
ਲੋਕ ਸਭਾ ਚੋਣਾਂ ਵਿਚ ਗਠਜੋੜ ਲਈ ਭਾਜਪਾ ਦੇ ਦਰਵਾਜ਼ੇ ਖੁਲ੍ਹੇ ਰੱਖਣ ਦੇ ਪ੍ਰਧਾਨ ਮੰਤਰੀ ਦੇ ਬਿਆਨ ਦੇ ਕੁੱਝ ਦਿਨਾਂ ਮਗਰੋਂ ਕਾਂਗਰਸ ਦੀ ਤਾਮਿਲਨਾਡੂ.......
ਚੇਨਈ : ਲੋਕ ਸਭਾ ਚੋਣਾਂ ਵਿਚ ਗਠਜੋੜ ਲਈ ਭਾਜਪਾ ਦੇ ਦਰਵਾਜ਼ੇ ਖੁਲ੍ਹੇ ਰੱਖਣ ਦੇ ਪ੍ਰਧਾਨ ਮੰਤਰੀ ਦੇ ਬਿਆਨ ਦੇ ਕੁੱਝ ਦਿਨਾਂ ਮਗਰੋਂ ਕਾਂਗਰਸ ਦੀ ਤਾਮਿਲਨਾਡੂ ਇਕਾਈ ਨੇ ਉਨ੍ਹਾਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਨ੍ਹਾਂ ਦੇ ਸੱਦੇ ਨੂੰ ਕੋਈ ਮੰਨਣ ਵਾਲਾ ਨਹੀਂ ਹੈ। ਤਾਮਿਲਨਾਡੂ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਐਸ ਤਿਰੂਨਾਵੁਕਰਾਸਰ ਨੇ ਕਿਹਾ ਕਿ ਗਠਜੋੜ ਵਿਚ ਸ਼ਾਮਲ ਹੋਣ ਦੇ ਪ੍ਰਧਾਨ ਮੰਤਰੀ ਦੇ ਸੱਦੇ ਦੇ ਉਲਟ ਰਾਜਸੀ ਦਲ ਐਨਡੀਏ ਤੋਂ ਬਾਹਰ ਜਾ ਰਹੇ ਹਨ। ਕਾਂਗਰਸ ਆਗੂ ਨੇ ਪੱਤਰਕਾਰਾਂ ਨੂੰ ਕਿਹਾ, 'ਪ੍ਰਧਾਨ ਮੰਤਰੀ ਮੋਦੀ ਨੇ ਗਠਜੋੜ ਲਈ ਅਪਣੀ ਪਾਰਟੀ ਦਾ ਦਰਵਾਜ਼ਾ ਖੁਲ੍ਹਾ ਰਖਿਆ ਹੈ ਪਰ ਇਕ ਵੀ ਰਾਜਸੀ ਦਲ ਅੰਦਰ ਆਉਣ ਲਈ ਤਿਆਰ ਨਹੀਂ,
ਚਾਹੇ ਉਹ ਤਾਮਿਲਨਾਡੂ ਹੋਵੇ ਜਾਂ ਕੋਈ ਹੋਰ ਸੂਬਾ। ਇਕ ਵੀ ਪਾਰਟੀ ਉਨ੍ਹਾਂ ਦੇ ਸੱਦੇ ਨੂੰ ਪ੍ਰਵਾਨ ਕਰਨ ਅਤੇ ਭਾਜਪਾ ਨਾਲ ਹੱਥ ਮਿਲਾਉਣ ਲਈ ਤਿਆਰ ਨਹੀਂ ਹੈ।' ਭਾਜਪਾ ਦੀ ਤਾਮਿਲਨਾਡੂ ਇਕਾਈ ਦੇ ਕਾਰਕੁਨਾਂ ਨਾਲ ਗੱਲਬਾਤ ਦੌਰਾਨ ਮੋਦੀ ਨੇ ਹਾਲ ਹੀ ਵਿਚ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਨੇ ਗਠਜੋੜ ਲਈ ਦਰਵਾਜ਼ੇ ਖੁਲ੍ਹੇ ਰੱਖੇ ਹਨ। ਪ੍ਰਧਾਨ ਮੰਤਰੀ ਨੇ ਚੋਣਾਂ ਜਿੱਤਣ ਲਈ ਲੋਕਾਂ ਨਾਲ ਸੰਪਰਕ ਦੀ ਅਹਿਮੀਅਤ 'ਤੇ ਵੀ ਜ਼ੋਰ ਦਿਤਾ ਸੀ। ਡੀਐਮਕੇ ਨੇ ਕਿਹਾ ਸੀ ਕਿ ਉਹ ਭਾਜਪਾ ਨਾਲ ਗਠਜੋੜ ਨਹੀਂ ਕਰੇਗੀ ਕਿਉਂਕਿ ਭਗਵਾਂ ਪਾਰਟੀ ਦ੍ਰਾਵਿੜ ਪਾਰਟੀ ਦਾ ਮਜ਼ਾਕ ਉਡਾਉਂਦੀ ਹੈ ਅਤੇ ਉਨ੍ਹਾਂ ਦਾ ਸੱਦਾ ਪਾਰਟੀ ਲਈ ਨਹੀਂ ਸੀ। (ਏਜੰਸੀ)