
ਪਹਿਲਾਂ ਕੀਤੀ ਕੁੱਟਮਾਰ ਤੇ ਫਿਰ ਛੱਤ ਤੋਂ ਦਿੱਤਾ ਧੱਕਾ
ਨਵੀਂ ਦਿੱਲੀ : ਦਿੱਲੀ ਦੇ ਮਾਡਲ ਬਸਤੀ ਪ੍ਰਾਇਮਰੀ ਸਕੂਲ ਦੇ ਇੱਕ ਅਧਿਆਪਕ ਨੇ ਇੱਕ ਵਿਦਿਆਰਥਣ ਨੂੰ ਸਕੂਲ ਦੀ ਪਹਿਲੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ। ਵਿਦਿਆਰਥੀ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਮਸੀਡੀ ਸਕੂਲ ਦੀਆਂ ਦੋ ਮਹਿਲਾ ਅਧਿਆਪਕਾਂ ਨੇ ਆਪਸੀ ਝਗੜੇ ਵਿੱਚ ਪਹਿਲਾਂ ਪੰਜਵੀਂ ਜਮਾਤ ਦੀ ਵਿਦਿਆਰਥਣ ਨੂੰ ਪੇਪਰ ਕਟਰ ਨਾਲ ਮਾਰਿਆ ਅਤੇ ਫਿਰ ਪਹਿਲੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ। ਘਟਨਾ 'ਚ ਲੜਕੀ ਦੇ ਸਿਰ 'ਤੇ ਸੱਟ ਲੱਗੀ ਹੈ, ਜਿਸ ਦਾ ਹਿੰਦੂ ਰਾਓ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਡੀਬੀਜੀ ਰੋਡ ਥਾਣਾ ਪੁਲਿਸ ਨੂੰ ਸੂਚਨਾ ਮਿਲੀ ਕਿ ਅਧਿਆਪਕਾ ਵੱਲੋਂ ਇੱਕ ਵਿਦਿਆਰਥਣ ਨੂੰ ਪਹਿਲੀ ਮੰਜ਼ਿਲ ਤੋਂ ਸੁੱਟ ਦਿੱਤਾ ਗਿਆ ਹੈ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੂੰ ਪਤਾ ਲੱਗਿਆ ਕਿ ਮਾਡਲ ਬਸਤੀ ਪ੍ਰਾਇਮਰੀ ਸਕੂਲ ਫਿਲਮਿਸਤਾਨ ਦੀ 5ਵੀਂ ਜਮਾਤ ਦੀ ਵਿਦਿਆਰਥਣ ਨੂੰ ਗੀਤਾ ਦੇਸ਼ਵਾਲ ਨਾਂ ਦੀ ਅਧਿਆਪਕਾ ਨੇ ਪਹਿਲੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ ਹੈ। ਇਸ ਤੋਂ ਪਹਿਲਾਂ ਅਧਿਆਪਕ ਨੇ ਉਸ ਦੀ ਕੁੱਟਮਾਰ ਵੀ ਕੀਤੀ ਸੀ।
ਪੀੜਤ ਲੜਕੀ ਨੇ ਹਸਪਤਾਲ ਵਿੱਚ ਦੱਸਿਆ ਕਿ ਅਧਿਆਪਕ ਨੇ ਪਹਿਲਾਂ ਉਸ ਨੂੰ ਕੈਂਚੀ ਨਾਲ ਮਾਰਿਆ। ਅਧਿਆਪਕ ਉਸ ਦੇ ਵਾਲ ਵੀ ਕੱਟ ਰਹੀ ਸੀ। ਪੀੜਤਾ ਨੇ ਦੱਸਿਆ ਕਿ ਉਸ ਨੇ ਕਲਾਸ ਵਿੱਚ ਕੋਈ ਸ਼ਰਾਰਤ ਨਹੀਂ ਕੀਤੀ ਸੀ, ਫਿਰ ਵੀ ਅਧਿਆਪਕ ਨੇ ਉਸ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ।
ਪੁਲਿਸ ਨੇ ਅਧਿਆਪਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ 'ਤੇ 307 ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਇਸ ਤਰ੍ਹਾਂ ਇੱਕ ਮਾਸੂਮ ਨਾਲ ਅਜਿਹਾ ਵਿਵਹਾਰ ਕਿਉਂ ਕੀਤਾ ਹੈ। ਉਧਰ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ। ਉਨ੍ਹਾਂ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।