3 ਔਰਤਾਂ ਸਮੇਤ 18 ਖਿਲਾਫ ਮਾਮਲਾ ਦਰਜ
ਰੋਹਤਕ: ਇਨ੍ਹੀਂ ਦਿਨੀਂ ਪੰਚਕੂਲਾ ਹਰਿਆਣਾ ਦੇ ਗੈਂਗਸਟਰਾਂ ਲਈ ਅਨੁਕੂਲ ਬਣ ਗਿਆ ਹੈ। ਫਤਿਹਾਬਾਦ ਅਤੇ ਕਰਨਾਲ ਤੋਂ ਬਾਅਦ ਹੁਣ ਸੂਬੇ ਦੇ ਗੈਂਗਸਟਰ ਇੱਥੋਂ ਜਾਅਲੀ ਪਾਸਪੋਰਟ ਬਣਾ ਰਹੇ ਹਨ। ਪੰਚਕੂਲਾ ਜ਼ਿਲ੍ਹਾ ਸੁਰੱਖਿਆ ਵਿੰਗ ਦੀ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ। ਹੁਣ ਤੱਕ ਦੀ ਜਾਂਚ ਵਿੱਚ 32 ਪਾਸਪੋਰਟ ਸ਼ੱਕੀ ਪਾਏ ਗਏ ਹਨ, ਜਿਨ੍ਹਾਂ ਵਿੱਚੋਂ 18 ਵਿੱਚ ਭਰੇ ਗਏ ਵੇਰਵੇ ਪੂਰੀ ਤਰ੍ਹਾਂ ਫਰਜ਼ੀ ਪਾਏ ਗਏ ਹਨ।
ਪੰਚਕੂਲਾ ਪੁਲਿਸ ਨੇ ਹਰਿਆਣਾ ਦੇ ਅਪਰਾਧ ਜਾਂਚ ਵਿਭਾਗ (ਸੀਆਈਡੀ) ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਜੁੜੀ ਖੁਫ਼ੀਆ ਸ਼ਾਖਾ ਦੀ ਸਿਫ਼ਾਰਸ਼ 'ਤੇ ਇਸ ਜਾਅਲਸਾਜ਼ੀ ਵਿੱਚ 18 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਵਿੱਚ 3 ਔਰਤਾਂ ਵੀ ਸ਼ਾਮਲ ਹਨ। ਹੁਣ ਤੱਕ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਕੋਲੋਂ ਇੱਥੋਂ ਬਣੇ ਕਈ ਨਾਮੀ ਗੈਂਗਸਟਰਾਂ ਦੇ ਪਾਸਪੋਰਟ ਵੀ ਮਿਲੇ ਹਨ।
ਇਸ ਇਨਪੁਟ ਦੇ ਬਾਅਦ, ਖੇਤਰੀ ਪਾਸਪੋਰਟ ਦਫਤਰ ਨੇ 2017 ਤੋਂ ਹਰਿਆਣਾ ਵਿੱਚ ਜਾਰੀ ਕੀਤੇ ਪਾਸਪੋਰਟਾਂ ਦੀ ਮੁੜ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਵੀ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਗੈਂਗਸਟਰ ਜਾਅਲੀ ਦਸਤਾਵੇਜ਼ਾਂ 'ਤੇ ਵਿਦੇਸ਼ ਭੱਜਣ ਲਈ ਹਰਿਆਣਾ 'ਚ ਬਣੇ ਫਰਜ਼ੀ ਪਾਸਪੋਰਟਾਂ ਦੀ ਵਰਤੋਂ ਕਰਦੇ ਹਨ। ਪੰਚਕੂਲਾ 'ਚ ਫਰਜ਼ੀ ਪਾਸਪੋਰਟ ਦਾ ਮਾਮਲਾ ਸਾਹਮਣੇ ਆਉਣ ਤੋਂ ਪਹਿਲਾਂ ਹੀ ਹਰਿਆਣਾ ਪੁਲਿਸ 250 ਫਰਜ਼ੀ ਪਾਸਪੋਰਟ ਧਾਰਕਾਂ ਅਤੇ ਉਨ੍ਹਾਂ ਦੇ ਸਹਾਇਕਾਂ ਦੀ ਪਛਾਣ ਕਰ ਚੁੱਕੀ ਹੈ। ਪੁਲਿਸ ਨੇ ਫ਼ਤਿਹਾਬਾਦ, ਕਰਨਾਲ ਅਤੇ ਕੁਝ ਹੋਰ ਜ਼ਿਲ੍ਹਿਆਂ ਤੋਂ ਹੁਣ ਤੱਕ 150 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਾਕੀ ਮਾਮਲਿਆਂ ਦੀ ਪੁਲਿਸ ਵੱਲੋਂ ਜਾਂਚ ਜਾਰੀ ਹੈ।
ਸੀਆਈਡੀ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਅਲੋਕ ਮਿੱਤਲ ਨੇ ਦੱਸਿਆ ਕਿ ਫਤਿਹਾਬਾਦ ਦੇ ਪਾਸਪੋਰਟ ਪੰਜਾਬ ਦੇ ਕੁਝ ਗੈਂਗਸਟਰਾਂ ਦੇ ਮਿਲੇ ਹਨ ਜੋ ਦੇਸ਼ ਛੱਡ ਕੇ ਭੱਜ ਗਏ ਸਨ। ਫਿਲਹਾਲ ਪੰਚਕੂਲਾ ਮਾਮਲੇ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ, ਜੋ ਮਾਮਲੇ ਦੀ ਜਾਂਚ ਕਰ ਰਹੀ ਹੈ।