
ਰੋਸ ਪ੍ਰਦਰਸ਼ਨਾਂ ਨੇ ਅਖਤਿਆਰ ਕੀਤਾ ਵਿਆਪਕ ਰੂਪ
ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦੇਸ਼ ਭਰ ਵਿਚ ਰੋਸ ਪ੍ਰਦਰਸ਼ਨ ਵਿਆਪਕ ਰੂਪ ਅਖਤਿਆਰ ਕਰਦੇ ਜਾ ਰਹੇ ਹਨ। ਬੀਤੇ ਕੱਲ੍ਹ ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਪੁਲਿਸ ਦਰਮਿਆਨ ਹੋਈਆਂ ਝੜਪਾਂ ਤੋਂ ਬਾਅਦ ਰੋਸ ਪ੍ਰਦਰਸ਼ਨ ਦਾ ਸਿਲਸਿਲਾ ਹੋਰ ਜ਼ੋਰ ਫੜਦਾ ਜਾ ਰਿਹਾ ਹੈ। ਉਤਰ ਪ੍ਰਦੇਸ਼ ਵਿਖੇ ਸਥਿਤ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਵੀ ਸਥਿਤੀ ਵਿਗੜਣ ਦੀ ਖ਼ਬਰ ਹੈ। ਇਸ ਦੌਰਾਨ ਤਿੰਨ ਵਿਦਿਆਰਥੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਪੁਲਿਸ ਨੇ ਵਿਦਿਆਰਥੀਆਂ 'ਤੇ ਲਾਠੀਚਾਰਜ ਵੀ ਕੀਤਾ ਹੈ। ਦੇਸ਼ ਦੇ ਹੋਰ ਹਿੱਸਿਆਂ ਤੋਂ ਵੀ ਅਜਿਹੇ ਹੀ ਪ੍ਰਦਰਸ਼ਨਾਂ ਦੀਆਂ ਖ਼ਬਰਾਂ ਆ ਰਹੀਆਂ ਹਨ।
file photo
ਪ੍ਰਦਰਸ਼ਨਾਂ ਬਾਰੇ ਕੀ ਕਹਿੰਦੀਆਂ ਨੇ ਪ੍ਰਸਿੱਧ ਹਸਤੀਆਂ? :
ਇਸੇ ਦੌਰਾਨ ਬਾਲੀਵੁੱਡ ਦੀਆਂ ਕੁੱਝ ਹਸਤੀਆਂ ਨੇ ਜਿੱਥੇ ਵਿਦਿਆਰਥੀਆਂ ਦਾ ਸਮਰਥਨ ਕੀਤਾ ਹੈ, ਉਥੇ ਕੁੱਝ ਨੇ ਵਿਰੋਧੀ ਸੁਰ ਵੀ ਅਖਤਿਆਰ ਕੀਤੇ ਹਨ। ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਪਹਿਲਾਂ ਬਿੱਲ ਨੂੰ ਵਿਸਥਾਰ ਨਾਲ ਪੜ੍ਹ ਲੈਣਾ ਚਾਹੀਦੈ ਤਾਂ ਜੋ ਉਹ ਇਸ ਬਾਰੇ ਸਹੀ ਸੋਚ ਅਪਨਾ ਸਕਣ।
file photo
ਬਾਲੀਵੁਡ ਹੀਰੋ ਤੇ ਪ੍ਰੋਡਿਊਸਰ ਕਮਾਲ ਆਰ ਖ਼ਾਨ ਉਰਫ਼ ਕੇਆਰਕੇ ਨੇ ਟਵੀਟ ਕਰਦਿਆਂ ਕਿਹਾ ਕਿ ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਫ਼ ਕਹਿ ਚੁੱਕੇ ਹਨ ਕਿ ਇਸ ਨਾਲ ਮੁਸਲਮਾਨਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ ਤੇ ਬਿੱਲ ਕੁੱਝ ਜ਼ਰੂਰਤਮੰਦਾਂ ਦੀ ਸਹੂਲਤ ਲਈ ਬਣਾਇਆ ਗਿਆ ਹੈ ਤਾਂ ਕੁੱਝ ਲੋਕ ਸਿਆਸੀ ਲੋਕਾਂ ਦੀਆਂ ਗੱਲਾਂ 'ਚ ਆ ਕੇ ਹਿੰਸਕ ਘਟਨਾਵਾਂ ਕਿਉਂ ਕਰ ਰਹੇ ਹਨ।
file photo
ਜਾਮੀਆਂ ਮਿਲਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀ ਰਹਿ ਚੁੱਕੇ ਪ੍ਰਸਿੱਧ ਅਦਾਕਾਰ ਸ਼ਾਹਰੁਖ ਖਾਨ ਨੇ ਭਾਵੇਂ ਅਜੇ ਤਕ ਇਸ ਘਟਨਾ ਬਾਰੇ ਕੋਈ ਬਿਆਨ ਨਹੀਂ ਦਿਤਾ। ਪਰ ਉਸ ਦੇ ਇਕ ਪ੍ਰਸੰਸਕ ਨੇ ਸ਼ਾਹਰੁਖ ਖਾਨ ਨੂੰ ਭਾਵੁਕ ਅਪੀਲ ਕਰਦਿਆਂ ਇਸ ਮੁੱਦੇ 'ਤੇ ਕੁੱਝ ਕਹਿਣ ਦੀ ਗੁਜਾਰਿਸ਼ ਕੀਤੀ ਹੈ।
