
ਗਾਇਕ ਸਮੇਤ 4 ਵਿਅਕਤੀਆਂ ਦੀ ਗਈ ਜਾਨ, ਡਰਾਈਵਰ ਸਮੇਤ 11 ਹੋਏ ਗੰਭੀਰ ਜ਼ਖਮੀ
ਸ਼ਿਵਪੁਰੀ : ਸ਼ਿਵਪੁਰੀ ਜ਼ਿਲੇ੍ਹ ਕੇ ਸੁਰਵਾਯਾ ਥਾਣਾ ਖੇਤਰ ਵਿੱਚ ਸ਼ਨੀਵਾਰ ਸਵੇਰੇ ਇੱਕ ਸੜਕ ਹਾਦਸੇ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਜਦਕਿ ਇਸ ਹਾਦਸੇ ਦੌਰਾਨ 11 ਵਿਅਕਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਟਰੈਵਲਰ ਮਿੰਨੀ ਬੱਸ ਡਿਵਾਈਡਰ ਪਾਰ ਕਰਕੇ ਸਾਹਮਣੇ ਤੋਂ ਆ ਕੇ ਟਰੱਕ ਨਾਲ ਜਾ ਟਕਰਾਈ।
ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਗੁਜਰਾਤ ਦੇ ਮਹਿਸਾਨਾ ਅਤੇ ਸੁਰੇਂਦਰਨਗਰ ਜ਼ਿਲ੍ਹੇ ਦੇ ਨੇੜੇ 20 ਮੈਂਬਰਾਂ ਵਾਲਾ ਇਹ ਸੰਗੀਤ ਗਰੁੱਪ ਕਾਸ਼ੀ ਵਿਸ਼ਵਨਾਥ ’ਚ ਸ਼ਿਵਕਥਾ ਪ੍ਰੋਗਰਾਮ ਦੀ ਪੇਸ਼ਕਾਰੀ ਤੋਂ ਬਾਅਦ ਸ਼ੁੱਕਰਵਾਰ ਨੂੰ ਵਾਪਸ ਪਰਤ ਰਿਹਾ ਸੀ ਅਤੇ ਰਸਤੇ ’ਚ ਇਹ ਭਿਆਨਕ ਹਾਦਸਾ ਵਾਪਰ ਗਿਆ। ਹਾਦਸੇ ਤੋਂ ਬਾਅਦ ਟਰੈਵਲਰ ’ਚ ਚੀਕਾ-ਚਿਹਾੜਾ ਮਚ ਗਿਆ ਅਤੇ ਮੌਕੇ ’ਤੇ ਪਹੁੁੰਚੀ ਪੁਲਿਸ ਟੀਮ ਨੇ ਜ਼ਖਮੀਆਂ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਇਲਾਜ ਲਈ ਨੇੜੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਇਸ ਹਾਦਸੇ ਦੌਰਾਨ ਗਾਇਕ ਹਾਰਦਿਕ ਦਵੇ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਰਾਜਾ ਠਾਕੁਰ, ਅੰਕਿਤ ਠਾਕੁਰ ਅਤੇ ਰਾਜਪਾਲ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਇਸੇ ਹਾਦਸੇ ਦੌਰਾਨ ਜ਼ਖਮੀ ਹੋਣ ਵਾਲਿਆਂ ’ਚ ਰਾਵਲ ਮੋਹਿਤ, ਅਸ਼ੀਸ਼ ਵਿਆਸ, ਮੋਹਲਿਕ, ਨਰੇਦਰ ਨਾਇਕ, ਚੇਤਨ ਕੁਮਾਰ,ਰਿਸ਼ੀਕੇਸ਼, ਵਿਪੁਲ,ਅਰਵਿੰਦ, ਅਰੁਜਨ, ਹਰਸ਼ਦ ਗੋਸਵਾਮੀ ਅਤੇ ਟਰੈਵਲਰ ਡਰਾਈਵਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਦਾ ਕਾਰਨ ਡਰਾਈਵਰ ਨੂੰ ਨੀਂਦ ਆਉਣਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਜਦਕਿ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।