
ਭਾਜਪਾ ’ਚ ਸ਼ਾਮਲ ਹੋਣ ਦੇ ਕਿਆਸਿਆਂ ਵਿਚਕਾਰ ਕਮਲ ਨਾਥ ਦਿੱਲੀ ਪੁੱਜੇ
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਸਨਿਚਰਵਾਰ ਦੁਪਹਿਰ ਨੂੰ ਦਿੱਲੀ ਪਹੁੰਚੇ। ਉਹ ਪਿਛਲੇ ਕੁੱਝ ਦਿਨਾਂ ਤੋਂ ਮੱਧ ਪ੍ਰਦੇਸ਼ ਦੇ ਛਿੰਦਵਾੜਾ ਦੇ ਦੌਰੇ ’ਤੇ ਸਨ, ਜਿੱਥੋਂ ਉਹ ਨੌਂ ਵਾਰ ਸੰਸਦ ਮੈਂਬਰ ਰਹਿ ਚੁਕੇ ਹਨ। ਉਨ੍ਹਾਂ ਦੇ ਬੇਟੇ ਨਕੁਲ ਨਾਥ 2019 ਦੀਆਂ ਚੋਣਾਂ ’ਚ ਇਸ ਸੀਟ ਤੋਂ ਲੋਕ ਸਭਾ ਲਈ ਚੁਣੇ ਗਏ ਸਨ।
ਉਧਰ ਉਨ੍ਹਾਂ ਦੇ ਪੁੱਤਰ ਅਤੇ ਸੰਸਦ ਮੈਂਬਰ ਨਕੁਲ ਨਾਥ ਨੇ ਸੋਸ਼ਲ ਮੀਡੀਆ ’ਤੇ ਅਪਣੀ ਜਾਣ-ਪਛਾਣ ਤੋਂ ਕਾਂਗਰਸ ਹਟਾ ਦਿਤਾ ਹੈ। ਨਕੁਲ ਨਾਥ ਦੇ ਇਸ ਕਦਮ ਨੇ ਪਿਛਲੇ ਕੁੱਝ ਦਿਨਾਂ ਤੋਂ ਚੱਲ ਰਹੇ ਕਿਆਸਿਆਂ ਨੂੰ ਹੋਰ ਹੁਲਾਰਾ ਦਿਤਾ ਹੈ ਕਿ ਉਹ ਅਪਣੇ ਪਿਤਾ ਨਾਲ ਭਾਜਪਾ ’ਚ ਸ਼ਾਮਲ ਹੋ ਸਕਦੇ ਹਨ। ‘ਐਕਸ’ ’ਤੇ ਨਕੁਲ ਨਾਥ ਦੀ ਜਾਣ-ਪਛਾਣ ਹੁਣ ਸਿਰਫ ਇਹ ਕਹਿੰਦੀ ਹੈ ਕਿ ਉਹ ਛਿੰਦਵਾੜਾ (ਮੱਧ ਪ੍ਰਦੇਸ਼) ਤੋਂ ਸੰਸਦ ਮੈਂਬਰ ਹਨ। ਇਸ ਤੋਂ ਇਲਾਵਾ ਕਮਲਨਾਥ ਦੇ ਖ਼ਾਸ ਹਮਾਇਤੀ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਕੈਬਨਿਟ ਮੰਤਰੀ ਸੱਜਣ ਸਿੰਘ ਵਰਮਾ ਨੇ ਵੀ ਅਜਿਹਾ ਹੀ ਕੀਤਾ।
ਹਾਲਾਂਕਿ ਕਮਲਨਾਥ ਦੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਸ਼ਾਮਲ ਹੋਣ ਦੇ ਕਿਆਸਿਆਂ ਬਾਰੇ ਪੁੱਛੇ ਜਾਣ ’ਤੇ ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਜਬਲਪੁਰ ’ਚ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਕਮਲਨਾਥ ਨਾਲ ਬੀਤੀ ਰਾਤ 10:30 ਵਜੇ ਗੱਲ ਕੀਤੀ, ਉਹ ਛਿੰਦਵਾੜਾ ’ਚ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਇਕ ਅਜਿਹਾ ਵਿਅਕਤੀ ਜਿਸ ਨੇ ਅਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕਾਂਗਰਸ ਨਾਲ ਕੀਤੀ ਸੀ ਅਤੇ ਜਦੋਂ ਇੰਦਰਾ ਗਾਂਧੀ ਨੂੰ ਜਨਤਾ ਪਾਰਟੀ ਨੇ ਜੇਲ੍ਹ ਭੇਜਿਆ ਸੀ, ਤਾਂ ਉਹ ਨਹਿਰੂ-ਗਾਂਧੀ ਪਰਵਾਰ ਦੇ ਨਾਲ ਖੜਾ ਸੀ, ਕੀ ਤੁਹਾਨੂੰ ਲਗਦਾ ਹੈ ਕਿ ਅਜਿਹਾ ਵਿਅਕਤੀ ਕਦੇ ਕਾਂਗਰਸ ਅਤੇ ਗਾਂਧੀ ਪਰਵਾਰ ਨੂੰ ਛੱਡ ਦੇਵੇਗਾ?’’
ਕਿਹਾ ਜਾਂਦਾ ਹੈ ਕਿ ਕਮਲਨਾਥ ਰਾਜ ਸਭਾ ਦੀ ਸੀਟ ਨਾ ਮਿਲਣ ਤੋਂ ਨਾਰਾਜ਼ ਹਨ ਅਤੇ ਰਾਹੁਲ ਗਾਂਧੀ ਵੀ ਪਿਛਲੇ ਸਾਲ ਦੇ ਅਖੀਰ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀ ਹਾਰ ਤੋਂ ਬਾਅਦ ਉਨ੍ਹਾਂ ਵਿਰੁਧ ਹੋ ਗਏ ਹਨ। ਵਿਧਾਨ ਸਭਾ ਚੋਣਾਂ ’ਚ ਹਾਰ ਤੋਂ ਬਾਅਦ ਕਮਲਨਾਥ ਨੂੰ ਪਾਰਟੀ ਦੀ ਮੱਧ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿਤਾ ਗਿਆ ਸੀ ਅਤੇ ਉਨ੍ਹਾਂ ਦੀ ਥਾਂ ਜੀਤੂ ਪਟਵਾਰੀ ਨੂੰ ਜ਼ਿੰਮੇਵਾਰੀ ਦਿਤੀ ਗਈ ਸੀ। ਮੱਧ ਪ੍ਰਦੇਸ਼ ’ਚ ਭਾਜਪਾ ਨੇ 230 ਮੈਂਬਰੀ ਵਿਧਾਨ ਸਭਾ ’ਚ 163 ਸੀਟਾਂ ਜਿੱਤ ਕੇ ਸੱਤਾ ਬਰਕਰਾਰ ਰੱਖੀ ਹੈ। ਕਾਂਗਰਸ ਸਿਰਫ 66 ਸੀਟਾਂ ਜਿੱਤਣ ’ਚ ਸਫਲ ਰਹੀ।
ਭਾਜਪਾ ’ਚ ਜਾਣ ਦੀਆਂ ਖ਼ਬਰਾਂ ’ਤੇ ਮੀਡੀਆ ਨੂੰ ਬੋਲੇ ਕਮਲਨਾਥ : ‘ਜੇ ਅਜਿਹੀ ਕੋਈ ਚੀਜ਼ ਹੈ ਤਾਂ ਪਹਿਲਾਂ ਤੁਹਾਨੂੰ ਸੂਚਿਤ ਕਰਾਂਗਾ’
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਦਰਮਿਆਨ ਸਨਿਚਰਵਾਰ ਦੁਪਹਿਰ ਕੌਮੀ ਰਾਜਧਾਨੀ ਪਹੁੰਚੇ ਅਤੇ ਕਿਹਾ ਕਿ ਜੇਕਰ ਅਜਿਹਾ ਕੁੱਝ ਹੁੰਦਾ ਹੈ ਤਾਂ ਉਹ ਪਹਿਲਾਂ ਮੀਡੀਆ ਨੂੰ ਸੂਚਿਤ ਕਰਨਗੇ।
ਗੱਲਬਾਤ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਨੂੰ ਉਤਸ਼ਾਹਿਤ ਨਾ ਹੋਣ ਲਈ ਕਿਹਾ। ਇਹ ਪੁੱਛੇ ਜਾਣ ’ਤੇ ਕਿ ਕੀ ਉਹ ਭਾਜਪਾ ’ਚ ਸ਼ਾਮਲ ਹੋ ਰਹੇ ਹਨ, ਕਮਲਨਾਥ ਨੇ ਕਿਹਾ, ‘‘ਜੇਕਰ ਅਜਿਹਾ ਕੁੱਝ ਹੁੰਦਾ ਹੈ ਤਾਂ ਮੈਂ ਪਹਿਲਾਂ ਤੁਹਾਨੂੰ ਸੂਚਿਤ ਕਰਾਂਗਾ।’’ ਜਦੋਂ ਇਕ ਪੱਤਰਕਾਰ ਨੇ ਪੁਛਿਆ ਕਿ ਕੀ ਉਹ ਸੰਭਾਵਤ ਬਦਲਾਅ ਤੋਂ ਇਨਕਾਰ ਨਹੀਂ ਕਰ ਰਹੇ ਹਨ, ਤਾਂ ਨਾਥ ਨੇ ਕਿਹਾ, ‘‘ਇਨਕਾਰ ਕਰਨ ਦੀ ਗੱਲ ਨਹੀਂ ਹੈ, ਇਹ ਤੁਸੀਂ ਕਹਿ ਰਹੇ ਹੋ, ਤੁਸੀਂ ਲੋਕ ਉਤਸ਼ਾਹਿਤ ਹੋ ਰਹੇ ਹੋ। ਮੈਂ ਉਤਸ਼ਾਹਿਤ ਨਹੀਂ ਹੋ ਰਿਹਾ ਹਾਂ, ਇਸ ਪਾਸੇ ਜਾਂ ਉਸ ਪਾਸੇ, ਪਰ ਜੇ ਅਜਿਹੀ ਕੋਈ ਚੀਜ਼ ਹੁੰਦੀ ਹੈ, ਤਾਂ ਮੈਂ ਪਹਿਲਾਂ ਤੁਹਾਨੂੰ ਸੂਚਿਤ ਕਰਾਂਗਾ।’’
ਪਿਛਲੇ ਕੁੱਝ ਦਿਨਾਂ ਤੋਂ ਕਮਲਨਾਥ ਅਪਣੇ ਗੜ੍ਹ ਛਿੰਦਵਾੜਾ ਦੇ ਦੌਰੇ ’ਤੇ ਸਨ, ਜਿੱਥੋਂ ਉਹ 9 ਵਾਰ ਸੰਸਦ ਮੈਂਬਰ ਰਹੇ ਹਨ। ਉਨ੍ਹਾਂ ਦੇ ਬੇਟੇ ਨਕੁਲ ਨਾਥ ਨੇ 2019 ਦੀਆਂ ਚੋਣਾਂ ’ਚ ਇਹ ਸੀਟ ਜਿੱਤੀ ਸੀ, ਜਦਕਿ ਭਾਜਪਾ ਨੇ ਸੂਬੇ ਦੀਆਂ ਬਾਕੀ 28 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ।