
ਯੂਟਿਊਬ 'ਤੇ ਸ਼ਰਾਬ ਬਣਾਉਣੀ ਸਿੱਖੀ!
Haryana News: ਹਰਿਆਣਾ ਦੇ ਅੰਬਾਲਾ 'ਚ ਤਿਆਰ ਜ਼ਹਿਰੀਲੀ ਸ਼ਰਾਬ ਨੇ ਅੰਬਾਲਾ ਹੀ ਨਹੀਂ ਸਗੋਂ ਯਮੁਨਾਨਗਰ 'ਚ ਵੀ ਤਬਾਹੀ ਮਚਾਈ ਹੋਈ ਹੈ। ਹੁਣ ਤਕ 22 ਲੋਕਾਂ ਦੀ ਮੌਤ ਹੋ ਚੁੱਕੀ ਹੈ, ਕਈ ਲੋਕਾਂ ਦੀ ਮੌਤ ਸ਼ੱਕੀ ਹਾਲਾਤਾਂ 'ਚ ਹੋਈ ਹੈ। ਅੰਬਾਲਾ ਪੁਲਿਸ ਮਾਸਟਰਮਾਈਂਡ ਅੰਕਿਤ ਉਰਫ ਮੋਗਲੀ ਨੂੰ 6 ਦਿਨਾਂ ਦੇ ਰਿਮਾਂਡ 'ਤੇ ਲੈ ਕੇ ਪੁਛਗਿਛ ਕਰਨ 'ਚ ਜੁਟੀ। ਇਸ ਦੇ ਨਾਲ ਹੀ ਇਹ ਖੁਲਾਸਾ ਹੋਇਆ ਹੈ ਕਿ ਮਾਸਟਰਮਾਈਂਡ ਮੋਗਲੀ ਨੇ ਯੂਟਿਊਬ 'ਤੇ ਸ਼ਰਾਬ ਬਣਾਉਣੀ ਸਿੱਖੀ ਸੀ।
ਦੂਜੇ ਪਾਸੇ ਯਮੁਨਾਨਗਰ ਪੁਲਿਸ ਨੇ ਜ਼ਹਿਰੀਲੀ ਸ਼ਰਾਬ ਵੇਚਣ ਦੇ ਮਾਮਲੇ 'ਚ ਮੰਗੇ ਰਾਮ, ਗੌਰਵ ਅਤੇ ਪ੍ਰਦੀਪ ਨੂੰ ਫਿਰ ਤੋਂ 2 ਦਿਨਾਂ ਦੇ ਰਿਮਾਂਡ 'ਤੇ ਲੈ ਲਿਆ ਹੈ। ਜਾਣਕਾਰੀ ਅਨੁਸਾਰ ਯਮੁਨਾਨਗਰ ਪੁਲਿਸ ਵਲੋਂ ਕੀਤੀ ਗਈ ਪੁਛਗਿਛ ਵਿਚ ਸਾਹਮਣੇ ਆਇਆ ਹੈ ਕਿ ਅੰਬਾਲਾ ਤੋਂ 200 ਪੇਟੀਆਂ ਨਹੀਂ ਸਗੋਂ 227 ਪੇਟੀਆਂ ਦੀ ਸਪਲਾਈ ਕੀਤੀ ਗਈ ਸੀ। 8 ਨਵੰਬਰ ਨੂੰ ਜ਼ਹਿਰੀਲੀ ਸ਼ਰਾਬ ਨਾਲ ਮੌਤ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਮੁਲਜ਼ਮ ਨਿਸ਼ਾਂਤ ਨੇ ਖੇਤਾਂ ਵਿਚ 110 ਪੇਟੀਆਂ ਸ਼ਰਾਬ ਨੂੰ ਅੱਗ ਲਗਾ ਕੇ ਨਸ਼ਟ ਕਰ ਦਿਤਾ ਸੀ।
ਯਮੁਨਾਨਗਰ ਪੁਲਿਸ ਮੁਤਾਬਕ ਮਾਸਟਰਮਾਈਂਡ ਮੋਗਲੀ ਨੇ ਇਨ੍ਹਾਂ ਦੋਸ਼ੀਆਂ ਨਾਲ ਮਿਲ ਕੇ ਯਮੁਨਾਨਗਰ 'ਚ ਸ਼ਰਾਬ ਵੇਚਣ ਦੀ ਯੋਜਨਾ ਬਣਾਈ ਸੀ। ਵਿਉਂਤਬੰਦੀ ਅਨੁਸਾਰ ਸ਼ਰਾਬ ਸਿਰਫ਼ ਗ਼ੈਰਕਾਨੂੰਨੀ ਦੁਕਾਨਾਂ ’ਤੇ ਹੀ ਵੇਚੀ ਜਾਂਦੀ ਸੀ। ਪੁਲਿਸ ਨੇ ਛਪਾਰ ਥਾਣੇ ਵਿਚ ਦਰਜ ਕੇਸ ਵਿਚ ਅੰਬਾਲਾ ਦੇ ਠੰਬੜ ਦੇ ਰਹਿਣ ਵਾਲੇ ਗੌਰਵ, ਮਾਂਡੇਬਾੜੀ ਦੇ ਰਾਹੁਲ ਅਤੇ ਰੌਕੀ ਅਤੇ ਮੁਲਜ਼ਮ ਰਾਜੇਸ਼, ਰਾਜਕੁਮਾਰ ਅਤੇ ਸੁਰਿੰਦਰ ਨੂੰ ਅਦਾਲਤ ਵਿਚ ਪੇਸ਼ ਕਰਕੇ ਜੇਲ ਭੇਜ ਦਿਤਾ ਹੈ।
