
ਡਿੰਪੀ ਢਿੱਲੋਂ ਨੇ ਕਿਹਾ, ਬਦਲੇ ਦੀ ਭਾਵਨਾ ਨਾਲ ਕੀਤੀ ਬਿਨਾਂ ਨੋਟਿਸ ਇਕਤਰਫ਼ਾ ਕਾਰਵਾਈ, ਹਾਈਕੋਰਟ ਜਾਣ ਦਾ ਕੀਤਾ ਐਲਾਨ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਚੰਨੀ ਸਰਕਾਰ ਵਿਚ ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਰਾਜਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਰਾਂਸਪੋਰਟ ਮਾਫ਼ੀਏ ਵਿਰੁਧ ਵਿੱਢੀ ਮੁਹਿੰਮ ਤਹਿਤ ਹਰ ਦਿਨ ਛਾਪਾਮਾਰੀ ਕਰ ਕੇ ਨਿਯਮਾਂ ਦਾ ਉਲੰਘਣ ਕਰ ਕੇ ਚਲਾਈਆਂ ਜਾ ਰਹੀਆਂ ਨਿਜੀ ਬਸਾਂ ਲਗਾਤਾਰ ਫੜ ਕੇ ਜ਼ਬਤ ਕੀਤੀਆਂ ਜਾ ਰਹੀਆਂ ਹਨ ਪਰ ਇਸ ਮੁਹਿੰਮ ਦੌਰਾਨ ਸੱਭ ਤੋਂ ਵੱਡੀ ਕਾਰਵਾਈ ਬਾਦਲਾਂ ਦੇ ਖ਼ਾਸਮਖ਼ਾਸ ਹਰਦੀਪ ਸਿੰਘ ਡਿੰਪੀ ਢਿੱਲੋਂ ਵਿਰੁਧ ਹੋਈ ਹੈ।
CM Charanjit Singh Channi
ਡਿੰਪੀ ਢਿੱਲੋਂ ਨਾਲ ਸਬੰਧਤ ਦੋ ਬੱਸ ਕੰਪਨੀਆਂ ਨਿਊ ਦੀਪ ਅਤੇ ਨਿਊ ਦੀਪ ਮੋਟਰਜ਼ ਦੀਆਂ ਬਸਾਂ ਦੇ ਸਾਰੇ ਦੇ ਸਾਰੇ ਪਰਮਿਟ ਰੱਦ ਕਰ ਦਿਤੇ ਗਏ ਹਨ। ਇਸ ਸਬੰਧੀ ਟਰਾਂਸਪੋਰਟ ਵਿਭਾਗ ਵਲੋਂ ਰਾਜਾ ਵੜਿੰਗ ਦੀ ਪ੍ਰਵਾਨਗੀ ਬਾਅਦ ਹੁਕਮ ਬੀਤੇ ਸ਼ੁਕਰਵਾਰ ਜਾਰੀ ਕੀਤੇ ਗਏ। ਸ਼ਾਇਦ ਪੰਜਾਬ ਦੇ ਟਰਾਂਸਪੋਰਟ ਵਿਭਾਗ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਕਿਸੇ ਨਿਜੀ ਟਰਾਂਸਪੋਰਟ ਦੇ ਸਾਰੇ ਦੇ ਸਾਰੇ ਪਰਮਿਟ ਇਕੋ ਵੇਲੇ ਰੱਦ ਕੀਤੇ ਗਏ ਹੋਣ।
Raja Warring
ਪਰਮਿਟ ਰੱਦ ਹੋਣ ਦਾ ਪ੍ਰਗਟਾਵਾ ਖ਼ੁਦ ਹੀ ਡਿੰਪੀ ਢਿੱਲੋਂ ਨੇ ਅੱਜ ਸ਼ਾਮ ਇਥੇ ਸੱਦੀ ਪ੍ਰੈਸ ਕਾਨਫ਼ਰੰਸ ਵਿਚ ਜਾਰੀ ਹੁਕਮਾਂ ਨੂੰ ਮੀਡੀਆ ਨਾਲ ਸਾਂਝਾ ਕਰਦਿਆਂ ਖ਼ੁਦ ਹੀ ਕੀਤਾ। ਰੱਦ ਕੀਤੇ ਗਏ ਬਸਾਂ ਦੇ ਪਰਮਿਟਾਂ ਵਿਚ 36 ਨਿਊ ਦੀਪ ਅਤੇ 40 ਨਿਊ ਦੀਪ ਮੋਟਰਜ਼ ਕੰਪਨੀ ਦੇ ਹਨ। ਢਿੱਲੋਂ ਨੇ ਦਸਿਆ ਕਿ ਉਨ੍ਹਾਂ ਦੀਆਂ 56 ਬਸਾਂ ਜ਼ਬਤ ਹੋ ਚੁੱਕੀਆਂ ਹਨ। ਇਹ ਪਰਮਿਟ ਰੋਡ ਟੈਕਸ ਨਾ ਭਰਨ ਕਾਰਨ ਡਿਫ਼ਾਲਟਰ ਹੋਣ ਦੇ ਦੋਸ਼ਾਂ ਵਿਚ ਰੱਦ ਕੀਤੇ ਗਏ ਹਨ।
