
ਸਥਾਨਕ ਲੋਕਾਂ ਤੋਂ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲਾ ਜਾਂਚ ਲਈ ਪੁਲਿਸ ਨੂੰ ਸੌਂਪ ਦਿਤਾ ਗਿਆ
ਦੇਹਰਾਦੂਨ: ਉਤਰਾਖੰਡ ਦੇ ਬਾਗੇਸ਼ਵਰ ਜ਼ਿਲ੍ਹੇ ’ਚ ਸੁੰਦਰਧੁੰਗਾ ਨਦੀ ਘਾਟੀ ’ਚ ਇਕ ਪਵਿੱਤਰ ਝੀਲ ਦੇ ਨੇੜੇ ਇਕ ਆਪੂ ਬਣੇ ਬਾਬਾ ਵਲੋਂ ਮੰਦਰ ਦੀ ਗੈਰ-ਕਾਨੂੰਨੀ ਉਸਾਰੀ ਨੂੰ ਲੈ ਕੇ ਸਥਾਨਕ ਲੋਕਾਂ ’ਚ ਗੁੱਸਾ ਹੈ ਅਤੇ ਉਨ੍ਹਾਂ ਨੇ ਉਸ ’ਤੇ ਇਸ਼ਨਾਨ ਕਰ ਕੇ ਝੀਲ ਨੂੰ ਅਪਵਿੱਤਰ ਕਰਨ ਦਾ ਦੋਸ਼ ਲਗਾਇਆ ਹੈ।
ਬਾਗੇਸ਼ਵਰ ਦੀ ਜ਼ਿਲ੍ਹਾ ਮੈਜਿਸਟਰੇਟ ਅਨੁਰਾਧਾ ਪਾਲ ਨੇ ਮੰਗਲਵਾਰ ਨੂੰ ਫੋਨ ’ਤੇ ਨਿਊਜ਼ ਏਜੰਸੀ ਪੀ.ਟੀ.ਆਈ. ਨੂੰ ਦਸਿਆ ਕਿ ਸਥਾਨਕ ਲੋਕਾਂ ਤੋਂ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲਾ ਜਾਂਚ ਲਈ ਪੁਲਿਸ ਨੂੰ ਸੌਂਪ ਦਿਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਜਿਸ ਥਾਂ ’ਤੇ ਮੰਦਰ ਦਾ ਨਿਰਮਾਣ ਕੀਤਾ ਗਿਆ ਹੈ, ਉਸ ਥਾਂ ’ਤੇ ਜਾਣ ਵਾਲੀ ਸੜਕ ਬਹੁਤ ਮੁਸ਼ਕਲ ਹੈ ਅਤੇ ਮਾਨਸੂਨ ਦੌਰਾਨ ਬੰਦ ਰਹਿੰਦੀ ਹੈ। ਬਾਗੇਸ਼ਵਰ ਦੇ ਪੁਲਿਸ ਸੁਪਰਡੈਂਟ ਅਕਸ਼ੈ ਪ੍ਰਹਿਲਾਦ ਕੋਂਡੇ ਨੇ ਕਿਹਾ, ‘‘ਲੱਕੜ ਅਤੇ ਪੱਥਰ ਨਾਲ ਬਣਿਆ ਢਾਂਚਾ ਇਕ ਛੋਟਾ ਜਿਹਾ ਮੰਦਰ ਹੈ। ਇਹ ਗੈਰ-ਕਾਨੂੰਨੀ ਹੈ ਅਤੇ ਲਾਵਾਰਸ ਜ਼ਮੀਨ ’ਤੇ ਬਣਾਇਆ ਗਿਆ ਹੈ।’’
ਕੋਂਡੇ ਦਾ ਮੰਨਣਾ ਹੈ ਕਿ ਇਹ ਸਥਾਨਕ ਲੋਕ ਸਨ ਜਿਨ੍ਹਾਂ ਨੇ ਬਾਬਾ ਨੂੰ ਮੰਦਰ ਬਣਾਉਣ ’ਚ ਮਦਦ ਕੀਤੀ ਜਦੋਂ ਉਸ ਨੇ ਉਨ੍ਹਾਂ ਨੂੰ ਦਸਿਆ ਕਿ ਬਾਬਾ ਨੂੰ ਸੁਪਨੇ ’ਚ ਮੰਦਰ ਬਣਾਉਣ ਦਾ ‘ਬ੍ਰਹਮ ਆਦੇਸ਼’ ਮਿਲਿਆ ਸੀ।
ਪੁਲਿਸ ਅਧਿਕਾਰੀ ਨੇ ਦਸਿਆ ਕਿ ਆਪੂ ਬਣੇ ਬਾਬਾ ਪਿਛਲੇ 10-12 ਦਿਨਾਂ ਤੋਂ ਮੰਦਰ ’ਚ ਰਹਿ ਰਿਹਾ ਹੈ ਅਤੇ ਇਸ ਦੌਰਾਨ ਉਸ ਨੇ ‘ਦੇਵੀ ਕੁੰਡ’ ਨਾਮ ਦੀ ਪਵਿੱਤਰ ਝੀਲ ’ਚ ਇਸ਼ਨਾਨ ਕੀਤਾ ਹੈ। ਕੋਂਡੇ ਨੇ ਕਿਹਾ, ‘‘ਸਥਾਨਕ ਲੋਕ ਝੀਲ ਨੂੰ ਪਵਿੱਤਰ ਮੰਨਦੇ ਹਨ ਅਤੇ ਸਾਲ ’ਚ ਇਕ ਵਾਰ ਇਸ ’ਚ ਅਪਣੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੰ ਨਹਾਉਂਦੇ ਹਨ।’’
ਬਾਬਾ ਦੇ ਝੀਲ ’ਚ ਨਹਾਉਣ ਨਾਲ ਨੇੜਲੇ ਪਿੰਡਾਂ ਦੇ ਲੋਕਾਂ ’ਚ ਨਾਰਾਜ਼ਗੀ ਪੈਦਾ ਹੋ ਗਈ ਹੈ, ਜਿਨ੍ਹਾਂ ਦਾ ਮੰਨਣਾ ਹੈ ਕਿ ਅਜਿਹਾ ਕਰ ਕੇ ਉਨ੍ਹਾਂ ਨੇ ਪਾਣੀ ਨੂੰ ਅਪਵਿੱਤਰ ਕਰ ਦਿਤਾ ਹੈ।
ਕੋਂਡੇ ਨੇ ਕਿਹਾ ਕਿ ਜਾਪਦਾ ਹੈ ਕਿ ਬਾਬਾ ਨੇ ਕੁੱਝ ਸਥਾਨਕ ਲੋਕਾਂ ਨੂੰ ਅਪਣਾ ਨਜ਼ਰੀਆ ਸਮਝਾਇਆ ਹੋਵੇਗਾ, ਜਿਨ੍ਹਾਂ ਨੇ ਮੰਦਰ ਬਣਾਉਣ ਵਿਚ ਉਨ੍ਹਾਂ ਦੀ ਮਦਦ ਕੀਤੀ ਹੋ ਸਕਦੀ ਹੈ, ਪਰ ਕੁੱਝ ਹੋਰਾਂ ਨੇ ਉਨ੍ਹਾਂ ਦੇ ‘ਬ੍ਰਹਮ ਹੁਕਮਾਂ’ ਵਾਲੀ ਗੱਲ ਨਹੀਂ ਮੰਨੀ ਅਤੇ ਪ੍ਰਸ਼ਾਸਨ ਕੋਲ ਪਹੁੰਚ ਕੀਤੀ ਅਤੇ ਉਨ੍ਹਾਂ ਵਿਰੁਧ ਕਾਰਵਾਈ ਦੀ ਮੰਗ ਕੀਤੀ।
