
ਮਹੇਸ਼ ਕੁਮਾਵਤ ਪਿਛਲੇ ਦੋ ਸਾਲਾਂ ਤੋਂ ਸਾਜ਼ਸ਼ ਰਚਣ ਵਾਲੇ ਹੋਰ ਮੁਲਜ਼ਮਾਂ ਦੇ ਸੰਪਰਕ ’ਚ ਸੀ : ਦਿੱਲੀ ਪੁਲਿਸ
ਨਵੀਂ ਦਿੱਲੀ: ਦਿੱਲੀ ਦੀ ਇਕ ਅਦਾਲਤ ਨੇ ਸੰਸਦ ਦੀ ਸੁਰੱਖਿਆ ’ਚ ਉਲੰਘਣਾ ਦੇ ਮਾਮਲੇ ’ਚ ਗ੍ਰਿਫਤਾਰ ਮਹੇਸ਼ ਕੁਮਾਵਤ ਨੂੰ ਸ਼ਨਿਚਰਵਾਰ ਨੂੰ 7 ਦਿਨਾਂ ਦੀ ਪੁਲਿਸ ਹਿਰਾਸਤ ’ਚ ਭੇਜ ਦਿਤਾ। ਸਰਕਾਰੀ ਵਕੀਲ ਨੇ ਦੋਸ਼ ਲਾਇਆ ਕਿ ਕੁਮਾਵਤ ਪਿਛਲੇ ਦੋ ਸਾਲਾਂ ਤੋਂ ਸਾਜ਼ਸ਼ ’ਚ ਸ਼ਾਮਲ ਸੀ। ਸਰਕਾਰੀ ਵਕੀਲ ਨੇ ਅਦਾਲਤ ਨੂੰ ਦਸਿਆ ਕਿ ਮੁਲਜ਼ਮ ‘‘ਦੇਸ਼ ’ਚ ਅਰਾਜਕਤਾ ਪੈਦਾ ਕਰਨਾ ਚਾਹੁੰਦੇ ਸਨ ਤਾਂ ਜੋ ਉਹ ਸਰਕਾਰ ਨੂੰ ਅਪਣੀਆਂ ਗੈਰ-ਵਾਜਬ ਅਤੇ ਗੈਰ-ਕਾਨੂੰਨੀ ਮੰਗਾਂ ਪੂਰੀਆਂ ਕਰਨ ਲਈ ਮਜਬੂਰ ਕਰ ਸਕਣ।’’
ਇਸ ਤੋਂ ਬਾਅਦ ਵਿਸ਼ੇਸ਼ ਜੱਜ ਹਰਦੀਪ ਕੌਰ ਨੇ ਕੁਮਾਵਤ ਨੂੰ ਦਿੱਲੀ ਪੁਲਿਸ ਦੀ ਹਿਰਾਸਤ ’ਚ ਭੇਜ ਦਿਤਾ। ਸਰਕਾਰੀ ਵਕੀਲ ਨੇ ਕਿਹਾ, ‘‘ਉਹ (ਕੁਮਾਵਤ) ਪਿਛਲੇ ਦੋ ਸਾਲਾਂ ਤੋਂ ਸਾਜ਼ਸ਼ ਰਚਣ ਵਾਲੇ ਹੋਰ ਮੁਲਜ਼ਮਾਂ ਦੇ ਸੰਪਰਕ ’ਚ ਸੀ। ਉਸ ਨੇ ਸਬੂਤਾਂ ਨੂੰ ਨਸ਼ਟ ਕਰਨ ਅਤੇ ਵੱਡੀ ਸਾਜ਼ਸ਼ ਨੂੰ ਲੁਕਾਉਣ ਲਈ ਮੋਬਾਈਲ ਫੋਨ ਨੂੰ ਨਸ਼ਟ ਕਰਨ ’ਚ ‘ਮਾਸਟਰਮਾਈਂਡ’ ਦੋਸ਼ੀ ਲਲਿਤ ਝਾਅ ਦੀ ਮਦਦ ਕੀਤੀ।’’
ਸਰਕਾਰੀ ਵਕੀਲ ਨੇ ਅਦਾਲਤ ਨੂੰ ਦਸਿਆ ਕਿ ਪੂਰੀ ਸਾਜ਼ਸ਼ ਦਾ ਪਰਦਾਫਾਸ਼ ਕਰਨ ਲਈ ਕੁਮਾਵਤ ਤੋਂ ਪੁੱਛ-ਪੜਤਾਲ ਜ਼ਰੂਰੀ ਸੀ। ਅਦਾਲਤ ਨੇ ਇਹ ਹੁਕਮ ਦਿੱਲੀ ਪੁਲਿਸ ਵਲੋਂ ਦਾਇਰ ਅਰਜ਼ੀ ’ਤੇ ਦਿਤਾ ਜਿਸ ’ਚ ਕੁਮਾਵਤ ਦੀ 15 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਗਈ ਸੀ। ਬਚਾਅ ਪੱਖ ਦੇ ਵਕੀਲ ਨੇ ਪੁਲਿਸ ਦੀ ਪਟੀਸ਼ਨ ਦਾ ਵਿਰੋਧ ਕਰਦਿਆਂ ਦਾਅਵਾ ਕੀਤਾ ਕਿ ਕੁਮਾਵਤ ਨੂੰ ਉਸ ਦੇ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਕਰਦਿਆਂ ਬਿਨਾਂ ਕਿਸੇ ਕਾਰਨ ਗ੍ਰਿਫਤਾਰ ਕੀਤਾ ਗਿਆ ਸੀ।
