
130 ਕਰੋੜ ਤੋਂ ਵੱਧ ਭਾਰਤੀਆਂ ਦੀਆਂ ਉਮੀਦਾਂ ਸਾਨੂੰ ਤੇਜ਼ੀ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਹਨ- ਪੀਐਮ ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਨੈਸਕੌਮ ਟੈਕਨਾਲੋਜੀ ਅਤੇ ਲੀਡਰਸ਼ਿਪ ਫੋਰਮ ਵਿਚ ਹਿੱਸਾ ਲਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਅਜਿਹਾ ਸਮਾਂ ਹੈ ਜਦੋਂ ਦੁਨੀਆਂ ਭਾਰਤ ਨੂੰ ਪਹਿਲਾਂ ਨਾਲੋਂ ਜ਼ਿਆਦਾ ਉਮੀਦ ਅਤੇ ਯਕੀਨ ਨਾਲ ਦੇਖ ਰਹੀ ਹੈ। ਕੋਰੋਨਾ ਦੌਰਾਨ ਸਾਡੇ ਗਿਆਨ-ਵਿਗਿਆਨ ਅਤੇ ਸਾਡੀ ਟੈਕਨਾਲੋਜੀ ਨੇ ਖੁਦ ਨੂੰ ਸਾਬਿਤ ਕੀਤਾ ਹੈ। ਅੱਜ ਅਸੀਂ ਦੁਨੀਆਂ ਦੇ ਅਨੇਕਾਂ ਦੇਸ਼ਾਂ ਨੂੰ ਮੇਡ ਇਨ ਇੰਡੀਆ ਵੈਕਸੀਨ ਦੇ ਰਹੇ ਹਾਂ।
PM Modi
ਉਹਨਾਂ ਕਿਹਾ ਭਾਰਤ ਦੇ ਆਈਟੀ ਸੈਕਟਰ ਨੇ ਅਪਣੇ ਪੈਰ ਦੁਨੀਆਂ ਵਿਚ ਕਈ ਸਾਲ ਪਹਿਲਾਂ ਹੀ ਜਮਾ ਦਿੱਤੇ ਸੀ। ਸਾਡੀ ਸਰਕਾਰ ਜਾਣਦੀ ਹੈ ਕਿ ਬੰਧਨਾਂ ਵਿਚ ਭਵਿੱਖ ਦੀ ਲੀਡਰਸ਼ਿਪ ਵਿਕਸਿਤ ਨਹੀਂ ਹੋ ਸਕਦੀ। ਇਸ ਲਈ ਸਰਕਾਰ ਵੱਲੋਂ ਆਈਟੀ ਸੈਕਟਰ ਨੂੰ ਬੇਲੋੜੇ ਬੰਧਨਾਂ ਵਿਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
PM Modi at NASSCOM Technology & Leadership Forum
ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਲੱਖਾਂ ਨਵੇਂ ਰੁਜ਼ਗਾਰ ਦੇ ਕੇ ਆਈਟੀ ਸੈਕਟਰ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਭਾਰਤ ਵਿਕਾਸ ਦਾ ਮਜਬੂਤ ਥੰਮ ਕਿਉਂ ਹੈ। ਉਹਨਾਂ ਨੇ ਅੱਗੇ ਕਿਹਾ ਨਵਾਂ ਭਾਰਤ, ਹਰ ਭਾਰਤੀ, ਤਰੱਕੀ ਲਈ ਬੇਚੈਨ ਹੈ। ਸਾਡੀ ਸਰਕਾਰ ਨਵੇਂ ਭਾਰਤ ਦੇ ਨੌਜਵਾਨਾਂ ਦੀ ਇਸ ਭਾਵਨਾ ਨੂੰ ਸਮਝਦੀ ਹੈ। 130 ਕਰੋੜ ਤੋਂ ਵੱਧ ਭਾਰਤੀਆਂ ਦੀਆਂ ਉਮੀਦਾਂ ਸਾਨੂੰ ਤੇਜ਼ੀ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਹਨ।
PM Modi
ਫੋਰਮ ਵਿਚ ਡਿਜੀਟਲ ਇੰਡੀਆ ਬਾਰੇ ਗੱਲ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਅੱਜ 90 ਫੀਸਦੀ ਤੋਂ ਜ਼ਿਆਦਾ ਲੋਕ ਅਪਣੇ ਘਰਾਂ ਤੋਂ ਕੰਮ ਕਰ ਰਹੇ ਹਨ। ਕੁਝ ਲੋਕ ਅਪਣੇ ਪਿੰਡਾਂ ਵਿਚੋਂ ਕੰਮ ਕਰ ਰਹੇ ਹਨ। ਇਹ ਅਪਣੇ ਆਪ ਵਿਚ ਵੱਡੀ ਤਾਕਤ ਬਣਨ ਵਾਲਾ ਹੈ। 2 ਦਿਨ ਪਹਿਲਾਂ ਹੀ ਇਕ ਨੀਤੀ ਵਿਚ ਸੁਧਾਰ ਕੀਤਾ ਗਿਆ ਹੈ। ਮੈਪ ਅਤੇ ਜੀਓ ਸਪੈਸ਼ਲ ਡਾਟਾ ਨੂੰ ਕੰਟਰੋਲ ਤੋਂ ਮੁਕਤ ਕਰਕੇ ਇਸ ਨੂੰ ਉਦਯੋਗ ਲਈ ਖੋਲ੍ਹਿਆ ਗਿਆ ਹੈ।
PM Modi
ਉਹਨਾਂ ਕਿਹਾ ਜਿੰਨਾ ਜ਼ਿਆਦਾ ਡਿਜੀਟਲ ਲੈਣ-ਦੇਣ ਹੁੰਦਾ ਹੈ, ਓਨੇ ਜ਼ਿਆਦਾ ਕਾਲੇ ਧੰਨ ਦੇ ਸਰੋਤ ਘੱਟ ਹੋ ਰਹੇ ਹਨ। ਪਾਰਦਰਸ਼ਤਾ ਚੰਗੇ ਸ਼ਾਸਨ ਦੀ ਸਭ ਤੋਂ ਜ਼ਰੂਰੀ ਸ਼ਰਤ ਹੁੰਦੀ ਹੈ। ਇਹੀ ਬਦਲਾਅ ਹੁਣ ਦੇਸ਼ ਦੀ ਸ਼ਾਸਨ ਵਿਵਸਥਾ ‘ਤੇ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਸਰਵੇ ਵਿਚ ਭਾਰਤ ਸਰਕਾਰ ‘ਤੇ ਜਨਤਾ ਦਾ ਭਰੋਸਾ ਮਜ਼ਬੂਤ ਤੋਂ ਮਜ਼ਬੂਤ ਹੁੰਦਾ ਜਾ ਰਿਹਾ ਹੈ।