
ਉੱਤਰ-ਪੂਰਬੀ ਹਿੱਸੇ ਵਿਚ ਬਣ ਰਹੇ ਚੱਕਰਵਾਤ ਕਾਰਨ ਬਦਲੇਗਾ ਮੌਸਮ
Weather News: ਪੰਜਾਬ, ਹਰਿਆਣਾ ਤੇ ਦਿੱਲੀ ਐਨ.ਸੀ.ਆਰ. ਦਾ ਮੌਸਮ ਲਗਾਤਾਰ ਬਦਲ ਰਿਹਾ ਹੈ। ਫ਼ਰਵਰੀ ਅੱਧਾ ਬੀਤ ਚੁੱਕਾ ਹੈ ਅਤੇ ਪੂਰੇ ਉੱਤਰ ਭਾਰਤ ਵਿਚ ਮੌਸਮ ਗਰਮ ਹੁੰਦਾ ਜਾ ਰਿਹਾ ਹੈ। ਦੇਸ਼ ਭਰ ਦੀ ਮੌਸਮ ਪ੍ਰਣਾਲੀ ਨੂੰ ਦੇਖਿਆ ਜਾਵੇ ਤਾਂ ਹਰ ਪਾਸੇ ਪਾਰਾ ਲਗਾਤਾਰ ਚੜ੍ਹ ਰਿਹਾ ਹੈ। ਉੱਤਰ ਭਾਰਤ ਦੇ ਕਈ ਖੇਤਰਾਂ ਵਿਚ ਔਸਤ ਤਾਪਮਾਨ ਆਮ ਨਾਲੋਂ 1 ਤੋਂ 3 ਡਿਗਰੀ ਸੈਲਸੀਅਸ ਵੱਧ ਰਹਿੰਦਾ ਹੈ।
ਮੌਸਮ ਵਿਭਾਗ ਨੇ ਅੱਜ ਅਗਾਊ ਅੰਦਾਜ਼ਾ ਜਾਰੀ ਕਰਦਿਆਂ ਕਿਹਾ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ-ਐਨਸੀਆਰ ਵਿਚ ਬੱਦਲਵਾਈ ਰਹਿ ਸਕਦੀ ਹੈ। ਪੰਜਾਬ-ਹਰਿਆਣਾ ਸਮੇਤ ਦੇਸ਼ ਦੇ ਹੋਰ ਹਿਸਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਦਿੱਲੀ ਐਨ.ਸੀ.ਆਰ. ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ। ਪਹਾੜਾਂ ਤੋਂ ਆ ਰਹੀਆਂ ਠੰਡੀਆਂ ਹਵਾਵਾਂ ਦੀ ਰਫ਼ਤਾਰ ਵੀ ਮੱਧਮ ਹੋ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਰਾਤ ਨੂੰ ਵੀ ਤਾਪਮਾਨ ਵਧ ਰਿਹਾ ਹੈ। ਆਉਣ ਵਾਲੇ ਦਿਨਾਂ ’ਚ ਤਾਪਮਾਨ ਵਧਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਅੱਜ ਦਿੱਲੀ, ਨੋਇਡਾ ਅਤੇ ਗੁਰੂਗ੍ਰਾਮ ਵਿਚ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 19 ਅਤੇ 20 ਫ਼ਰਵਰੀ ਨੂੰ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਬਾਰਸ਼ ਹੋਣ ਦੀ
ਸੰਭਾਵਨਾ ਹੈ, ਜਦਕਿ 17 ਤੋਂ 19 ਫ਼ਰਵਰੀ ਨੂੰ ਉੱਤਰਾਖੰਡ ਅਤੇ 17 ਤੋਂ 21 ਫ਼ਰਵਰੀ ਤਕ ਰਾਜਸਥਾਨ ਦੇ ਕਈ ਇਲਾਕਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਭਵਿੱਖਬਾਣੀ ਜਾਰੀ ਕਰਦਿਆਂ ਕਿਹਾ ਕਿ ਅੱਜ ਉੱਤਰਾਖੰਡ ਦੇ ਕਈ ਇਲਾਕਿਆਂ ਵਿਚ ਮੀਂਹ ਦੇ ਨਾਲ-ਨਾਲ ਭਾਰੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ’ਚ ਕੁਝ ਥਾਵਾਂ ਉਤੇ ਬਾਰਸ਼ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਉੱਤਰ-ਪੂਰਬੀ ਹਿੱਸੇ ਵਿਚ ਚੱਕਰਵਾਤ ਬਣ ਰਿਹਾ ਹੈ। ਇਸ ਕਾਰਨ ਬਾਰਸ਼ ਹੋਣ ਦੀ ਸੰਭਾਵਨਾ ਹੈ। ਅਰੁਣਾਚਲ ਪ੍ਰਦੇਸ਼ ਵਿਚ 15 ਤੋਂ 21 ਫ਼ਰਵਰੀ ਤਕ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। 16 ਤੇ 19 ਫ਼ਰਵਰੀ ਨੂੰ ਅਸਾਮ ਅਤੇ ਮੇਘਾਲਿਆ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਅਸਾਮ, ਮੇਘਾਲਿਆ, ਮਨੀਪੁਰ, ਨਾਗਾਲੈਂਡ, ਮਿਜ਼ੋਰਮ, ਤ੍ਰਿਪੁਰਾ, ਸਿੱਕਮ ਅਤੇ ਦਾਰਜਲਿੰਗ ਵਿਚ ਅਗਲੇ ਸੱਤ ਦਿਨਾਂ ਤਕ ਮੀਂਹ ਪੈਣ ਦੀ ਸੰਭਾਵਨਾ ਹੈ।