ਜੰਮੂ ’ਚ ਬਰਫਬਾਰੀ, ਭਾਰੀ ਮੀਂਹ ਕਾਰਨ ਮੁਗਲ ਰੋਡ ਬੰਦ, ਮਨਾਨੀ ਦੇ ਸੋਲਾਂਗ ’ਚ ਵੀ ਗੱਡੀਆਂ ਦੀ ਆਵਾਜਾਈ ਰੋਕੀ ਗਈ
ਸ਼ਿਮਲਾ/ਸ੍ਰੀਨਗਰ/ਦੇਹਰਾਦੂਨ/ਚੰਡੀਗੜ੍ਹ: ਹਿਮਾਚਲ ਪ੍ਰਦੇਸ਼, ਕਸ਼ਮੀਰ ਅਤੇ ਉੱਤਰਾਖੰਡ ਦੇ ਕਈ ਜ਼ਿਲ੍ਹਿਆਂ ਦੇ ਉੱਚਾਈ ਵਾਲੇ ਇਲਾਕਿਆਂ ਵਿਚ ਬਰਫ਼ਬਾਰੀ ਅਤੇ ਹੇਠਲੇ ਇਲਾਕਿਆਂ ਵਿਚ ਮੀਂਹ ਪੈਣ ਕਾਰਨ ਤਾਪਮਾਨ ਵਿਚ ਭਾਰੀ ਗਿਰਾਵਟ ਆਈ ਹੈ ਅਤੇ ਸਰਦੀਆਂ ਦੇ ਛੇਤੀ ਸ਼ੁਰੂ ਹੋਣ ਦੇ ਸੰਕੇਤ ਮਿਲ ਰਹੇ ਹਨ। ਮੌਸਮ ਵਿਭਾਗ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ।
ਮੌਸਮ ਵਿਭਾਗ ਅਨੁਸਾਰ ਅੱਜ ਸਵੇਰੇ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਦੇ ਚੂੜਧਾਰ ਪਰਬਤਮਾਲਾ, ਕੁੱਲੂ ਦੇ ਰੋਹਤਾਂਗ ਦੱਰਾ ਅਤੇ ਜਾਲੋਰੀ ਦੱਰੇ ਅਤੇ ਸ਼ਿਮਲਾ ਦੇ ਹਾਟੂ ਪੀਕ ਅਤੇ ਚਾਂਸ਼ਲ ’ਚ ਬਰਫ਼ਬਾਰੀ ਹੋਈ। ਸ਼ਿਮਲਾ, ਸਿਰਮੌਰ, ਕੁੱਲੂ ਅਤੇ ਮੰਡੀ ਦੇ ਉੱਚੇ ਇਲਾਕਿਆਂ ਤੋਂ ਇਲਾਵਾ ਲਾਹੌਲ ਸਪਿਤੀ ਅਤੇ ਕਿਨੌਰ ਦੇ ਆਦਿਵਾਸੀ ਬਹੁਗਿਣਤੀ ਜ਼ਿਲ੍ਹਿਆਂ ’ਚ ਵੀ ਹਲਕੀ ਬਰਫ਼ਬਾਰੀ ਹੋਈ। ਅਧਿਕਾਰੀਆਂ ਮੁਤਾਬਕ ਇਸ ਮੌਸਮ ਦੀ ਪਹਿਲੀ ਬਰਫ ਰੋਹਤਾਂਗ ਦੇ ਅਟਲ ਸੁਰੰਗ ਅਤੇ ਮਨਾਲੀ ਦੇ ਮੜ੍ਹੀ ’ਚ ਡਿੱਗੀ, ਜਿਸ ਤੋਂ ਬਾਅਦ ਮਨਾਨੀ ਦੇ ਸੋਲਾਂਗ ’ਚ ਗੱਡੀਆਂ ਦੀ ਆਵਾਜਾਈ ਨੂੰ ਰੋਕ ਦਿਤਾ ਗਿਆ। ਸ਼ਿਮਲਾ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦਸਿਆ ਕਿ ਮੀਂਹ ਮੰਗਲਵਾਰ ਤਕ ਜਾਰੀ ਰਹੇਗਾ ਅਤੇ ਲਾਹੌਲ ਸਪਿਤੀ, ਕਿਨੌਰ, ਸ਼ਮੀਲਾ, ਕੁੱਲੂ ਅਤੇ ਮੰਡੀ ਦੇ ਉੱਚੇ ਇਲਾਕਿਆਂ ’ਚ ਹਲਕੀ ਬਰਫ਼ਬਾਰੀ ਹੋ ਸਕਦੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਸੋਮਵਾਰ ਨੂੰ ਭਾਰੀ ਮੀਂਹ ਦੀ ‘ਯੈਲੋ ਅਲਰਟ’ ਚੇਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੱਛਮੀ ਗੜਬੜੀ ਦਾ ਪ੍ਰਭਾਵ ਸੂਬੇ ’ਚ ਮੰਗਲਵਾਰ ਤਕ ਜਾਰੀ ਰਹਿਣ ਦੀ ਸੰਭਾਵਨਾ ਹੈ ਅਤੇ ਬੁਧਵਾਰ ਤੋਂ ਮੌਸਮ ਖੁਸ਼ਕ ਰਹੇਗਾ।
ਕਸ਼ਮੀਰ ਦੇ ਉਪਰਲੇ ਇਲਾਕਿਆਂ ’ਚ ਹਲਕੀ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ’ਚ ਵੀ ਮੀਂਹ ਪੈਣ ਨਾਲ ਤਾਪਮਾਨ ਹੇਠਾਂ ਆ ਗਿਆ ਹੈ ਅਤੇ ਲੋਕਾਂ ਨੇ ਗਰਮ ਕਪੜੇ ਪਹਿਨਣੇ ਸ਼ੁਰੂ ਕਰ ਦਿਤੇ ਹਨ। ਮੌਸਮ ’ਚ ਇਹ ਬਦਲਾਅ 14 ਅਕਤੂਬਰ ਤੋਂ ਵੇਖਿਆ ਜਾ ਰਿਹਾ ਹੈ, ਜਦੋਂ ਕਈ ਥਾਵਾਂ ’ਤੇ ਰੁਕ-ਰੁਕ ਕੇ ਮੀਂਹ ਪਿਆ ਅਤੇ ਉੱਚਾਈ ਵਾਲੇ ਇਲਾਕਿਆਂ ’ਚ ਬਰਫਬਾਰੀ ਹੋਈ, ਜਦਕਿ ਕੁਝ ਥਾਵਾਂ ’ਤੇ ਗਰਜ ਦੇ ਨਾਲ ਤੇਜ਼ ਹਵਾ ਵੀ ਚੱਲੀ। ਸੋਮਵਾਰ ਸਵੇਰੇ ਸ਼ੁਰੂ ਹੋਇਆ ਇਹ ਰੁਝਾਨ ਮੰਗਲਵਾਰ ਨੂੰ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ। ਭਾਰਤ ਮੌਸਮ ਵਿਭਾਗ ਸ੍ਰੀਨਗਰ ਦੇ ਡਿਪਟੀ ਡਾਇਰੈਕਟਰ ਮੁਖਤਾਰ ਅਹਿਮਦ ਨੇ ਕਿਹਾ ਕਿ ਗੁਲਮਰਗ ਸਕੀਇੰਗ ਰਿਜ਼ੋਰਟ, ਪੀਰ ਕੀ ਗਲੀ, ਸਿਮਥਨ ਪਾਸ, ਗੁਰੇਜ਼, ਤੁਲੈਲ, ਸੋਨਮਰਗ, ਸ਼੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ ’ਤੇ ਜ਼ੋਜਿਲਾ ਪਾਸ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੇ ਕੁਝ ਸਥਾਨਾਂ ’ਤੇ ਹਲਕੀ ਬਰਫਬਾਰੀ ਹੋਈ। ਅਹਿਮਦ ਨੇ ਕਿਹਾ ਕਿ ਵਾਦੀ ’ਚ ਪਿਛਲੇ ਤਿੰਨ-ਚਾਰ ਸਾਲਾਂ ਤੋਂ ਸਮੇਂ ਤੋਂ ਪਹਿਲਾਂ ਬਰਫ਼ਬਾਰੀ ਹੋ ਰਹੀ ਹੈ। ਉਨ੍ਹਾਂ ਕਿਹਾ, ‘‘ਪਿਛਲੇ ਸਾਲ ਅਕਤੂਬਰ ਦੇ ਆਖਰੀ ਹਫ਼ਤੇ ਬਰਫ਼ਬਾਰੀ ਹੋਈ ਸੀ, ਪਰ ਇਸ ਸਾਲ ਅਜਿਹਾ ਕੋਈ ਅੰਦਾਜ਼ਾ ਨਹੀਂ ਹੈ। ਹਾਲਾਂਕਿ ਉੱਚੇ ਇਲਾਕਿਆਂ ’ਚ ਹਲਕੀ ਬਰਫ਼ਬਾਰੀ ਦੀ ਸੰਭਾਵਨਾ ਹੈ, ਪਰ ਮੈਦਾਨੀ ਇਲਾਕਿਆਂ ’ਚ ਅਜਿਹਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ।’’ ਅਹਿਮਦ ਨੇ ਕਿਹਾ, ‘‘ਕਿਸਾਨ 18 ਅਕਤੂਬਰ ਤੋਂ ਫਸਲਾਂ ਦੀ ਵਾਢੀ ਮੁੜ ਸ਼ੁਰੂ ਕਰ ਸਕਦੇ ਹਨ, ਲੋਕਾਂ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਉਹ ਸ਼੍ਰੀਨਗਰ-ਜੰਮੂ ਅਤੇ ਸ੍ਰੀਨਗਰ-ਲੇਹ ਹਾਈਵੇਅ ’ਤੇ ਬੇਲੋੜੇ ਸਫ਼ਰ ਤੋਂ ਬਚਣ, ਟ੍ਰੈਫਿਕ ਸਲਾਹਾਂ ਦੀ ਪਾਲਣਾ ਕਰਨ ਅਤੇ ਸਾਵਧਾਨੀਆਂ ਦੀ ਪਾਲਣਾ ਕਰਨ ਅਤੇ ਅਪਣੇ ਨਾਲ ਗਰਮ ਕੱਪੜੇ ਰੱਖਣ। ਜੰਮੂ ਖੇਤਰ ਦੇ ਪਹਾੜੀ ਖੇਤਰਾਂ ਵਿਚ ਸੋਮਵਾਰ ਨੂੰ ਤਾਜ਼ਾ ਬਰਫਬਾਰੀ ਦੇ ਨਾਲ-ਨਾਲ ਮੈਦਾਨੀ ਇਲਾਕਿਆਂ ਵਿਚ ਭਾਰੀ ਮੀਂਹ ਪਿਆ, ਜਿਸ ਕਾਰਨ ਕਸ਼ਮੀਰ ਘਾਟੀ ਵਿਚ ਸ਼ੋਪੀਆਂ ਤੋਂ ਪੁੰਛ ਨੂੰ ਜੋੜਨ ਵਾਲੀ ਮੁਗਲ ਰੋਡ ਬੰਦ ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਪੀਰ ਕੀ ਗਲੀ ਇਲਾਕੇ 'ਚ ਭਾਰੀ ਬਰਫਬਾਰੀ ਕਾਰਨ ਮੁਗਲ ਰੋਡ ਬੰਦ ਹੈ। ਜਦੋਂ ਤਕ ਮੌਸਮ ਸਾਫ਼ ਨਹੀਂ ਹੋ ਜਾਂਦਾ, ਉਦੋਂ ਤਕ ਪੁਣਛ ਅਤੇ ਰਾਜੌਰੀ ਖੇਤਰਾਂ ਤੋਂ ਕਿਸੇ ਵੀ ਗੱਡੀ ਨੂੰ ਵਾਦੀ ਵਲ ਜਾਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ।
