
ਅਸਾਮ ਦੇ ਮੁੱਖ ਮੰਤਰੀ ਹਿਮਾਂਤਾ ਬਿਸਵਾ ਸ਼ਰਮਾ ਨੇ ਮਹਿੰਗਾਈ ਲਈ ਮੁਸਲਮਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ
ਸ੍ਰੀਨਗਰ: ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀ.ਡੀ.ਪੀ.) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਐਤਵਾਰ ਨੂੰ ਕਿਹਾ ਕਿ ਅਸਾਮ ਦੇ ਮੁੱਖ ਮੰਤਰੀ ਹਿਮਾਂਤਾ ਬਿਸਵਾ ਸ਼ਰਮਾ ਵਲੋਂ ਮਹਿੰਗਾਈ ਲਈ ਮੁਸਲਮਾਨਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਬੇਰੁਜ਼ਗਾਰੀ ਅਤੇ ਮਹਿੰਗਾਈ ਨੂੰ ਕੰਟਰੋਲ ਕਰਨ ’ਚ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੀ ਅਸਫਲਤਾ ਨੂੰ ਦਰਸਾਉਂਦਾ ਹੈ।
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਮੁਫਤੀ ਨੇ ਕਿਹਾ ਕਿ ਜਦੋਂ ਨਿਆਂਪਾਲਿਕਾ ਨੇ ਭ੍ਰਿਸ਼ਟਾਚਾਰ ’ਤੇ ਸਵਾਲ ਉਠਾਉਣ ਲਈ ਕਾਂਗਰਸ ਨੇਤਾ ਰਾਹੁਲ ਗਾਂਧੀ ਵਿਰੁਧ ਕਾਰਵਾਈ ਕੀਤੀ, ਤਾਂ ਉਸ ਨੂੰ ਸ਼ਰਮਾ ਦੀ ਟਿਪਣੀ ਦਾ ਵੀ ਖੁਦ ਨੋਟਿਸ ਲੈਣਾ ਚਾਹੀਦਾ ਹੈ।
ਮਹਿਬੂਬਾ ਮੁਫਤੀ ਨੇ ਟਵੀਟ ਕੀਤਾ, ‘‘ਅਸਾਮ ਦੀ ਮੁੱਖ ਮੰਤਰੀ ਵਧਦੀ ਮਹਿੰਗਾਈ ਲਈ ਮੁਸਲਮਾਨਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਬੇਰੁਜ਼ਗਾਰੀ, ਮਹਿੰਗਾਈ ਅਤੇ ਵਿਕਾਸ ਦੀ ਘਾਟ ’ਤੇ ਭਾਜਪਾ ਦੀ ਪੂਰੀ ਤਰ੍ਹਾਂ ਅਸਫਲਤਾ ਨੂੰ ਦਰਸਾਉਂਦੀ ਹੈ। ਹਿਮੰਤਾ ਹਿੰਦੂਆਂ ਨੂੰ ਖੁੱਲ੍ਹੇਆਮ ਅਪੀਲ ਕਰ ਰਿਹਾ ਹੈ ਕਿ ਉਹ ਉਨ੍ਹਾਂ ਦੇ ਰੋਜ਼ੀ-ਰੋਟੀ ਦੇ ਛੋਟੇ ਤੋਂ ਛੋਟੇ ਸਾਧਨ-ਸਬਜ਼ੀਆਂ ਅਤੇ ਕਰਿਆਨੇ ਦੀਆਂ ਦੁਕਾਨਾਂ ਨੂੰ ਵੀ ਜ਼ਬਰਦਸਤੀ ਖੋਹ ਲੈਣ।’’
ਮੁਫਤੀ ਨੇ ਲਿਖਿਆ, ‘‘ਭ੍ਰਿਸ਼ਟਾਚਾਰ ’ਤੇ ਜਾਇਜ਼ ਸਵਾਲ ਉਠਾਉਣ ਲਈ ਨਿਆਂਪਾਲਿਕਾ ਨੇ ਰਾਹੁਲ ਗਾਂਧੀ ਦੇ ਵਿਰੁਧ ਤੇਜ਼ੀ ਨਾਲ ਕਾਰਵਾਈ ਕੀਤੀ ਹੈ, ਉਸ ਨੂੰ ਅਸਾਮ ਦੇ ਮੁੱਖ ਮੰਤਰੀ ਦੇ ਭੜਕਾਊ ਬਿਆਨਾਂ ਦਾ ਖੁਦ ਨੋਟਿਸ ਲੈਣ ਤੋਂ ਕੀ ਰੋਕਦਾ ਹੈ...।’’
ਗੁਹਾਟੀ ’ਚ ਸਬਜ਼ੀਆਂ ਦੀਆਂ ਵਧੀਆਂ ਕੀਮਤਾਂ ’ਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ’ਚ ਸ਼ਰਮਾ ਨੇ ਕਿਹਾ ਸੀ, ‘‘ਪਿੰਡਾਂ ’ਚ ਸਬਜ਼ੀਆਂ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਨਹੀਂ ਹਨ। ਇੱਥੇ ਮੀਆਂ ਵਿਕਰੀਕਰਤਾ ਸਾਡੇ ਤੋਂ ਵੱਧ ਵਸੂਲੀ ਕਰਦੇ ਹਨ। ਜੇਕਰ ਸਬਜ਼ੀ ਵੇਚਣ ਵਾਲੇ ਆਸਾਮੀ ਹੁੰਦੇ ਤਾਂ ਉਹ ਅਪਣੇ ਹੀ ਲੋਕਾਂ ਨੂੰ ਲੁੱਟਦੇ ਨਹੀਂ।’’ ਉਨ੍ਹਾਂ ਅੱਗੇ ਕਿਹਾ, ‘‘ਮੈਂ ਗੁਹਾਟੀ ਦੇ ਸਾਰੇ ਫੁੱਟਪਾਥਾਂ ਤੋਂ ਕਬਜ਼ੇ ਹਟਾਵਾਂਗਾ। ਮੈਂ ਅਪਣੇ ਅਸਾਮੀ ਲੋਕਾਂ ਨੂੰ ਅੱਗੇ ਆਉਣ ਅਤੇ ਅਪਣਾ ਕਾਰੋਬਾਰ ਸ਼ੁਰੂ ਕਰਨ ਦੀ ਅਪੀਲ ਕਰਦਾ ਹਾਂ।’’
'ਮੀਆਂ' ਇਕ ਅਜਿਹਾ ਸ਼ਬਦ ਹੈ ਜੋ ਅਸਲ ’ਚ ਅਸਾਮ ’ਚ ਬੰਗਾਲੀ ਬੋਲਣ ਵਾਲੇ ਮੁਸਲਮਾਨਾਂ ਲਈ ਵਰਤਿਆ ਜਾਂਦਾ ਹੈ। ਹਾਲ ਹੀ ਦੇ ਸਾਲਾਂ ਵਿਚ ਇਸ ਦੀ ਵਰਤੋਂ ’ ਵਾਧਾ ਹੋਇਆ ਹੈ। ਅਸਾਮ ਦੀਆਂ ਵਿਰੋਧੀ ਪਾਰਟੀਆਂ ਨੇ ਭਾਜਪਾ ਨੇਤਾ ਦੀ ਟਿਪਣੀ ਦੀ ਆਲੋਚਨਾ ਕਰਦੇ ਹੋਏ ਸ਼ਰਮਾ ’ਤੇ ਫਿਰਕੂ ਰਾਜਨੀਤੀ ਖੇਡਣ ਦਾ ਦੋਸ਼ ਲਾਇਆ ਹੈ।