
ਕਿਹਾ- ਅਜੇ ਤੱਕ ਇਹ ਸਮਝ ਨਹੀਂ ਆ ਰਿਹਾ ਕਿ ਸ਼ਰਾਬ ਘੁਟਾਲਾ ਕੀ ਹੈ।
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਲਜ਼ਾਮ ਲਗਾਏ ਕਿ ਸੀਬੀਆਈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ‘ਸਭ ਨੂੰ ਬੇਲੋੜਾ ਪ੍ਰੇਸ਼ਾਨ ਕਰ ਰਹੇ ਹਨ।’ ਉਹਨਾਂ ਕਿਹਾ ਕਿ ਦੇਸ਼ ਇਸ ਤਰ੍ਹਾਂ ਤਰੱਕੀ ਨਹੀਂ ਕਰ ਸਕਦਾ। ਅਰਵਿੰਦ ਕੇਜਰੀਵਾਲ ਨੇ ਭਾਜਪਾ ਵੱਲੋਂ ਜਾਰੀ ਸਟਿੰਗ ਨੂੰ ਲੈ ਕੇ ਕਿਹਾ ਕਿ ਮਨੀਸ਼ ਸਿਸੋਦੀਆ ਨੇ ਚਾਰ ਦਿਨ ਦਾ ਸਮਾਂ ਦਿੱਤਾ ਹੈ। ਜੇਕਰ ਕੁਝ ਗਲਤ ਹੈ ਤਾਂ ਸੋਮਵਾਰ ਤੱਕ ਗ੍ਰਿਫਤਾਰ ਕਰੋ ਅਤੇ ਜੇਕਰ ਨਹੀਂ ਤਾਂ ਮੁਆਫੀ ਮੰਗੋ।
ਪ੍ਰੈੱਸ ਕਾਨਫਰੰਸ 'ਚ ਕੇਜਰੀਵਾਲ ਨੇ ਕਿਹਾ ਕਿ ਉਪ ਰਾਜਪਾਲ, ਸੀਬੀਆਈ ਅਤੇ ਭਾਜਪਾ ਨੇ ਕਥਿਤ ਸ਼ਰਾਬ ਘੁਟਾਲੇ 'ਚ ਵੱਖ-ਵੱਖ ਰਕਮਾਂ ਦੱਸੀਆਂ ਹਨ ਪਰ ਉਹਨਾਂ ਨੂੰ ਅਜੇ ਤੱਕ ਇਹ ਸਮਝ ਨਹੀਂ ਆ ਰਿਹਾ ਕਿ ਸ਼ਰਾਬ ਘੁਟਾਲਾ ਕੀ ਹੈ।
ਕੇਜਰੀਵਾਲ ਨੇ ਕਿਹਾ, "ਭਾਜਪਾ ਦੇ ਇਕ ਨੇਤਾ ਨੇ ਕਿਹਾ ਕਿ ਇਹ 8,000 ਕਰੋੜ ਰੁਪਏ ਦਾ ਘੁਟਾਲਾ ਸੀ, ਉਪ ਰਾਜਪਾਲ ਨੇ ਕਿਹਾ ਕਿ ਇਹ 144 ਕਰੋੜ ਰੁਪਏ ਦਾ ਘੁਟਾਲਾ ਸੀ ਅਤੇ ਸੀਬੀਆਈ ਐਫਆਈਆਰ ਨੇ ਕਿਹਾ ਕਿ ਇਹ 1 ਕਰੋੜ ਰੁਪਏ ਦਾ ਘੁਟਾਲਾ ਹੈ, ਮੈਨੂੰ ਸਮਝ ਨਹੀਂ ਆ ਰਿਹਾ ਕਿ ਸ਼ਰਾਬ ਘੁਟਾਲਾ ਕੀ ਹੈ।'' ਉਹਨਾਂ ਕਿਹਾ, ''ਦੇਸ਼ ਇਸ ਤਰ੍ਹਾਂ ਤਰੱਕੀ ਨਹੀਂ ਕਰ ਸਕਦਾ। ਉਹ ਬੇਵਜ੍ਹਾ ਹਰ ਕਿਸੇ ਨੂੰ ਪ੍ਰੇਸ਼ਾਨ ਕਰ ਰਹੇ ਹਨ।”
ਉਹਨਾਂ ਦੀ ਇਹ ਟਿੱਪਣੀ ਦਿੱਲੀ ਆਬਕਾਰੀ ਨੀਤੀ 2021-22 ਵਿਚ ਕਥਿਤ ਬੇਨਿਯਮੀਆਂ ਦੀ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਈਡੀ ਵੱਲੋਂ ਦੇਸ਼ ਭਰ ਵਿਚ ਲਗਭਗ 40 ਥਾਵਾਂ 'ਤੇ ਛਾਪੇਮਾਰੀ ਕਰਨ ਤੋਂ ਬਾਅਦ ਆਈ ਹੈ।