ਪ੍ਰਸਿੱਧ ਅਦਾਕਾਰ ਅਕਸ਼ੈ ਕੁਮਾਰ ਨੇ ਵੀ ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਸਬੰਧੀ ਇਕ ਟਵੀਟ ਕੀਤਾ ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਬਾਅਦ 'ਚ ਅਕਸ਼ੈ ਕੁਮਾਰ ਨੇ ਇਸ ਟਵੀਟ ਬਾਰੇ ਸਫ਼ਾਈ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਕੋਲੋਂ ਜਾਮੀਆ ਦੇ ਵਿਦਿਆਰਥੀਆਂ ਦਾ ਟਵੀਟ ਗ਼ਲਤੀ ਨਾਲ ਲਾਈਕ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਅਨਲਾਈਕ ਕਰ ਦਿਤਾ ਹੈ।
file photo
ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਤੇ ਕਵੀ ਕੁਮਾਰ ਵਿਸ਼ਵਾਸ ਨੇ ਇਸ ਘਟਨਾ ਸਬੰਧੀ ਟਵੀਟ ਕਰਦਿਆਂ ਕੇਜ਼ਰੀਵਾਲ ਸਰਕਾਰ 'ਤੇ ਹਮਲਾ ਬੋਲਿਆ ਹੈ। ਉਸ ਨੇ ਟਵੀਟ ਰਾਹੀਂ ਇਸ ਸੱਭ ਲਈ ਮੁੱਖ ਮੰਤਰੀ ਕੇਜ਼ਰੀਵਾਲ ਦੀ ਸੱਤਾ ਪ੍ਰਾਪਤੀ ਲਈ ਕਿਸੇ ਹਦ ਤਕ ਜਾਣ ਦੀ ਕਥਿਤ ਨੀਤੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕ੍ਰਿਕੇਟ ਖਿਡਾਰੀ ਇਰਫਾਨ ਪਠਾਨ ਨੇ ਇਸ ਸਾਰੇ ਘਟਨਾਕ੍ਰਮ 'ਤੇ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਇਕ ਦੂਜੇ 'ਤੇ ਸਿਆਸੀ ਦੋਸ਼ ਤਾਂ ਲੱਗਦੇ ਰਹਿਣਗੇ, ਪਰ ਮੈਂ ਅਤੇ ਦੇਸ਼ ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਲੈ ਕ ਚਿੰਤਾ 'ਚ ਹਾਂ।
file photo
ਜਾਮੀਆ ਮਿਲਲੀਆ ਇਸਲਾਮੀਆ ਯੂਨੀਵਰਸਿਟੀ ਦੀ ਵਾਇਸ ਚਾਂਸਲਰ ਨਜ਼ਮਾ ਅਖ਼ਤਰ ਨੇ ਵੀ ਵਿਦਿਆਰਥੀਆਂ ਦੇ ਹੱਕ 'ਚ ਆਵਾਜ਼ ਉਠਾਈ ਹੈ। ਵਾਇਸ ਚਾਂਸਲਰ ਨੇ ਕਿਹਾ ਕਿ ਇਹ ਇਕੱਲੇ ਵਿਦਿਆਰਥੀਆਂ ਦੀ ਲੜਾਈ ਨਹੀਂ ਹੈ, ਮੈਂ ਉਨ੍ਹਾਂ ਦੇ ਨਾਲ ਹਾਂ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੁਲਿਸ ਨੇ ਵਿਦਿਆਰਥੀਆਂ ਨਾਲ ਸਲੂਕ ਕੀਤਾ ਹੈ, ਮੈਂ ਉਸ ਤੋਂ ਦੁਖੀ ਹਾਂ। ਇਸੇ ਦੌਰਾਨ ਦਿੱਲੀ ਪੁਲਿਸ ਨੇ ਬੱਸਾਂ ਨੂੰ ਅੱਗ ਲਗਾਉਣ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਪੁਲਿਸ ਨੇ ਸਥਿਤੀ ਨੂੰ ਕੰਟਰੋਲ ਕਰਨ ਲਈ ਜੋ ਜ਼ਰੂਰੀ ਸੀ, ਉਹੀ ਕੀਤਾ ਹੈ। ਪੁਲਿਸ ਨੇ ਹਿਰਾਸਤ 'ਚ ਲਏ ਗਏ ਵਿਦਿਆਰਥੀਆਂ ਨੂੰ ਸੋਮਵਾਰ ਤੜਕੇ ਰਿਹਾਅ ਕਰ ਦਿਤਾ ਹੈ। ਵਿਦਿਆਰਥੀਆਂ ਦੀ ਰਿਹਾਈ ਤੋਂ ਬਾਅਦ ਦਿੱਲੀ ਪੁਲਿਸ ਹੈਡਕੁਆਟਰ ਦੇ ਬਾਹਰ ਇਕੱਠੇ ਹੋਏ ਲੋਕਾਂ ਨੇ ਪ੍ਰਦਰਸ਼ਨ ਖ਼ਤਮ ਕਰ ਦਿਤਾ ਹੈ।