
ਕੇਂਦਰੀ ਮੰਤਰੀ ਅਤੇ ਭਾਜਪਾ ਦੇ ਯੂਪੀ ਦੇ ਚੋਣ ਇੰਚਾਰਜ ਜੇ ਪੀ ਨੱਡਾ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਨ੍ਹਾਂ ਦੀ ਪਾਰਟੀ ਰਾਜ ਦੀਆਂ 80 ਲੋਕ ਸਭਾ ਸੀਟਾਂ......
ਲਖਨਊ : ਕੇਂਦਰੀ ਮੰਤਰੀ ਅਤੇ ਭਾਜਪਾ ਦੇ ਯੂਪੀ ਦੇ ਚੋਣ ਇੰਚਾਰਜ ਜੇ ਪੀ ਨੱਡਾ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਨ੍ਹਾਂ ਦੀ ਪਾਰਟੀ ਰਾਜ ਦੀਆਂ 80 ਲੋਕ ਸਭਾ ਸੀਟਾਂ ਵਿਚੋਂ 74 'ਤੇ ਜਿੱਤ ਹਾਸਲ ਕਰੇਗੀ। ਪਾਰਟੀ ਵਿਚ ਯੂਪੀ ਦੀ ਨਵੀਂ ਜ਼ਿੰਮੇਵਾਰੀ ਮਿਲਣ ਮਗਰੋਂ ਪਹਿਲੀ ਵਾਰ ਰਾਜਧਾਨੀ ਪਹੁੰਚੇ ਨੱਡਾ ਨੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਬੈਠਕ ਕੀਤੀ। ਉੁਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਆਗਾਮੀ ਲੋਕ ਸਭਾ ਚੋਣਾਂ ਵਿਚ ਯੂਪੀ ਦੀਆਂ 73 ਨਹੀਂ ਸਗੋਂ 74 ਸੀਟਾਂ ਜਿੱਤਾਂਗੇ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ 71 ਸੀਟਾਂ ਜਿੱਤੀਆਂ ਸਨ ਜਦਕਿ ਉਸ ਦੀ ਸਹਿਯੋਗੀ ਪਾਰਟੀ ਅਪਣਾ ਦਲ-ਐਸ ਨੇ ਦੋ ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ।
ਨੱਡਾ ਨੇ ਭਾਜਪਾ ਦੇ ਦਫ਼ਤਰ ਵਿਚ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਭਾਜਪਾ ਜ਼ਬਰਦਸਤ ਜਿੱਤ ਹਾਸਲ ਕਰੇਗੀ, ਸਾਰੇ ਰੀਕਾਰਡ ਟੁੱਟ ਜਾਣਗੇ। ਇਸ ਦਾ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਰਕਾਰ ਦੁਆਰਾ ਕੀਤੇ ਗਏ ਕੰਮ ਹਨ। ਉਨ੍ਹਾਂ ਕਿਹਾ ਕਿ ਚੋਣਾਂ ਵਿਚ ਵਿਕਾਸ ਹੀ ਮੁੱਦਾ ਹੋਵੇਗਾ। ਨੱਡਾ ਨੇ ਕਿਹਾ ਕਿ ਸਮਾਜਵਾਦੀ-ਬਸਪਾ ਗਠਜੋੜ ਤੋਂ ਕੋਈ ਵੀ ਖ਼ਤਰਾ ਨਹੀਂ। ਉਨ੍ਹਾਂ ਕਿਹਾ, 'ਸਾਨੂੰ ਪਤਾ ਸੀ ਕਿ ਅਜਿਹਾ ਗਠਜੋੜ ਹੋ ਰਿਹਾ ਹੈ। ਸਾਨੂੰ ਇਸ ਦੀ ਉਮੀਦ ਸੀ। ਸਾਡੀ ਰਣਨੀਤੀ ਹੋਵੇਗੀ ਕਿ ਘੱਟੋ ਘੱਟ 50 ਫ਼ੀ ਸਦੀ ਵੋਟ ਹਿੱਸੇਦਾਰੀ ਹਾਸਲ ਕੀਤੀ ਜਾ ਸਕੇ। (ਏਜੰਸੀ)