
ਮਹਿਲਾ ਦਾ ਇਲਜ਼ਾਮ ਹੈ ਕਿ ਕਾਮੇਡੀਅਨ ਨੇ ਉਸ ਨੂੰ ਅਤੇ ਉਸ ਦੀ ਸਹੇਲੀ ਨੂੰ ਫਿਲਮ ਵਿਚ ਕੰਮ ਦਿਵਾਉਣ ਦੇ ਬਹਾਨੇ ਹੋਟਲ ਵਿਚ ਬੁਲਾਇਆ ਸੀ
ਜੈਪੁਰ: ਮਸ਼ਹੂਰ ਕਾਮੇਡੀਅਨ ਅਤੇ ਆਮ ਆਦਮੀ ਪਾਰਟੀ ਦੇ ਆਗੂ ਖ਼ਿਆਲੀ ਖ਼ਿਲਾਫ਼ ਇਕ ਮਹਿਲਾ ਨੇ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਹੈ। ਮਹਿਲਾ ਦਾ ਇਲਜ਼ਾਮ ਹੈ ਕਿ ਕਾਮੇਡੀਅਨ ਨੇ ਉਸ ਨੂੰ ਅਤੇ ਉਸ ਦੀ ਸਹੇਲੀ ਨੂੰ ਫਿਲਮ ਵਿਚ ਕੰਮ ਦਿਵਾਉਣ ਦੇ ਬਹਾਨੇ ਹੋਟਲ ਵਿਚ ਬੁਲਾਇਆ ਸੀ। ਉੱਥੇ ਉਸ ਨੇ ਪਹਿਲਾਂ ਉਹਨਾਂ ਨਾਲ ਛੇੜਛਾੜ ਕੀਤੀ ਅਤੇ ਫਿਰ ਸਹੇਲੀ ਦੇ ਕਮਰੇ ਵਿਚੋਂ ਬਾਹਰ ਜਾਣ ਮਗਰੋਂ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਉਹ ਆਪਣੇ ਸਾਥੀਆਂ ਨਾਲ ਹੋਟਲ ਤੋਂ ਭੱਜ ਗਿਆ।
ਮਾਨਸਰੋਵਰ ਥਾਣੇ ਵਿਚ ਹੁਮਾਨਗੜ੍ਹ ਦੀ ਰਹਿਣ ਵਾਲੀ 28 ਸਾਲਾ ਪੀੜਤਾ ਨੇ ਮਾਮਲਾ ਦਰਜ ਕਰਵਾਇਆ ਹੈ। ਇਹ ਘਟਨਾ 11 ਮਾਰਚ ਦੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਔਰਤ ਨੇ ਦੱਸਿਆ ਕਿ ਉਸ ਦੇ ਪਤੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਨੌਕਰੀ ਦੇ ਸਿਲਸਿਲੇ 'ਚ 9 ਮਾਰਚ ਨੂੰ ਉਹ ਜੈਪੁਰ ਦੇ ਸ਼ਾਸਤਰੀ ਨਗਰ 'ਚ ਰਹਿਣ ਵਾਲੇ ਇਕ ਦੋਸਤ ਦੇ ਘਰ ਆਈ ਸੀ ਅਤੇ ਦੋਸਤ ਦੇ ਘਰ ਰਹਿ ਕੇ ਮਾਰਕੀਟਿੰਗ ਦੀ ਨੌਕਰੀ ਲੱਭਣ ਲੱਗੀ।
11 ਮਾਰਚ ਨੂੰ ਸਹੇਲੀ ਨੇ ਦੱਸਿਆ ਕਿ ਖਿਆਲੀ ਦਾ ਸ਼ੋਅ 12 ਮਾਰਚ ਨੂੰ ਹੈ। ਉਹ ਸ਼ੋਅ 'ਚ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਨਗੇ। ਉਸ ਨੇ ਦੱਸਿਆ ਕਿ ਉਹਨਾਂ ਨੇ ਉਸ ਨੂੰ ਮਿਲਣ ਲਈ ਬੁਲਾਇਆ ਹੈ। ਇਸ ਤੋਂ ਬਾਅਦ ਇਹ ਘਟਨਾ ਵਾਪਰੀ। ਹਾਲਾਂਕਿ ਖਿਆਲੀ ਦਾ ਕਹਿਣਾ ਹੈ ਕਿ ਉਸ ਨੇ ਕੁਝ ਗਲਤ ਨਹੀਂ ਕੀਤਾ। ਇਹ ਬਲੈਕਮੇਲਿੰਗ ਗਿਰੋਹ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ।