
ਇਸ ਘਟਨਾ 'ਚ ਵੇਟਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ
Waiter dragged for 100m with car: ਚੰਡੀਗੜ੍ਹ ਨੇੜੇ ਪੰਚਕੂਲਾ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਸ਼ਰਾਬ ਦੇ ਬਿੱਲ ਨੂੰ ਲੈ ਕੇ ਕੁੱਝ ਲੋਕਾਂ ਨੇ ਇਕ ਵੇਟਰ ਦੀ ਕੁੱਟਮਾਰ ਕੀਤੀ। ਇੰਨਾ ਹੀ ਨਹੀਂ ਲੜਾਈ ਤੋਂ ਬਾਅਦ ਜਦੋਂ ਇਹ ਲੋਕ ਕਾਰ 'ਚ ਬੈਠ ਕੇ ਭੱਜ ਰਹੇ ਸਨ ਤਾਂ ਵੇਟਰ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਕਾਰ ਸਵਾਰਾਂ ਨੇ ਰੁਕਣ ਦੀ ਬਜਾਏ ਉਸ ਨੂੰ ਕਰੀਬ 100 ਮੀਟਰ ਤਕ ਘਸੀਟਿਆ। ਇਸ ਘਟਨਾ 'ਚ ਵੇਟਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ। ਉਸ ਦੇ ਦੋਵੇਂ ਹੱਥਾਂ ਦੀਆਂ ਹੱਡੀਆਂ ਟੁੱਟ ਗਈਆਂ ਹਨ, ਜਦਕਿ ਉਸ ਦੀ ਲੱਤ 'ਤੇ ਵੀ ਸੱਟ ਲੱਗੀ ਹੈ। ਕੁੱਟਮਾਰ ਕਰਨ ਵਾਲਿਆਂ ਵਿਚ ਔਰਤਾਂ ਵੀ ਸ਼ਾਮਲ ਸਨ, ਜੋ ਤਲਵਾਰਾਂ ਵੀ ਲਹਿਰਾ ਰਹੀਆਂ ਸਨ। ਮਾਮਲਾ ਐਤਵਾਰ ਸਵੇਰ ਦਾ ਦਸਿਆ ਜਾ ਰਿਹਾ ਹੈ।
ਇਹ ਘਟਨਾ ਪੰਚਕੂਲਾ ਦੇ ਸੈਕਟਰ-20 ਦੀ ਹੈ। ਇਥੇ ਦੋ ਪੁਰਸ਼ ਤਿੰਨ ਔਰਤਾਂ ਨਾਲ ਇਕ ਨਾਈਟ ਕਲੱਬ ਪਹੁੰਚੇ ਸਨ ਅਤੇ ਪੂਰੀ ਰਾਤ ਮਸਤੀ ਕਰਦੇ ਰਹੇ। ਸਵੇਰੇ ਜਦੋਂ ਵੇਟਰ ਬਿੱਲ ਲੈ ਕੇ ਉਨ੍ਹਾਂ ਕੋਲ ਪਹੁੰਚਿਆ ਤਾਂ ਦੋਵਾਂ 'ਚ ਬਹਿਸ ਹੋ ਗਈ। ਦਸਿਆ ਜਾਂਦਾ ਹੈ ਕਿ ਇਹ ਬਿੱਲ 23000 ਰੁਪਏ ਤੋਂ ਵੱਧ ਸੀ। ਵੇਟਰ ਨਾਲ ਪੁਰਸ਼ਾਂ ਦੀ ਚੱਲ ਰਹੀ ਬਹਿਸ ਉਸ ਸਮੇਂ ਹਿੰਸਕ ਹੋ ਗਈ ਜਦੋਂ ਦੋ ਵਿਅਕਤੀ ਨਾਈਟ ਕਲੱਬ ਦੇ ਬਾਊਂਸਰਾਂ ਨਾਲ ਭਿੜ ਗਏ। ਇਸ ਦੌਰਾਨ ਦੋਹਾਂ 'ਚੋਂ ਇਕ ਨੇ ਮਦਦ ਲਈ ਅਪਣੇ ਇਕ ਦੋਸਤ ਨੂੰ ਬੁਲਾਇਆ। ਥੋੜ੍ਹੇ ਸਮੇਂ ਵਿਚ ਹੀ ਦੋ ਕਾਰਾਂ ਵਿਚ ਇਕ ਦਰਜਨ ਲੋਕ ਮੌਕੇ ’ਤੇ ਪਹੁੰਚ ਗਏ। ਇਨ੍ਹਾਂ ਲੋਕਾਂ ਕੋਲ ਡੰਡੇ ਅਤੇ ਤਲਵਾਰਾਂ ਵੀ ਸਨ। ਇਨ੍ਹਾਂ ਲੋਕਾਂ ਦੇ ਨਾਲ ਤਿੰਨ ਔਰਤਾਂ ਵੀ ਨਜ਼ਰ ਆ ਰਹੀਆਂ ਹਨ ਜੋ ਤਲਵਾਰਾਂ ਲਹਿਰਾ ਰਹੀਆਂ ਹਨ ਅਤੇ ਮੁੱਕੇ ਵੀ ਮਾਰ ਰਹੀਆਂ ਹਨ।
ਜਦੋਂ ਲੜਾਈ ਵਧ ਗਈ ਤਾਂ ਉਥੇ ਮੌਜੂਦ ਲੋਕਾਂ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ। ਜਦੋਂ ਇਹ ਲੋਕ ਕਾਰ 'ਚ ਬੈਠ ਕੇ ਭੱਜ ਰਹੇ ਸਨ ਤਾਂ ਇਕ 18 ਸਾਲਾ ਵੇਟਰ, ਜਿਸ ਦਾ ਨਾਂ ਜਯੰਤ ਦਸਿਆ ਜਾ ਰਿਹਾ ਹੈ, ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹਮਲਾਵਰ ਉਸ ਨੂੰ ਕਰੀਬ 100 ਮੀਟਰ ਤਕ ਘੜੀਸ ਕੇ ਲੈ ਗਏ। ਇਹ ਸਾਰੀ ਘਟਨਾ ਕੈਮਰੇ 'ਚ ਕੈਦ ਹੋ ਗਈ ਹੈ। ਫਿਲਹਾਲ ਉਹ ਪੰਚਕੂਲਾ ਦੇ ਸੈਕਟਰ 6 ਸਥਿਤ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਹੈ। ਘਟਨਾ ਤੋਂ ਬਾਅਦ ਸੈਕਟਰ-20 ਥਾਣਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।