ਬੁਲਡੋਜ਼ਰ ਕਾਰਵਾਈ ਕੀਤੀ ਜਾਵੇਗੀ: ਅਨਿਲ ਵਿਜ
ਇਸ ਦੇ ਨਾਲ ਹੀ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਸਪੱਸ਼ਟ ਕੀਤਾ ਹੈ ਕਿ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਵਿਚ ਸ਼ਾਮਲ ਪਾਏ ਜਾਣ ਵਾਲਿਆਂ ਵਿਰੁਧ ਬੁਲਡੋਜ਼ਰ ਦੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿਚ ਦੋ ਐਸਆਈਟੀ ਦਾ ਗਠਨ ਕੀਤਾ ਗਿਆ ਹੈ।
ਯਮੁਨਾਨਗਰ ਦੇ ਐਸਪੀ ਗੰਗਾਰਾਮ ਪੂਨੀਆ ਮੁਤਾਬਕ ਗੈਂਗਸਟਰ ਮੋਨੂੰ ਰਾਣਾ ਅਤੇ ਮਾਸਟਰਮਾਈਂਡ ਅੰਕਿਤ ਉਰਫ ਮੋਗਲੀ ਦੋਸਤ ਹਨ। ਮੋਗਲੀ ਸਾਲ 2021 ਵਿਚ ਸ਼ਰਾਬ ਦੇ ਇਕ ਮਾਮਲੇ ਵਿਚ ਜੇਲ ਗਿਆ ਸੀ। ਫਿਰ ਉਸ ਦੀ ਮੋਨੂੰ ਰਾਣਾ ਨਾਲ ਦੋਸਤੀ ਹੋ ਗਈ। ਜੇਲ 'ਚ ਹੀ ਉਸ ਨੇ ਵੱਡੇ ਪੱਧਰ 'ਤੇ ਨਾਜਾਇਜ਼ ਸ਼ਰਾਬ ਤਿਆਰ ਕਰਕੇ ਸਪਲਾਈ ਕਰਨ ਦੀ ਯੋਜਨਾ ਬਣਾਈ ਸੀ ਕਿਉਂਕਿ ਮੋਨੂੰ ਰਾਣਾ ਦਾ ਯਮੁਨਾਨਗਰ 'ਚ ਵੱਡਾ ਨੈੱਟਵਰਕ ਹੈ।
ਮਾਸਟਰਮਾਈਂਡ ਵਿਰੁਧ ਪਹਿਲਾਂ ਹੀ ਦਰਜ ਹਨ ਮਾਮਲੇ
ਕੁਝ ਮਹੀਨੇ ਪਹਿਲਾਂ ਮੋਨੂੰ ਵੀ ਜ਼ਮਾਨਤ 'ਤੇ ਬਾਹਰ ਆਇਆ ਸੀ, ਫਿਰ ਇਹ ਯੋਜਨਾ ਸਿਰੇ ਚੜ੍ਹ ਗਈ। ਇਸ ਤੋਂ ਬਾਅਦ ਮੋਨੂੰ ਜੇਲ ਚਲਾ ਗਿਆ, ਪਰ ਮੋਗਲੀ ਦੇ ਸੰਪਰਕ ਵਿਚ ਰਿਹਾ। ਅੰਬਾਲਾ ਦੇ ਐਸਪੀ ਜਸ਼ਨਦੀਪ ਸਿੰਘ ਰੰਧਾਵਾ ਨੇ ਦਸਿਆ ਕਿ ਮਾਸਟਰਮਾਈਂਡ ਵਿਰੁਧ ਪਹਿਲਾਂ ਹੀ 5-6 ਕੇਸ ਦਰਜ ਹਨ।
Mastermind arrested in poisoned liquor case