
ਗਾਮਾ ਕਿਰਨਾਂ ਨਾਲ ਪਿਆਜ਼ ਨੂੰ ਵੱਧ ਸਮੇਂ ਤਕ ਸੁਰਖਿਅਤ ਰੱਖਣ ਦਾ ਚਲ ਰਿਹੈ ਪ੍ਰਯੋਗ
ਨਵੀਂ ਦਿੱਲੀ: ਸਰਕਾਰ ਨੇ ਚਾਲੂ ਵਿੱਤੀ ਵਰ੍ਹੇ ’ਚ ‘ਬਫ਼ਰ ਸਟਾਕ’ (ਭੰਡਾਰਨ) ਲਈ 20 ਫ਼ੀ ਸਦੀ ਵੱਧ, ਯਾਨੀਕਿ ਕੁਲ ਤਿੰਨ ਲੱਖ ਟਨ ਪਿਆਜ਼ ਖ਼ਰੀਦਿਆ ਹੈ। ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਸਿੰਘ ਨੇ ਐਤਵਾਰ ਨੂੰ ਦਸਿਆ ਕਿ ਸਰਕਾਰ ਪਿਆਜ਼ ਨੂੰ ਵੱਧ ਸਮੇਂ ਤਕ ਸੁਰਖਿਅਤ ਰੱਖਣ ਲਈ ਭਾਬਾ ਪ੍ਰਮਾਣੂ ਖੋਜ ਕੇਂਦਰ (ਬਾਰਕ) ਨਾਲ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ: ਫਾਜ਼ਿਲਕਾ 'ਚ ਹੜ੍ਹ ਦੌਰਾਨ 20 ਘਰਾਂ 'ਚ ਗੂੰਜੀਆਂ ਕਿਲਕਾਰੀਆਂ, ਸਿਹਤ ਵਿਭਾਗ ਘਰ-ਘਰ ਜਾ ਕੇ ਕਰ ਰਿਹਾ ਚੈਕਿੰਗ
ਵਿੱਤੀ ਵਰ੍ਹੇ 2022-23 ’ਚ ਸਰਕਾਰ ਨੇ ਬਫ਼ਰ ਸਟਾਕ ਲਈ 2.51 ਲੱਖ ਟਨ ਪਿਆਜ਼ ਰਖਿਆ ਸੀ। ਬਫ਼ਰ ਸਟਾਕ ਘੱਟ ਸਪਲਾਈ ਵਾਲੇ ਮੌਸਮ ’ਚ ਕੀਮਤਾਂ ਨੂੰ ਕਾਬੂ ਰੱਖਣ ਲਈ ਮੁੱਲ ਸਥਿਰੀਕਰਨ ਫ਼ੰਡ (ਪੀ.ਐਸ.ਐਫ਼.) ਤਹਿਤ ਰਖਿਆ ਜਾਂਦਾ ਹੈ। ਬਫ਼ਰ ਸਟਾਕ ਲਈ ਖ਼ਰੀਦਿਆ ਪਿਆਜ਼ ਪਿੱਛੇ ਜਿਹੇ ਖ਼ਤਮ ਹੋਏ ਹਾੜ੍ਹੀ ਸੀਜ਼ਨ ਦਾ ਹੈ। ਅਜੇ ਸਾਉਣੀ ਦੇ ਪਿਅਜ਼ ਦੀ ਬਿਜਾਈ ਚਲ ਰਹੀ ਹੈ ਅਤੇ ਅਕਤੂਬਰ ’ਚ ਇਸ ਦੀ ਆਮਦ ਸ਼ੁਰੂ ਹੋ ਜਾਂਦੀ ਹੈ। ਸਕੱਤਰ ਨੇ ਕਿਹਾ, ‘‘ਆਮ ਤੌਰ ’ਤੇ, ਮੰਡੀਆਂ ’ਚ ਪਿਆਜ਼ ਦੀ ਕੀਮਤ 20 ਦਿਨਾਂ ਲਈ ਜਾਂ ਸਾਉਣੀ ਦੀ ਫਸਲ ਦੇ ਬਾਜ਼ਾਰ ’ਚ ਆਉਣ ਤਕ ਦਬਾਅ ’ਚ ਰਹਿੰਦੀ ਹੈ। ਪਰ ਇਸ ਵਾਰੀ ਅਜਿਹੀ ਕੋਈ ਸਮਸਿਆ ਨਹੀਂ ਹੋਵੇਗੀ।’’ ਖਪਤਕਾਰ ਮਾਮਲਿਆਂ ਦਾ ਮੰਤਰਾਲਾ ਪਿਆਜ਼ ਦੀ ਸਾਂਭ-ਸੰਭਾਲ ਲਈ ਪ੍ਰਮਾਣੂ ਊਰਜਾ ਵਿਭਾਗ ਅਤੇ ‘ਬਾਰਕ’ ਨਾਲ ਤਕਨਾਲੋਜੀ ਦੀ ਵੀ ਪਰਖ ਕਰ ਰਿਹਾ ਹੈ।
ਇਹ ਵੀ ਪੜ੍ਹੋ: ਮੰਤਰੀ ਬਲਕਾਰ ਸਿੰਘ ਨੇ ਸਰਕਾਰੀ ਨੌਕਰੀ ਲਈ ਚੁਣੇ ਗਏ ਲੋੜਵੰਦ ਪਰਿਵਾਰਾਂ ਦੇ 25 ਨੌਜਵਾਨਾਂ ਨੂੰ ਕੀਤਾ ਸਨਮਾਨਿਤ
ਰੋਹਿਤ ਸਿੰਘ ਨੇ ਕਿਹਾ, ‘‘ਤਕਨਾਲੋਜੀ ਤੌਰ ’ਤੇ ਅਸੀਂ ਮਹਾਰਾਸ਼ਟਰ ਦੇ ਲਾਸਲਗਾਉਂ ’ਚ ਕੋਬਾਲਟ-60 ਨਾਲ ਗਾਮਾ ਕਿਰਨਾਂ ਜ਼ਰੀਏ 150 ਟਨ ਪਿਆਜ਼ ਸੁਰਖਿਅਤ ਰਖਣ ਦਾ ਪ੍ਰਯੋਗ ਕਰ ਰਹੇ ਹਾਂ। ਇਸ ਨਾਲ ਪਿਆਜ਼ ਨੂੰ ਵੱਧ ਸਮੇਂ ਤਕ ਸੁਰਖਿਅਤ ਰਖਿਆ ਜਾ ਸਕੇਗਾ।’’ ਸਰਕਾਰੀ ਅੰਕੜਿਆਂ ਅਨੁਸਾਰ 15 ਜੁਲਾਈ ਨੂੰ ਕੁਲ ਭਾਰਤੀ ਪੱਧਰ ’ਤੇ ਪਿਆਜ਼ ਦੀ ਔਸਤ ਪ੍ਰਚੂਨ ਕੀਮਤ 26.79 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਇਸ ਦੀ ਵੱਧ ਤੋਂ ਵੱਧ ਕੀਮਤ 65 ਰੁਪਏ ਅਤੇ ਘੱਟ ਤੋਂ ਘੱਟ ਕੀਮਤ 10 ਰੁਪਏ ਪ੍ਰਤੀ ਕਿਲੋਗ੍ਰਾਮ ਸੀ।