
8 ਮਹੀਨਿਆਂ ਦੀ ਗਰਭਵਤੀ ਸੀ ਮ੍ਰਿਤਕ ਔਰਤ
ਬਰੇਲੀ - ਉੱਤਰ ਪ੍ਰਦੇਸ਼ ਦੇ ਬਦਾਇਊਂ ਜ਼ਿਲ੍ਹੇ ਦੇ ਪਿੰਡ ਲਹਾਡੋਰਾ ਵਿੱਚ ਜਾਇਦਾਦ ਦੇ ਝਗੜੇ ਨੂੰ ਲੈ ਕੇ ਰਿਸ਼ਤੇਦਾਰਾਂ ਨੇ ਕਥਿਤ ਤੌਰ ’ਤੇ 33 ਸਾਲਾ ਅੱਠ ਮਹੀਨਿਆਂ ਦੀ ਗਰਭਵਤੀ ਔਰਤ ਅਤੇ ਉਸ ਦੇ 35 ਸਾਲਾ ਕਿਸਾਨ ਪਤੀ ਦਾ ਸਿਰ ਵਿੱਚ ਗੰਭੀਰ ਵਾਰ ਕਰ ਕੇ ਕਤਲ ਕਰ ਦਿੱਤਾ। ਇਹ ਘਟਨਾ ਬੁੱਧਵਾਰ ਰਾਤ ਨੂੰ ਵਾਪਰੀ ਜਦੋਂ ਮੁਲਜ਼ਮ ਪੀੜਤਾਂ ਦੇ ਘਰ 'ਚ ਦਾਖਲ ਹੋਏ ਅਤੇ ਉਨ੍ਹਾਂ 'ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ।
ਸੋਮਵੀਰ ਸਿੰਘ ਅਤੇ ਉਸ ਦੀ ਪਤਨੀ ਖੁਸ਼ਬੂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਦੇ ਅੰਦਰ ਇੱਕ ਮੰਜੇ 'ਤੇ ਪਈਆਂ ਮਿਲੀਆਂ। ਸੋਮਵੀਰ ਦੇ ਭਰਾ ਉਦੈਵੀਰ, ਜੋ ਕਿ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕ ਵਜੋਂ ਕੰਮ ਕਰਦਾ ਹੈ, 'ਤੇ ਵੀ ਕਥਿਤ ਦੋਸ਼ੀਆਂ ਨੇ ਹਮਲਾ ਕੀਤਾ ਸੀ। ਹਾਲਾਂਕਿ, ਉਹ ਬਚ ਗਿਆ ਅਤੇ ਹੋਸ਼ ਵਿੱਚ ਆਉਣ ਤੋਂ ਬਾਅਦ, ਉਸ ਨੇ 112 ਨੰਬਰ ਡਾਇਲ ਕਰਕੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਸ਼ਿਕਾਇਤ ਦਰਜ ਕਰਵਾਈ।
ਉਦੈਵੀਰ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ 15 ਵਿੱਘੇ ਵਾਹੀਯੋਗ ਜ਼ਮੀਨ ਦੇ ਝਗੜੇ ਨੂੰ ਲੈ ਕੇ ਉਸ ਦੇ ਚਾਚੇ ਅਮਰ ਸਿੰਘ, ਉਸ ਦੇ ਲੜਕੇ ਸਤਿੰਦਰ ਅਤੇ ਇੱਕ ਹੋਰ ਅਣਪਛਾਤੇ ਵਿਅਕਤੀ ਨੇ ਉਸ ਦੇ ਭਰਾ ਅਤੇ ਭਰਜਾਈ ਦਾ ਕਤਲ ਕਰ ਦਿੱਤਾ ਹੈ। ਉਸ ਨੇ ਦੱਸਿਆ ਕਿ ਉਹ ਸਵੇਰੇ 3 ਵਜੇ ਦੇ ਕਰੀਬ ਉਨ੍ਹਾਂ ਦੇ ਘਰ 'ਚ ਦਾਖਲ ਹੋਏ ਅਤੇ ਉਨ੍ਹਾਂ ਦੇ ਸਿਰ 'ਤੇ ਲੋਹੇ ਦੀਆਂ ਰਾਡਾਂ ਨਾਲ ਵਾਰ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ।
ਪੁਲਿਸ ਮੁਤਾਬਕ ਸੋਮਵੀਰ ਦਾ ਵਿਆਹ ਦੋ ਸਾਲ ਪਹਿਲਾਂ ਬਿਹਾਰ ਦੀ ਰਹਿਣ ਵਾਲੀ ਖੁਸ਼ਬੂ ਨਾਲ ਹੋਇਆ ਸੀ। ਜੋੜੇ ਨੂੰ ਜਲਦੀ ਹੀ ਆਪਣਾ ਪਹਿਲਾ ਬੱਚਾ ਮਿਲਣ ਦੀ ਉਮੀਦ ਸੀ।
ਪੁਲਿਸ ਨੇ ਦੱਸਿਆ ਕਿ ਦਾਤਾਗੰਜ ਪੁਲਿਸ ਸਟੇਸ਼ਨ 'ਚ ਤਿੰਨ ਵਿਅਕਤੀਆਂ ਖ਼ਿਲਾਫ਼ ਕਤਲ ਦੀ ਐੱਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਉਨ੍ਹਾਂ 'ਚੋਂ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੋਸਟਮਾਰਟਮ ਕਰਨ ਵਾਲੇ ਡਾਕਟਰ ਨੇ ਪੁਸ਼ਟੀ ਕੀਤੀ ਕਿ ਔਰਤ ਅੱਠ ਮਹੀਨਿਆਂ ਦੀ ਗਰਭਵਤੀ ਸੀ।
ਐਸ.ਪੀ. (ਦਿਹਾਤੀ) ਸਿਧਾਰਥ ਵਰਮਾ ਨੇ ਕਿਹਾ, "ਅਮਰ ਸਿੰਘ ਅਤੇ ਸਤਿੰਦਰ ਨੂੰ ਉਨ੍ਹਾਂ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੁਲਿਸ ਉਦੈਵੀਰ ਦੇ ਬਿਆਨ ਦੀ ਪੁਸ਼ਟੀ ਕਰ ਰਹੀ ਹੈ। ਦੋਸ਼ੀਆਂ ਨੂੰ ਜੇਲ੍ਹ ਭੇਜਿਆ ਜਾਵੇਗਾ। ਫੌਰੈਂਸਿਕ ਮਾਹਿਰਾਂ ਨੇ ਮੌਕੇ ਤੋਂ ਸਬੂਤ ਇਕੱਠੇ ਕਰ ਲਏ ਹਨ ਅਤੇ ਜਾਂਚ ਜਾਰੀ ਹੈ।"