ਬਹਿਸ ਦੌਰਾਨ ਸਰਕਾਰੀ ਵਕੀਲ ਨੇ ਅਦਾਲਤ ਨੂੰ ਦਸਿਆ ਕਿ ਹਮਲੇ ਦੇ ਪਿੱਛੇ ਦੇ ਅਸਲ ਮਕਸਦ ਅਤੇ ਦੁਸ਼ਮਣ ਦੇਸ਼ ਅਤੇ ਅਤਿਵਾਦੀ ਸੰਗਠਨਾਂ ਨਾਲ ਸਬੰਧਾਂ ਦਾ ਪਤਾ ਲਗਾਉਣ ਲਈ ਦੋਸ਼ੀ ਦੀ ਹਿਰਾਸਤ ਦੀ ਲੋੜ ਹੈ। ਦਿੱਲੀ ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਕੁਮਾਵਤ ਨੂੰ ਸਬੂਤਾਂ ਨੂੰ ਨਸ਼ਟ ਕਰਨ ਅਤੇ ਅਪਰਾਧਕ ਸਾਜ਼ਸ਼ ਰਚਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ’ਚ ਇਹ ਛੇਵੀਂ ਗ੍ਰਿਫਤਾਰੀ ਹੈ।
ਅਧਿਕਾਰੀ ਨੇ ਕਿਹਾ ਕਿ ਕੁਮਾਵਤ ਲਲਿਤ ਝਾ ਦੇ ਨਾਲ ਥਾਣੇ ਆਇਆ ਸੀ ਅਤੇ ਦੋਹਾਂ ਨੂੰ ਵਿਸ਼ੇਸ਼ ਸੈੱਲ ਦੇ ਹਵਾਲੇ ਕਰ ਦਿਤਾ ਗਿਆ ਸੀ। ਉਦੋਂ ਤੋਂ ਕੁਮਾਵਤ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਸੀ। ਉਨ੍ਹਾਂ ਦਸਿਆ ਕਿ ਕੁਮਾਵਤ ਮੁਲਜ਼ਮ ਵਲੋਂ ਚਲਾਏ ਜਾ ਰਹੇ ‘ਭਗਤ ਸਿੰਘ ਫੈਨ ਕਲੱਬ ਪੇਜ’ ਦਾ ਮੈਂਬਰ ਸੀ। ਇਹ ਪੇਜ ਹੁਣ ‘ਡਿਲੀਟ’ ਹੋ ਚੁਕਿਆ ਹੈ।
ਪਛਮੀ ਬੰਗਾਲ : ਭਾਜਪਾ ਨੇ ਤ੍ਰਿਣਮੂਲ ਕਾਂਗਰਸ ਦੇ ਯੂਥ ਵਿੰਗ ’ਤੇ ਲਲਿਤ ਝਾਅ ਨਾਲ ਸਬੰਧ ਹੋਣ ਦਾ ਦੋਸ਼ ਲਾਇਆ
ਕੋਲਕਾਤਾ: ਪਛਮੀ ਬੰਗਾਲ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਸ਼ੁਵੇਂਦੂ ਅਧਿਕਾਰੀ ਨੇ ਸ਼ਨਿਚਰਵਾਰ ਨੂੰ ਦੋਸ਼ ਲਾਇਆ ਕਿ ਸੰਸਦ ਸੁਰੱਖਿਆ ’ਚ ਸੰਨ੍ਹ ਮਾਮਲੇ ਦੇ ਕਥਿਤ ਸਰਗਨਾ ਲਲਿਤ ਝਾਅ ਦੇ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਦੀ ਯੂਥ ਵਿੰਗ ਨਾਲ ਸਬੰਧ ਹਨ। ਹਾਲਾਂਕਿ ਸੂਬੇ ’ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕਰ ਦਿਤਾ ਹੈ। ਬਾਗਡੋਗਰਾ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੰਦੀਗ੍ਰਾਮ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਅਧਿਕਾਰੀ ਨੇ ਕਿਹਾ, ‘‘ਲਲਿਤ ਝਾਅ ਤ੍ਰਿਣਮੂਲ ਕਾਂਗਰਸ ਦੀ ਯੂਥ ਵਿੰਗ ਦੇ ਅਹੁਦੇਦਾਰ ਹਨ।’’
ਅਧਿਕਾਰੀ ਨੇ ਦਾਅਵਾ ਕੀਤਾ ਕਿ ਝਾਅ ਦੀਆਂ ਵਿਧਾਇਕਾਂ, ਕਾਰਪੋਰੇਟਰਾਂ ਅਤੇ ਰਾਜ ਦੇ ਕਈ ਤ੍ਰਿਣਮੂਲ ਯੂਥ ਨੇਤਾਵਾਂ ਸਮੇਤ ਤ੍ਰਿਣਮੂਲ ਕਾਂਗਰਸ ਦੇ ਵੱਖ-ਵੱਖ ਨੇਤਾਵਾਂ ਨਾਲ ਤਸਵੀਰਾਂ ਸਾਹਮਣੇ ਆਈਆਂ ਹਨ। ਉਨ੍ਹਾਂ ਦੋਸ਼ ਲਾਇਆ, ‘‘ਝਾਅ ਤ੍ਰਿਣਮੂਲ ਕਾਂਗਰਸ ਦੇ ਯੂਥ ਵਿੰਗ ਦਾ ਜਾਣਿਆ-ਪਛਾਣਿਆ ਚਿਹਰਾ ਹੈ।’’
ਮੂਲ ਰੂਪ ਨਾਲ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਰਹਿਣ ਵਾਲੇ ਝਾਅ ਅਤੇ ਉਨ੍ਹਾਂ ਦਾ ਪਰਿਵਾਰ ਕਈ ਦਹਾਕਿਆਂ ਤੋਂ ਕੋਲਕਾਤਾ ’ਚ ਰਹਿ ਰਹੇ ਹਨ।
ਅਧਿਕਾਰੀ ਦੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਕੁਨਾਲ ਘੋਸ਼ ਨੇ ਕਿਹਾ ਕਿ ਝਾਅ ਕਦੇ ਵੀ ਪਛਮੀ ਬੰਗਾਲ ’ਚ ਸੱਤਾਧਾਰੀ ਪਾਰਟੀ ਨਾਲ ਜੁੜੇ ਨਹੀਂ ਸਨ। ਘੋਸ਼ ਨੇ ਕਿਹਾ, ‘‘ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਭਾਜਪਾ ਸੰਸਦ ਮੈਂਬਰ ਨੇ ਸੰਸਦ ਦੀ ਸੁਰੱਖਿਆ ਦੀ ਉਲੰਘਣਾ ਕਰਨ ਵਾਲੇ ਦੋ ਲੋਕਾਂ ਨੂੰ ਪਾਸ ਕਿਉਂ ਦਿਤੇ।’’ ਭਾਜਪਾ ਸੰਸਦ ਮੈਂਬਰ ਪ੍ਰਤਾਪ ਸਿਮਹਾ ਨੇ ਦੋ ਵਿਅਕਤੀਆਂ ਨੂੰ ਵਿਜ਼ਟਰ ਪਾਸ ਜਾਰੀ ਕੀਤੇ ਸਨ।
ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਨੇ ਕਿਹਾ ਕਿ ਭਾਜਪਾ ਅਪਣੇ ਸੰਸਦ ਮੈਂਬਰ ਤੋਂ ਧਿਆਨ ਭਟਕਾਉਣ ਲਈ ਧਿਆਨ ਭਟਕਾਉਣ ਦੀਆਂ ਰਣਨੀਤੀਆਂ ਦਾ ਸਹਾਰਾ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰੀ ਗ੍ਰਹਿ ਮੰਤਰਾਲੇ ਦੀ ਅਸਫਲਤਾ ਹੈ।
ਸਾਡਾ ਬੇਟਾ ਅਜਿਹਾ ਨਹੀਂ ਕਰ ਸਕਦਾ : ਲਲਿਤ ਝਾਅ ਦੇ ਮਾਪੇ
ਦਰਭੰਗਾ: ਸੰਸਦ ਦੀ ਸੁਰੱਖਿਆ ’ਚ ਉਲੰਘਣਾ ਦੀ ਘਟਨਾ ਦੇ ਕੁਝ ਦਿਨ ਬਾਅਦ ਵੀ ਇਸ ਪੂਰੇ ਘਟਨਾਕ੍ਰਮ ਦੇ ਕਥਿਤ ‘ਮਾਸਟਰਮਾਈਂਡ’ ਲਲਿਤ ਝਾਅ ਦੇ ਮਾਤਾ-ਪਿਤਾ ਸਦਮੇ ’ਚ ਹਨ। ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਅਲੀਨਗਰ ਬਲਾਕ ਦੇ ਰਾਮਪੁਰ ਉਦੈ ਪਿੰਡ ਦੇ ਵਸਨੀਕ ਲਲਿਤ ਝਾਅ ਦੇ ਪਿਤਾ ਦੇਵਾਨੰਦ ਝਾਅ ਅਪਣੇ ਖਸਤਾ ਹਾਲ ਜੱਦੀ ਘਰ ਦੇ ਬਾਹਰ ਲੋਕਾਂ ਦੇ ਇਕੱਠੇ ਹੋਣ ਤੋਂ ਅਸਹਿਜ ਦਿਸੇ। ਉਹ ਕੋਲਕਾਤਾ ’ਚ ਪੁਜਾਰੀ ਵਜੋਂ ਕੰਮ ਕਰ ਕੇ ਅਪਣੀ ਰੋਜ਼ੀ-ਰੋਟੀ ਕਮਾਉਂਦੇ ਹਨ।
ਦੇਵਾਨੰਦ ਜੋ ਇਨ੍ਹੀਂ ਦਿਨੀਂ ਅਪਣੇ ਜੱਦੀ ਘਰ ’ਚ ਹੈ, ਨੇ ਕਿਹਾ, ‘‘ਮੈਨੂੰ ਅਪਣੇ ਬੇਟੇ ਦੀ ਗ੍ਰਿਫਤਾਰੀ ਬਾਰੇ ਹੋਰ ਲੋਕਾਂ ਰਾਹੀਂ ਪਤਾ ਲੱਗਿਆ। ਤੁਸੀਂ ਸਾਰੇ ਵੇਖ ਸਕਦੇ ਹੋ, ਸਾਡੇ ਕੋਲ ਟੀ.ਵੀ. ਵੀ ਨਹੀਂ ਹੈ।’’ ਦੇਵਾਨੰਦ ਦੀ ਰੋਂਦੀ ਹੋਈ ਪਤਨੀ ਮੰਜੂਲਾ ਨੇ ਕਿਹਾ, ‘‘ਮੇਰਾ ਬੱਚਾ ਬਦਮਾਸ਼ ਨਹੀਂ ਹੈ। ਉਹ ਗਲਤ ਕੰਮਾਂ ’ਚ ਸ਼ਾਮਲ ਨਹੀਂ ਹੋ ਸਕਦਾ। ਉਹ ਹਮੇਸ਼ਾ ਲੋਕਾਂ ਦੀ ਮਦਦ ਕਰਦਾ ਰਹਿੰਦਾ ਹੈ। ਉਹ ਤਿੰਨ ਵਾਰ ਅਪਣਾ ਖੂਨ ਦਾਨ ਕਰ ਚੁੱਕਾ ਹੈ।’’
