ਉਹਨਾਂ ਦੱਸਿਆ ਕਿ ਈ-ਹਾਸਪੀਟਲ ਲਈ ਸਾਰਾ ਡਾਟਾ ਬੈਕਅੱਪ ਸਰਵਰ ਤੋਂ ਪ੍ਰਾਪਤ ਕਰਕੇ ਨਵੇਂ ਸਰਵਰਾਂ 'ਤੇ ਬਹਾਲ ਕੀਤਾ ਗਿਆ।
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਲੋਕ ਸਭਾ ਨੂੰ ਦੱਸਿਆ ਕਿ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੇ ਸਰਵਰ ਦੀ ਹਾਲ ਹੀ ਵਿਚ ਹੋਈ ਹੈਕਿੰਗ ਇਕ ‘ਸਾਈਬਰ ਹਮਲਾ’ ਸੀ ਪਰ ਹੈਕਰਾਂ ਨੇ ਕੋਈ ਫਿਰੌਤੀ ਨਹੀਂ ਮੰਗੀ।
ਇਹ ਜਾਣਕਾਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ.ਭਾਰਤੀ ਪਵਾਰ ਨੇ ਸੁਸ਼ੀਲ ਕੁਮਾਰ ਸਿੰਘ, ਅਦੂਰ ਪ੍ਰਕਾਸ਼, ਪੋਨ ਗੌਤਮ ਸਿਗਾਮਣੀ, ਸਜਦਾ ਅਹਿਮਦ, ਐਂਟੋ ਐਂਟਨੀ, ਜੈ ਪ੍ਰਕਾਸ਼, ਹਨੂੰਮਾਨ ਬੈਨੀਬਲ ਅਤੇ ਰਾਕੇਸ਼ ਸਿੰਘ ਦੇ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਦਿੱਤੀ। ਉਹਨਾਂ ਨੇ ਦੱਸਿਆ ਕਿ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵੱਲੋਂ ਸਾਈਬਰ ਹਮਲੇ ਦੀ ਘਟਨਾ ਦੇ ਸਬੰਧ ਵਿਚ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਕੋਲ ਐਫਆਈਆਰ ਨੰਬਰ 349/22 ਦਰਜ ਕੀਤੀ ਗਈ ਹੈ।
ਪਵਾਰ ਨੇ ਦੱਸਿਆ ਕਿ ਏਮਜ਼ ਨਵੀਂ ਦਿੱਲੀ ਦੇ ਪੰਜ ਸਰਵਰਾਂ 'ਤੇ ਈ-ਹਸਪਤਾਲ ਐਪਲੀਕੇਸ਼ਨ ਨੂੰ ਹੋਸਟ ਕੀਤਾ ਗਿਆ ਸੀ ਅਤੇ ਇਹ ਸਾਈਬਰ ਹਮਲੇ ਨਾਲ ਪ੍ਰਭਾਵਿਤ ਹੋਏ ਸਨ।ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਨੇ ਕਿਹਾ, "ਹੈਕਰਾਂ ਨੇ ਕੋਈ ਫਿਰੌਤੀ ਦੀ ਮੰਗ ਨਹੀਂ ਕੀਤੀ, ਹਾਲਾਂਕਿ ਸਰਵਰ 'ਤੇ ਇਕ ਸੰਦੇਸ਼ ਮਿਲਿਆ ਹੈ ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਹ ਇਕ ਸਾਈਬਰ ਹਮਲਾ ਸੀ।'
ਉਹਨਾਂ ਦੱਸਿਆ ਕਿ ਈ-ਹਾਸਪੀਟਲ ਲਈ ਸਾਰਾ ਡਾਟਾ ਬੈਕਅੱਪ ਸਰਵਰ ਤੋਂ ਪ੍ਰਾਪਤ ਕਰਕੇ ਨਵੇਂ ਸਰਵਰਾਂ 'ਤੇ ਬਹਾਲ ਕੀਤਾ ਗਿਆ। ਪਵਾਰ ਨੇ ਕਿਹਾ ਕਿ ਅਜਿਹਾ ਇਸ ਲਈ ਹੋ ਸਕਿਆ ਹੈ ਕਿਉਂਕਿ ਬੈਕਅੱਪ ਸਰਵਰ ਪ੍ਰਭਾਵਿਤ ਨਹੀਂ ਸੀ। ਮੰਤਰੀ ਨੇ ਦੱਸਿਆ ਕਿ ਸਾਈਬਰ ਹਮਲੇ ਦੇ ਦੋ ਹਫ਼ਤਿਆਂ ਬਾਅਦ ਈ-ਹਸਪਤਾਲ ਐਪਲੀਕੇਸ਼ਨ ਦੇ ਜ਼ਿਆਦਾਤਰ ਕਾਰਜਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ ਜਿਸ ਵਿਚ ਮਰੀਜ਼ ਦੀ ਰਜਿਸਟ੍ਰੇਸ਼ਨ, ਸਮਾਂ-ਸਾਰਣੀ, ਦਾਖਲਾ, ਡਿਸਚਾਰਜ ਆਦਿ ਸ਼ਾਮਲ ਹਨ।