ਪਟਵਾਰੀ ਭਰਤੀ ਇਮਤਿਹਾਨ ’ਚ ਨੌਕਰੀ ਹਾਸਲ ਕਰਨ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਨ ਦਾ ਦੋਸ਼ੀ ਪਾਇਆ ਗਿਆ
ਇੰਦੌਰ : ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਵਿਸ਼ੇਸ਼ ਅਦਾਲਤ ਨੇ ਮੰਗਲਵਾਰ ਨੂੰ ਵਿਆਪਮ ਘਪਲੇ ਦੇ ਮਾਮਲੇ ’ਚ 10 ਜਣਿਆਂ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ ਨੂੰ 3,000 ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ।
ਦੋਸ਼ੀ ਵਿਅਕਤੀਆਂ ਰਾਮੇਸ਼ਵਰ, ਰਾਕੇਸ਼, ਦੇਵਿੰਦਰ, ਚੇਤਨ, ਬਲਰਾਮ, ਹਰਪਾਲ, ਗੋਪਾਲ, ਜਤਿੰਦਰ, ਦਿਨੇਸ਼ ਅਤੇ ਦਿਗਵਿਜੇ ਸਿੰਘ ਸੋਲੰਕੀ ਨੂੰ ਸਾਲ 2008 ’ਚ ਵਿਆਪਮ ਵਲੋਂ ਲਈ ਗਈ ਪਟਵਾਰੀ ਭਰਤੀ ਇਮਤਿਹਾਨ ’ਚ ਨੌਕਰੀ ਹਾਸਲ ਕਰਨ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਨ ਦਾ ਦੋਸ਼ੀ ਪਾਇਆ ਗਿਆ।
ਇਹ ਮਾਮਲਾ ਮੱਧ ਪ੍ਰਦੇਸ਼ ਪੁਲਿਸ ਵਲੋਂ 26 ਅਕਤੂਬਰ 2012 ਨੂੰ ਖਰਗੋਨ ਜ਼ਿਲ੍ਹੇ ਦੇ ਕੋਤਵਾਲੀ ਥਾਣੇ ਵਿਚ ਦਰਜ ਕੀਤੀ ਗਈ ਐਫ.ਆਈ.ਆਰ. ਤੋਂ ਸ਼ੁਰੂ ਹੋਇਆ ਸੀ। ਬਾਅਦ ’ਚ ਇਸ ਨੂੰ ਸੀ.ਬੀ.ਆਈ. ਨੂੰ ਸੌਂਪ ਦਿਤਾ ਗਿਆ, ਜਿਸ ਨੇ ਦੋ ਸਾਲ ਦੀ ਜਾਂਚ ਤੋਂ ਬਾਅਦ 28 ਮਈ 2014 ਨੂੰ ਚਾਰਜਸ਼ੀਟ ਦਾਇਰ ਕੀਤੀ ਸੀ।
ਅਦਾਲਤ ਦੇ ਹੁਕਮਾਂ ਮੁਤਾਬਕ ਮੁਲਜ਼ਮਾਂ ਨੇ ਜਾਅਲੀ ਸਰਟੀਫਿਕੇਟ ਅਤੇ ਦਸਤਾਵੇਜ਼ ਪੇਸ਼ ਕਰ ਕੇ ਇਮਤਿਹਾਨ ’ਚ ਚੋਣ ਕਰਵਾਉਣ ਲਈ ਧੋਖਾਧੜੀ ਕੀਤੀ। ਦੋਸ਼ੀ ਠਹਿਰਾਏ ਜਾਣ ਨੂੰ ਵਿਆਪਮ ਘਪਲੇ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਲਈ ਸੀ.ਬੀ.ਆਈ. ਦੀਆਂ ਕੋਸ਼ਿਸ਼ਾਂ ਵਿਚ ਇਕ ਹੋਰ ਕਦਮ ਵਜੋਂ ਵੇਖਿਆ ਜਾ ਰਿਹਾ ਹੈ।
ਵਿਆਪਮ ਦੀਆਂ ਬੇਨਿਯਮੀਆਂ, ਪਹਿਲੀ ਵਾਰ 2001 ਵਿਚ ਵੇਖੀਆਂ ਗਈਆਂ, ਨੇ ਨੌਕਰਸ਼ਾਹਾਂ, ਸਿਆਸਤਦਾਨਾਂ ਅਤੇ ਵਿਚੋਲਿਆਂ ਦੇ ਗਠਜੋੜ ਦਾ ਪਰਦਾਫਾਸ਼ ਕੀਤਾ। ਇਹ ਘਪਲਾ 2013 ਵਿਚ ਸਾਹਮਣੇ ਆਇਆ ਸੀ, ਜਿਸ ਕਾਰਨ ਭੋਪਾਲ, ਇੰਦੌਰ ਅਤੇ ਗਵਾਲੀਅਰ ਦੀਆਂ ਵਿਸ਼ੇਸ਼ ਸੀ.ਬੀ.ਆਈ. ਅਦਾਲਤਾਂ ਵਿਚ ਕਈ ਮਾਮਲਿਆਂ ਦੀ ਸੁਣਵਾਈ ਹੋਈ ਸੀ।