ਉਤਰਾਖੰਡ ਦੀਆਂ ਉੱਚੀਆਂ ਪਹਾੜੀਆਂ ’ਤੇ ਵੀ ਬਰਫਬਾਰੀ ਅਤੇ ਹੇਠਲੇ ਇਲਾਕਿਆਂ ’ਚ ਮੀਂਹ ਕਾਰਨ ਠੰਡ ਨੇ ਦਸਤਕ ਦਿਤੀ। ਉੱਤਰਾਖੰਡ ’ਚ ਬਦਰੀਨਾਥ, ਕੇਦਾਰਨਾਥ, ਗੰਗੋਤਰੀ, ਯਮੁਨੋਤਰੀ, ਔਲੀ, ਮੁਨਸਿਆਰੀ ਦੀਆਂ ਉੱਚੀਆਂ ਪਹਾੜੀਆਂ ’ਤੇ ਬਰਫਬਾਰੀ ਅਤੇ ਜ਼ਿਆਦਾਤਰ ਹੇਠਲੇ ਸਥਾਨਾਂ ’ਤੇ ਮੀਂਹ ਕਾਰਨ ਤਾਪਮਾਨ ’ਚ ਕਾਫੀ ਗਿਰਾਵਟ ਆਈ ਅਤੇ ਠੰਡ ਮਹਿਸੂਸ ਹੋਣ ਲੱਗੀ।
ਪੰਜਾਬ, ਹਰਿਆਣਾ ਅਤੇ ਦੋਹਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿਚ ਵੀ ਸੋਮਵਾਰ ਨੂੰ ਮੀਂਹ ਪਿਆ, ਜਿਸ ਕਾਰਨ ਤਾਪਮਾਨ ਵਿਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਅਨੁਸਾਰ ਹਰਿਆਣਾ ਦੇ ਅੰਬਾਲਾ, ਹਿਸਾਰ, ਸਿਰਸਾ, ਫਤਿਹਾਬਾਦ ਅਤੇ ਕੁਰੂਕਸ਼ੇਤਰ ਦੇ ਨਾਲ-ਨਾਲ ਪੰਜਾਬ ਦੇ ਲੁਧਿਆਣਾ, ਪਟਿਆਲਾ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ ਅਤੇ ਮੋਹਾਲੀ ’ਚ ਵੀ ਸੋਮਵਾਰ ਸਵੇਰੇ 8:30 ਵਜੇ ਤਕ ਮੀਂਹ ਪਿਆ। ਮੌਸਮ ਵਿਭਾਗ ਨੇ ਸੋਮਵਾਰ ਨੂੰ ਦੋਹਾਂ ਸੂਬਿਆਂ ’ਚ ਜ਼ਿਆਦਾਤਰ ਥਾਵਾਂ ’ਤੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਨੇ ਦਸਿਆ ਕਿ ਸੋਮਵਾਰ ਸਵੇਰੇ ਚੰਡੀਗੜ੍ਹ ’ਚ ਭਾਰੀ ਮੀਂਹ ਪਿਆ, ਜਿਸ ਕਾਰਨ ਸਵੇਰੇ ਕਾਲੇ ਬੱਦਲਾਂ ਕਾਰਨ ਦ੍ਰਿਸ਼ਟਤਾ ਘੱਟ ਗਈ।
ਚੰਡੀਗੜ੍ਹ ਦੇ ਵਸਨੀਕ ਅਜੈ ਕੁਮਾਰ ਨੇ ਦਸਿਆ, ‘‘ਮੈਂ ਸਵੇਰੇ ਅੱਠ ਵਜੇ ਅਪਣੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਿਹਾ ਸੀ, ਜਦੋਂ ਕਾਲੇ ਬੱਦਲਾਂ ਕਾਰਨ ਦ੍ਰਿਸ਼ਟਤਾ ਘੱਟ ਗਈ ਸੀ। ਇਸ ਤੋਂ ਇਲਾਵਾ ਮੀਂਹ ਤੋਂ ਕੁਝ ਸਮਾਂ ਪਹਿਲਾਂ ਤੇਜ਼ ਹਵਾ ਕਾਰਨ ਚਾਰੇ ਪਾਸੇ ਧੂੜ ਉੱਡ ਰਹੀ ਸੀ, ਜਿਸ ਕਾਰਨ ਗੱਡੀ ਚਲਾਉਣਾ ਮੁਸ਼ਕਲ ਹੋ ਗਿਆ।’’