ਪੁਲਿਸ ਅਧਿਕਾਰੀ ਨੇ ਦਸਿਆ ਕਿ ਪੁਲਿਸ ਕਾਨੂੰਨ ਵਿਵਸਥਾ ਦੇ ਨਜ਼ਰੀਏ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਕਿਉਂਕਿ ਮੰਦਰ ਵਾਤਾਵਰਣ ਪੱਖੋਂ ਸੰਵੇਦਨਸ਼ੀਲ ਜ਼ੋਨ ’ਚ ਲਾਵਾਰਿਸ ਜ਼ਮੀਨ ’ਤੇ ਬਣਾਇਆ ਗਿਆ ਸੀ, ਇਸ ਲਈ ਕਬਜ਼ੇ ਵਿਰੁਧ ਕੋਈ ਵੀ ਕਾਰਵਾਈ ਇਸ ਮਾਮਲੇ ’ਚ ਜੰਗਲਾਤ ਵਿਭਾਗ ਨੂੰ ਵੀ ਸ਼ਾਮਲ ਕਰੇਗੀ।
ਕੋਂਡੇ ਨੇ ਕਿਹਾ ਕਿ ਮੌਕੇ ’ਤੇ ਪਹੁੰਚਣਾ ਵੀ ਮੁਸ਼ਕਲ ਹੈ ਕਿਉਂਕਿ ਸੁੰਦਰਧੁੰਗਾ ਨਦੀ ਘਾਟੀ ਦੇ ਆਖਰੀ ਦੋ ਪਿੰਡਾਂ ਵਾਂਚਮ ਅਤੇ ਜਟੋਲੀ ਤੋਂ ਵੀ ਉੱਥੇ ਪਹੁੰਚਣ ’ਚ ਦੋ-ਤਿੰਨ ਦਿਨ ਲਗਦੇ ਹਨ। ਉਨ੍ਹਾਂ ਕਿਹਾ ਕਿ ਆਪੂ ਬਣੇ ਬਾਬਾ ਦੇ ਪਿਛੋਕੜ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਜਾਂਚ ਨਾਲ ਜੁੜੇ ਸੂਤਰਾਂ ਨੇ ਦਸਿਆ ਕਿ ਬਾਬਾ ਅਕਸਰ ਅਪਣਾ ਨਾਮ ਬਦਲਦਾ ਰਿਹਾ ਹੈ ਅਤੇ ਸ਼ੱਕੀ ਕਿਰਦਾਰ ਵਾਲਾ ਵਿਅਕਤੀ ਜਾਪਦਾ ਹੈ।
ਇਕ ਸੂਤਰ ਨੇ ਕਿਹਾ, ‘‘ਕਦੇ ਉਹ ਖ਼ੁਦ ਨੂੰ ਚੈਤਨਿਆ ਆਕਾਸ਼ ਕਹਿੰਦੇ ਹਨ ਅਤੇ ਕਦੇ ਆਦਿੱਤਿਆ ਕੈਲਾਸ਼। ਇਹ ਕਹਿਣਾ ਮੁਸ਼ਕਲ ਹੈ ਕਿ ਇਨ੍ਹਾਂ ਦੋਹਾਂ ’ਚੋਂ ਕਿਹੜਾ ਉਸ ਦਾ ਅਸਲੀ ਨਾਮ ਹੈ।’’
ਇਕ ਹੋਰ ਸੂਤਰ ਨੇ ਦਸਿਆ ਕਿ ਉਹ ਸਿਆਸਤਦਾਨਾਂ ਨੂੰ ਵੀ ਮਿਲਦੇ ਰਹਿੰਦੇ ਹਨ ਅਤੇ ਅਜਿਹਾ ਲਗਦਾ ਹੈ ਕਿ ਜਦੋਂ ਉਨ੍ਹਾਂ ਨੂੰ ਹਰਿਦੁਆਰ ਅਤੇ ਦੁਆਰਹਾਟ ’ਚ ਰਹਿਣ ਦੀ ਇਜਾਜ਼ਤ ਨਹੀਂ ਮਿਲੀ ਤਾਂ ਉਨ੍ਹਾਂ ਨੇ ਬਾਗੇਸ਼ਵਰ ’ਚ ਅਪਣਾ ਅੱਡਾ ਬਣਾ ਲਿਆ।