ਼ੀਰਵਾਦ ਲੈਣ ਲਈ ਉਨ੍ਹਾਂ ਨੂੰ ਮਿਲੇ।
ਅਜੀਤ ਖੇਮੇ ’ਚ ਸ਼ਾਮਲ ਪਟੇਲ ਨੇ ਕਿਹਾ, ‘‘ਅਸੀਂ ਉਨ੍ਹਾਂ ਤੋਂ (ਸ਼ਰਦ ਪਵਾਰ ਤੋਂ) ਐਨ.ਸੀ.ਪੀ. ਨੂੰ ਇਕਜੁਟ ਰੱਖਣ ਦੀ ਅਪੀਲ ਕੀਤੀ। ਅਸੀਂ ਉਨ੍ਹਾਂ ਤੋਂ ਅਗਲੇ ਕੁਝ ਦਿਨਾਂ ’ਚ ਸਾਡੀ ਅਪੀਲ ਬਾਰੇ ਸੋਚਣ ਅਤੇ ਸਾਡਾ ਮਾਰਗਦਰਸ਼ਨ ਕਰਨ ਲਈ ਵੀ ਕਿਹਾ। ਉਨ੍ਹਾਂ ਨੇ ਚੁਪਚਾਪ ਸਾਡੀ ਗੱਲ ਸੁਣੀ, ਪਰ ਕੁਝ ਨਹੀਂ ਕਿਹਾ।’’
ਉਨ੍ਹਾਂ ਕਿਹਾ ਕਿ ਅਜੀਤ ਪਵਾਰ ਖੇਮੇ ਦੇ ਮੰਤਰੀਆਂ ਨੇ ਸ਼ਰਦ ਪਵਾਰ ਕੋਲੋਂ ਪਹਿਲਾਂ ਤੋਂ ਸਮਾਂ ਨਹੀਂ ਲਿਆ ਸੀ, ਪਰ ਜਦੋਂ ਉਨ੍ਹਾਂ ਨੂੰ ਪਤਾ ਲਗਿਆ ਕਿ ਸ਼ਰਦ ਪਵਾਰ ਉਥੇ ਮੌਜੂਦ ਹਨ ਤਾਂ ਉਹ ਸਿੱਧਾ ਚੌਹਾਨ ਕੇਂਦਰ ਆ ਗਏ।
ਸ਼ਰਦ ਪਵਾਰ ਖੇਮੇ ਦੇ ਸੂਤਰਾਂ ਨੇ ਕਿਹਾ ਕਿ ਐਨ.ਸੀ.ਪੀ. ਦੇ ਸੂਬਾ ਪ੍ਰਧਾਨ ਜਯੰਤ ਪਾਟਿਲ ਅਤੇ ਐਨ.ਸੀ.ਪੀ. ਦੇ ਮੁੱਖ ਵਿੱਪ (ਸ਼ਰਦ ਪਵਾਰ ਖੇਮਾ) ਜਤਿੰਦਰ ਅਵਹਾਡ ਵੀ ਵਾਈ.ਵੀ. ਚੌਹਾਨ ਕੇਂਦਰ ਪੁੱਜੇ। ਅਜੀਤ ਪਵਾਰ ਸ਼ੁਕਰਵਾਰ ਨੂੰ ਐਨ.ਸੀ.ਪੀ. ਮੁਖੀ ਦੀ ਪਤਨੀ ਪ੍ਰਤਿਭਾ ਪਵਾਰ ਨੂੰ ਮਿਲਣ ਲਈ ਉਨ੍ਹਾਂ ਦੇ ਘਰ ‘ਸਿਲਵਰ ਓਕ’ ਗਏ ਸਨ। ਪ੍ਰਤਿਭਾ ਪਵਾਰ ਦੀ ਦਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ’ਚ ਹੱਥ ਨਾਲ ਜੁੜੀ ਸਰਜਰੀ ਹੋਈ ਹੈ।
ਉਪ ਮੁੱਖ ਮੰਤਰੀ ਅਜੀਤ ਪਵਾਰ ਅਪਣੀ ਚਾਚੀ ਪ੍ਰਤਿਭਾ ਦੇ ਕਰੀਬੀ ਮੰਨ ਜਾਂਦੇ ਹਨ। ਸਾਲ 2019 ’ਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੀਤ ਅਤੇ ਦਵਿੰਦਰ ਫੜਨਵੀਸ ਨੇ ਥੋੜ੍ਹਚਿਰੀ ਸਰਕਾਰ ਬਣਾਈ ਸੀ। ਦਸਿਆ ਜਾਂਦਾ ਹੈ ਕਿ ਇਸ ਤੋਂ ਬਾਅਦ ਪ੍ਰਤਿਭਾ ਨੇ ਅਜੀਤ ਨੂੰ ਐਨ.ਸੀ.ਪੀ. ’ਚ ਵਾਪਸ ਲਿਆਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਅਜੀਤ ਪਵਾਰ ਸਮੇਤ 9 ਵਿਧਾਇਕ ਦੋ ਜੁਲਾਈ ਨੂੰ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ’ਚ ਸ਼ਾਮਲ ਹੋਏ ਸਨ।
ਕਿਸੇ ਸੀਨੀਅਰ ਆਗੂ ਨੂੰ ਮਿਲਣ ’ਚ ਕੁਝ ਵੀ ਗ਼ਲਤ ਨਹੀਂ : ਭਾਜਪਾ
ਬੈਠਕ ਤੋਂ ਬਾਅਦ ਟਿਪਣੀ ਕਰਦਿਆਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮੁੰਬਈ ਇਕਾਈ ਦੇ ਪ੍ਰਧਾਨ ਆਸ਼ੀਸ਼ ਸ਼ੇਲਾਰ ਨੇ ਕਿਹਾ, ‘‘ਅਜੀਤ ਪਵਾਰ ਗੁਟ ਅਜੇ ਵੀ ਸ਼ਰਦ ਪਵਾਰ ਨੂੰ ਅਪਣਾ ਆਗੂ ਮੰਨਦਾ ਹੈ। ਕਿਸੇ ਸੀਨੀਅਰ ਆਗੂ ਨਾਲ ਮਿਲਣ ’ਚ ਕੁਝ ਵੀ ਗ਼ਲਤ ਨਹੀਂ ਹੈ।’’