Raja Warring
ਉਨ੍ਹਾਂ ਦੋਸ਼ ਲਾਇਆ ਕਿ ਸਿਰਫ਼ ਬਦਲੇ ਦੀ ਭਾਵਨਾ ਨਾਲ ਇਕ ਪਾਸੜ ਕਾਰਵਾਈ ਕੀਤੀ ਗਈ ਹੈ ਅਤੇ ਬਿਨਾਂ ਕਿਸੇ ਨੋਟਿਸ ਦੇ ਸਾਰੇ ਦੇ ਸਾਰੇ ਪਰਮਿਟ ਰੱਦ ਕਰ ਦਿਤੇ ਗਏ। ਉਨ੍ਹਾਂ ਕਿਹਾ ਕਿ ਮੇਰਾ ਕਸੂਰ ਸਿਰਫ਼ ਇੰਨਾ ਹੀ ਹੈ ਕਿ ਮੈਂ ਗਿੱਦੜਬਾਹਾ ਤੋਂ ਰਾਜਾ ਵੜਿੰਗ ਵਿਰੁਧ ਅਕਾਲੀ ਦਲ ਵਲੋਂ ਉਮੀਦਵਾਰ ਹਾਂ। 2017 ਵਿਚ ਚੋਣ ਲੜੀ ਅਤੇ ਹੁਣ ਫਿਰ ਪਾਰਟੀ ਨੇ 2022 ਲਈ ਟਿਕਟ ਦਿਤੀ ਹੈ।
ਢਿੱਲੋਂ ਨੇ ਦਾਅਵਾ ਕੀਤਾ ਕਿ 31 ਦਸੰਬਰ 2020 ਦਾ ਰੀਕਾਰਡ ਦਸਦਾ ਹੈ ਕਿ ਅਸੀ ਕਦੇ ਡਿਫ਼ਾਲਟਰ ਨਹੀਂ ਹੋਏ। ਹੁੁਣ ਸਿਰਫ਼ ਕੋਰੋਨਾ ਮਹਾਂਮਾਰੀ ਦੇ ਸੰਕਟ ਦੇ ਚਲਦੇ ਡਿਫ਼ਾਲਟਰ ਹੋਣ ਦੀ ਸਥਿਤੀ ਆਈ। ਉਨ੍ਹਾਂ ਦਸਿਆ ਕਿ ਸਾਡੀਆਂ ਕੰਪਨੀਆਂ ਵਲ ਇਸ ਸਮੇਂ ਦਾ ਢਾਈ ਕਰੋੜ ਦੇ ਕਰੀਬ ਟੈਕਸ ਬਣਾਇਆ ਸੀ ਅਤੇ ਮਾਮਲਾ ਟ੍ਰਿਬਿਊਨਲ ਵਿਚ ਜਾਣ ਬਾਅਦ ਚਾਰ ਕਿਸ਼ਤਾਂ ਵਿਚ ਬਕਾਇਆ ਜਮ੍ਹਾਂ ਕਰਵਾਉਣ ਦੀ ਆਗਿਆ ਮਿਲ ਗਈ ਸੀ ਅਤੇ ਪਹਿਲੀ ਕਿਸ਼ਤ 60 ਲੱਖ ਜਮ੍ਹਾਂ ਵੀ ਕਰਵਾ ਦਿਤੀ।
ਢਿੱਲੋਂ ਦਾ ਕਹਿਣਾ ਹੈ ਕਿ ਮਾਮਲਾ ਟ੍ਰਿਬਿਊਨਲ ਵਿਚ ਪੈਂਡਿੰਗ ਹੋਣ ਦੇ ਬਾਵਜੂਦ ਇਕਤਰਫ਼ਾ ਕਾਰਵਾਈ ਕੀਤੀ ਗਈ ਹੈ ਤੇ ਮੰਤਰੀ ਇਸ ਗੱਲ ’ਤੇ ਅੜੇ ਹੋਏ ਹਨ ਕਿ ਇਕੱਠਾ ਹੀ ਸਾਰਾ ਟੈਕਸ ਭਰਵਾਉਣਾ ਹੈ ਜਦ ਕਿ ਕੋਵਿਡ ਮਹਾਂਮਾਰੀ ਦੇ ਔਖੇ ਸਮੇਂ ਵਿਚ ਇਕਦਮ ਇੰਨਾ ਪੈਸਾ ਜਮ੍ਹਾਂ ਕਰਵਾਉਣਾ ਕਿਵੇਂ ਸੰਭਵ ਹੈ? ਉਨ੍ਹਾਂ ਦਸਿਆ ਕਿ ਅਸੀ ਟੈਕਸ ਭਰਨ ਤੋਂ ਕਦੇ ਨਹੀਂ ਭੱਜੇ ਅਤੇ ਟੈਕਸ ਭਰਨ ਲਈ ਹਲਫ਼ੀਆ ਬਿਆਨ ਵੀ ਦਿਤਾ ਹੋਇਆ ਹੈ। ਢਿੱਲੋਂ ਨੇ ਕਿਹਾ ਕਿ ਹੁਣ ਇਕਤਰਫ਼ਾ ਕਾਰਵਾਈ ਬਾਅਦ ਇਕੋ ਰਸਤਾ ਬਚਿਆ ਹੈ ਕਿ ਹਾਈ ਕੋਰਟ ਦਾ ਬੂਹਾ ਖੜਕਾਇਆ ਜਾਵੇ।