ਲਲਿਤ ਝਾਅ ਦੇ ਮਾਪੇ 10 ਦਸੰਬਰ ਨੂੰ ਦਰਭੰਗਾ ਜਾਣ ਵਾਲੀ ਰੇਲ ਗੱਡੀ ’ਚ ਸਵਾਰ ਹੋਏ ਸਨ ਅਤੇ ਖ਼ੁਦ ਲਲਿਤ ਝਾਅ ਕੋਲਕਾਤਾ ’ਚ ਹੀ ਰੁਕਿਆ ਸੀ। ਲਲਿਤ ਦੇ ਮਾਪਿਆਂ ਨੇ ਹੈਰਾਨੀ ਜ਼ਾਹਰ ਕੀਤੀ ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਬੇਟੇ ਬਾਰੇ ਅਫਵਾਹਾਂ ਬਾਰੇ ਦਸਿਆ ਗਿਆ। ਉਸ ਦੇ ਪਿਤਾ ਨੇ ਕਿਹਾ, ‘‘ਮੇਰਾ ਬੇਟਾ ਇਕ ਹੁਸ਼ਿਆਰ ਵਿਦਿਆਰਥੀ ਸੀ ਜਿਸ ਨੇ ਟਿਊਸ਼ਨ ਦੇ ਕੇ ਮੇਰੀ ਵਿੱਤੀ ਮਦਦ ਕਰਨੀ ਸ਼ੁਰੂ ਕਰ ਦਿਤੀ। ਅਸੀਂ ਛੱਠ ਦੌਰਾਨ ਇਕੱਠੇ ਦਰਭੰਗਾ ਆਉਣ ਵਾਲੇ ਸੀ। ਅਸੀਂ ਹਰ ਸਾਲ ਅਜਿਹਾ ਕਰਦੇ ਸੀ। ਇਸ ਵਾਰ ਭਾਰੀ ਭੀੜ ਕਾਰਨ ਸਾਨੂੰ ਟਿਕਟਾਂ ਨਹੀਂ ਮਿਲ ਸਕੀਆਂ ਇਸ ਲਈ ਸਾਨੂੰ ਅਪਣੀ ਸਾਲਾਨਾ ਯਾਤਰਾ ਮੁਲਤਵੀ ਕਰਨੀ ਪਈ।’’
ਉਨ੍ਹਾਂ ਅੱਗੇ ਕਿਹਾ, ‘‘ਲਲਿਤ ਸਾਨੂੰ ਰੇਲਵੇ ਸਟੇਸ਼ਨ ਛੱਡਣ ਆਇਆ ਅਤੇ ਬਾਅਦ ’ਚ ਇੱਥੇ ਆਉਣ ਦਾ ਵਾਅਦਾ ਕੀਤਾ। ਉਸ ਨੇ ਕਿਹਾ ਕਿ ਉਹ ਕਿਸੇ ਕੰਮ ਲਈ ਦਿੱਲੀ ਜਾ ਰਿਹਾ ਸੀ। ਉਹ ਕਦੇ ਸਿਆਸਤ ’ਚ ਨਹੀਂ ਆਇਆ। ਹਾਲਾਂਕਿ, ਉਹ ਸਮਾਜਕ ਕਾਰਜਾਂ ’ਚ ਦਿਲਚਸਪੀ ਰੱਖਦਾ ਹੈ ਅਤੇ ਇਕ ਐਨ.ਜੀ.ਓ. ਨਾਲ ਜੁੜਿਆ ਹੋਇਆ ਹੈ।’’
ਲਲਿਤ ਦੇ ਮਾਪਿਆਂ ਦੀਆਂ ਅੱਖਾਂ ਵਿਚ ਹੰਝੂ ਆ ਗਏ ਜਦੋਂ ਉਨ੍ਹਾਂ ਨੂੰ ਦਸਿਆ ਗਿਆ ਕਿ ਉਨ੍ਹਾਂ ਦੇ ਬੇਟੇ ’ਤੇ ਸਖਤ ਯੂ.ਏ.ਪੀ.ਏ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਦਾਲਤ ਤੋਂ ਜ਼ਮਾਨਤ ਮਿਲਣ ਵਿਚ ਲੰਮਾ ਸਮਾਂ ਲੱਗ ਸਕਦਾ ਹੈ। ਉਨ੍ਹਾਂ ਰੋਂਦਿਆਂ ਕਿਹਾ, ‘‘ਅਸੀਂ ਅਦਾਲਤ ਨੂੰ ਬੇਨਤੀ ਕਰਾਂਗੇ ਕਿ ਸਾਡੇ ਬੇਟੇ ’ਤੇ ਰਹਿਮ ਕੀਤਾ ਜਾਵੇ। ਜ਼ਰੂਰ ਕੁਝ ਗੜਬੜ ਹੋਈ ਹੋਵੇਗੀ। ਉਹ ਅਜਿਹੀ ਕਿਸੇ ਗਲਤ ਘਟਨਾ ਦਾ ਹਿੱਸਾ ਨਹੀਂ ਹੋ ਸਕਦਾ।’’
ਸੰਸਦ ਦੀ ਸੁਰੱਖਿਆ ਦੀ ਸਮੀਖਿਆ ਲਈ ਉੱਚ ਤਾਕਤੀ ਕਮੇਟੀ ਦਾ ਗਠਨ: ਬਿਰਲਾ
