ਡਾਕਟਰ ਨੇ ਆਪਣੀ ਹਥੇਲੀ 'ਤੇ ਲਿਖਿਆ ਸੀ ਖ਼ੁਦਕੁਸ਼ੀ ਨੋਟ
ਮੁੰਬਈ: ਮਹਾਂਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਵਿੱਚ 28 ਸਾਲਾ ਮਹਿਲਾ ਡਾਕਟਰ ਦੀ ਖੁਦਕੁਸ਼ੀ ਮਾਮਲੇ ਵਿੱਚ ਪੁਲਿਸ ਨੇ ਸ਼ਨੀਵਾਰ ਨੂੰ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦਾ ਨਾਮ ਪ੍ਰਸ਼ਾਂਤ ਬਾਂਕਰ ਹੈ, ਜਿਸ ਨੂੰ ਡਾਕਟਰ ਨੇ ਆਪਣੇ ਸੁਸਾਈਡ ਨੋਟ ਵਿੱਚ ਦੋਸ਼ੀ ਵਜੋਂ ਨਾਮਜ਼ਦ ਕੀਤਾ ਸੀ।
ਪੁਲਿਸ ਮੁਤਾਬਕ ਡਾਕਟਰ ਨੇ ਆਪਣੀ ਹਥੇਲੀ 'ਤੇ ਇੱਕ ਖੁਦਕੁਸ਼ੀ ਨੋਟ ਲਿਖਿਆ, ਜਿਸ ਵਿੱਚ ਉਸਦੀ ਮੌਤ ਲਈ 2 ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਖੁਦਕੁਸ਼ੀ ਨੋਟ ਵਿੱਚ, ਉਸ ਨੇ ਦੋਸ਼ ਲਗਾਇਆ ਕਿ ਸਬ-ਇੰਸਪੈਕਟਰ ਗੋਪਾਲ ਬਦਾਨੇ ਨੇ ਉਸ ਨਾਲ ਕਈ ਵਾਰ ਜਬਰ-ਜਨਾਹ ਕੀਤਾ, ਜਦੋਂ ਕਿ ਸਾਫਟਵੇਅਰ ਇੰਜੀਨੀਅਰ ਪ੍ਰਸ਼ਾਂਤ ਬਾਂਕਰ ਨੇ ਉਸ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ।
ਮਹਿਲਾ ਡਾਕਟਰ ਬੀਡ ਜ਼ਿਲ੍ਹੇ ਦੀ ਰਹਿਣ ਵਾਲੀ ਸੀ ਅਤੇ ਸਤਾਰਾ ਦੇ ਫਲਟਨ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਸੀ। ਉਸ ਨੇ ਵੀਰਵਾਰ ਰਾਤ ਨੂੰ ਇੱਕ ਹੋਟਲ ਦੇ ਕਮਰੇ ਵਿੱਚ ਖੁਦਕੁਸ਼ੀ ਕਰ ਲਈ।
ਪੁਲਿਸ ਅਨੁਸਾਰ, ਬਾਂਕਰ ਉਸ ਘਰ ਦੇ ਮਕਾਨ ਮਾਲਕ ਦਾ ਪੁੱਤਰ ਹੈ ਜਿੱਥੇ ਡਾਕਟਰ ਰਹਿੰਦੀ ਸੀ। ਉਨ੍ਹਾਂ ਕਿਹਾ ਕਿ ਡਾਕਟਰ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਕਥਿਤ ਤੌਰ 'ਤੇ ਉਸ ਨਾਲ ਫ਼ੋਨ 'ਤੇ ਗੱਲ ਕੀਤੀ ਸੀ ਅਤੇ ਉਸ ਨਾਲ ਚੈਟ ਵੀ ਕੀਤੀ ਸੀ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਫਲਟਨ ਸਿਟੀ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਵੇਲੇ ਜਾਂਚ ਜਾਰੀ ਹੈ, ਅਤੇ ਪੁਲਿਸ ਹੋਰ ਸਬੂਤਾਂ ਦੀ ਵੀ ਜਾਂਚ ਕਰ ਰਹੀ ਹੈ।