ਨਵੀਂ ਦਿੱਲੀ, 16 ਦਸੰਬਰ: ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸ਼ਨਿਚਰਵਾਰ ਨੂੰ ਸਦਨ ਦੇ ਮੈਂਬਰਾਂ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੇ ਸੰਸਦ ਕੰਪਲੈਕਸ ’ਚ ਸੁਰੱਖਿਆ ਦੇ ਵੱਖ-ਵੱਖ ਪਹਿਲੂਆਂ ਦੀ ਸਮੀਖਿਆ ਕਰਨ ਲਈ ਇਕ ਉੱਚ ਤਾਕਤੀ ਕਮੇਟੀ ਦਾ ਗਠਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਮੇਟੀ ਇਹ ਯਕੀਨੀ ਬਣਾਉਣ ਲਈ ਠੋਸ ਕਾਰਜ ਯੋਜਨਾ ਤਿਆਰ ਕਰੇਗੀ ਕਿ 13 ਦਸੰਬਰ ਵਰਗੀਆਂ ਘਟਨਾਵਾਂ ਮੁੜ ਨਾ ਵਾਪਰਨ। ਲੋਕ ਸਭਾ ਮੈਂਬਰਾਂ ਨੂੰ ਲਿਖੀ ਚਿੱਠੀ ’ਚ ਬਿਰਲਾ ਨੇ ਇਹ ਵੀ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਗਠਿਤ ਉੱਚ ਪੱਧਰੀ ਜਾਂਚ ਕਮੇਟੀ ਦੀ ਰਿਪੋਰਟ ਜਲਦੀ ਹੀ ਸਦਨ ਨਾਲ ਸਾਂਝੀ ਕੀਤੀ ਜਾਵੇਗੀ।
ਸਪੀਕਰ ਨੇ ਚਿੱਠੀ ’ਚ ਕਿਹਾ, ‘‘ਇਸ ਤੋਂ ਇਲਾਵਾ ਮੈਂ ਇਕ ਉੱਚ ਤਾਕਤੀ ਕਮੇਟੀ ਦਾ ਗਠਨ ਕੀਤਾ ਹੈ ਜੋ ਸੰਸਦ ਕੰਪਲੈਕਸ ’ਚ ਸੁਰੱਖਿਆ ਦੇ ਵੱਖ-ਵੱਖ ਪਹਿਲੂਆਂ ਦੀ ਸਮੀਖਿਆ ਕਰੇਗੀ ਅਤੇ ਇਹ ਯਕੀਨੀ ਬਣਾਉਣ ਲਈ ਠੋਸ ਕਾਰਜ ਯੋਜਨਾ ਤਿਆਰ ਕਰੇਗੀ ਕਿ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ।’’
13 ਦਸੰਬਰ ਦੀ ਦੁਪਹਿਰ ਨੂੰ ਦੋ ਵਿਅਕਤੀਆਂ ਨੇ ਵਿਜ਼ਟਰ ਗੈਲਰੀ ਤੋਂ ਲੋਕ ਸਭਾ ਚੈਂਬਰ ਦੇ ਅੰਦਰ ਛਾਲ ਮਾਰ ਦਿਤੀ ਸੀ। ਸਿਫ਼ਰ ਕਾਲ ਦੌਰਾਨ ਸਦਨ ’ਚ ਮੌਜੂਦ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਫੜ ਲਿਆ। ਸੰਸਦ ਕੰਪਲੈਕਸ ਦੇ ਬਾਹਰ ਪ੍ਰਦਰਸ਼ਨ ਕਰਨ ਲਈ ਇਕ ਨੌਜਵਾਨ ਔਰਤ ਸਮੇਤ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।